ਬਿਉਰੋ ਰਿਪੋਰਟ: ਜਲੰਧਰ ਤੋਂ ਲੋਕ ਸਭਾ ਮੈਂਬਰ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਲੋਕ ਸਭਾ ਵਿੱਚ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉੱਧਰ ਬੀਜੇਪੀ ਵੀ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਚੰਨੀ ‘ਤੇ ਹਮਲੇ ਕਰ ਰਹੀ ਹੈ।
ਅੰਮ੍ਰਿਤਪਾਲ ਸਿੰਘ ’ਤੇ ਨੈਸ਼ਨਲ ਸਕਿਓਰਿਟੀ ਐਕਟ (NSA ਨੂੰ ਗ਼ਲਤ ਤਰੀਕੇ ਨਾਲ ਲਗਾਉਣ ਦੇ ਮੁੱਦੇ ’ਤੇ ਕਾਂਗਰਸ ਨੇ ਵੀ ਖੁਦ ਚੰਨੀ ਤੋਂ ਦੂਰੀ ਬਣਾ ਲਈ ਹੈ। ਜਿਸ ਤੋਂ ਬਾਅਦ ਖ਼ੁਦ ਸੰਸਦ ਮੈਂਬਰ ਚੰਨੀ ਨੇ ਹੁਣ ਆਪਣੇ ਇਸ ਬਿਆਨ ’ਤੇ ਚੁੱਪੀ ਧਾਰ ਲਈ ਹੈ।
ਸੰਸਦ ਵਿੱਚ ਚੰਨੀ ਨੇ ਬਿਨਾਂ ਨਾਂ ਲਏ ਚੁੱਕਿਆ ਅੰਮ੍ਰਿਤਪਾਲ ਸਿੰਘ ਦਾ ਮੁੱਦਾ
ਬੀਤੇ ਦਿਨ ਵੀਰਵਾਰ ਨੂੰ ਲੋਕ ਸਭਾ ਵਿੱਚ ਬਜਟ ’ਤੇ ਚਰਚਾ ਦੌਰਾਨ ਚੰਨੀ ਨੇ ਕਿਹਾ ਕਿ ਭਾਜਪਾ ਐਮਰਜੈਂਸੀ ਦਾ ਇਲਜ਼ਾਮ ਲਾਉਂਦੀ ਹੈ ਪਰ ਦੇਸ਼ ’ਚ ਅਜੇ ਵੀ ਅਣਐਲਾਨੀ ਐਮਰਜੈਂਸੀ ਲਾਗੂ ਹੈ। ਇਹ ਅਜਿਹੀ ਐਮਰਜੈਂਸੀ ਹੈ ਕਿ ਪੰਜਾਬ ਦੇ 20 ਲੱਖ ਲੋਕਾਂ ਵੱਲੋਂ ਸੰਸਦ ਮੈਂਬਰ ਚੁਣੇ ਗਏ ਅੰਮ੍ਰਿਤਪਾਲ ਸਿੰਘ ਨੂੰ ਐਨਐਸਏ ਲਗਾ ਕੇ ਅੰਦਰ ਰੱਖਿਆ ਗਿਆ ਹੈ। ਉਹ ਇੱਥੇ ਆਪਣੇ ਇਲਾਕੇ ਦੇ ਲੋਕਾਂ ਦੇ ਵਿਚਾਰ ਪ੍ਰਗਟ ਕਰਨ ਦੇ ਸਮਰੱਥ ਨਹੀਂ ਹੈ, ਇਹ ਐਮਰਜੈਂਸੀ ਹੈ। ਇੱਕ ਚੁਣੇ ਹੋਏ ਸੰਸਦ ਮੈਂਬਰ ’ਤੇ NSA ਦੇ ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਹ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਨਹੀਂ ਹੈ।
ਕਾਂਗਰਸ ਨੇ ਚੰਨੀ ਦੇ ਬਿਆਨ ਤੋਂ ਬਣਾਈ ਦੂਰੀ
ਚੰਨੀ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਵਕਾਲਤ ਕਰਨ ਦੇ ਬਿਆਨ ਨੂੰ ਲੈ ਕੇ ਜਿਵੇਂ ਹੀ ਹੰਗਾਮਾ ਹੋਇਆ ਤਾਂ ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ’ਤੇ ਲਿਖਿਆ- “ਅੰਮ੍ਰਿਤਪਾਲ ਸਿੰਘ ’ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਗਟਾਏ ਗਏ ਵਿਚਾਰ ਉਨ੍ਹਾਂ ਦੇ ਆਪਣੇ ਹਨ ਤੇ ਇਹ ਕਿਸੇ ਵੀ ਤਰ੍ਹਾਂ ਕਾਂਗਰਸ ਦੀ ਸਥਿਤੀ ਨੂੰ ਨਹੀਂ ਦਰਸਾਉਂਦੇ।”