ਬਿਉਰੋ ਰਿਪੋਰਟ: ਖਡੂਰ ਸਾਹਿਬ ਤੋਂ ਲੋਕ ਸਭਾ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤਾਂ ਅੰਮ੍ਰਿਤਪਾਲ ਸਿੰਘ ਨੇ ਦੇਸ਼ ਦੇ ਸੰਵਿਧਾਨ ਦੀ ਸਹੁੰ ਵੀ ਚੁੱਕ ਲਈ ਹੈ, ਇਸ ਲਈ ਹੁਣ ਤਾਂ ਉਨ੍ਹਾਂ ’ਤੇ ਦੇਸ਼ ਵਿਰੋਧੀ ਵਰਗੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ‘ਤੇ ਮਹੀਨੇ ਦਾ ਸਮਾਂ ਲਾ ਦਿੱਤਾ, ਬਲਕਿ ਉਨ੍ਹਾਂ ਨੂੰ ਵੀ 25 ਜੂਨ ਨੂੰ ਹੀ ਸਹੁੰ ਚੁਕਵਾਈ ਜਾਣੀ ਚਾਹੀਦੀ ਸੀ। ਜੇ ਵੋਟਾਂ ਇਕੱਠੀਆਂ ਪਈਆਂ ਹਨ ਤੇ ਸਹੁੰ ਵੀ ਪੰਜਾਬ ਦੇ ਬਾਕੀ MP ਵਾਂਗੂੰ ਇਕੱਠਿਆਂ ਹੀ ਚੁਕਵਾਉਣੀ ਚਾਹੀਦੀ ਸੀ।
ਉਨ੍ਹਾਂ ਰੋਸ ਜਤਾਇਆ ਕਿ ਜੇ 4 ਦਿਨ ਦੀ ਪੈਰੋਲ ਦਿੱਤੀ ਗਈ ਹੈ ਤਾਂ ਫਿਰ ਸੰਗਤ ਨਾਲ ਮਿਲਣ ਕਿਉਂ ਨਹੀਂ ਦਿੱਤਾ ਗਿਆ, ਸੰਗਤਾਂ ਦੇ ਮਨਾਂ ਵਿੱਚ ਚਾਅ ਸੀ, ਇੱਕ ਫਤਹਿ ਸਾਂਝੀ ਹੋਣੀ ਚਾਹੀਦੀ ਸੀ ਪਰ ਸਰਕਾਰਾਂ ਉਨ੍ਹਾਂ ਨਾਲ ਧੱਕਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਲਾਤਕਾਰੀ ਕੇਸਾਂ ਦੇ ਦੋਸ਼ੀਆਂ ਨੂੰ ਵੀ ਏਨੀਆਂ ਲੰਮੀ ਪੈਰੋਲ ਦਿੱਤੀ ਜਾ ਰਹੀ ਹੈ, ਪਰ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਲੱਖਾਂ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਫਤਵਾ ਦੇ ਕੇ ਜਤਾਇਆ ਪਰ ਸਰਕਾਰਾਂ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਨਾਲ ਫਤਹਿ ਵੀ ਸਾਂਝੀ ਨਹੀਂ ਕਰਨ ਦੇ ਰਹੇ, ਇਹ ਲੋਕਤੰਤਰ ਦਾ ਨਿਰਾਦਰ ਹੈ।
ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਜਤਾਇਆ ਹੈ, ਉਨ੍ਹਾਂ ਦੀ ਸੇਵਾ ਲਈ ਉਹ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰ ਸਕਣ।