Punjab

ਅੰਮ੍ਰਿਤਪਾਲ ਸਿੰਘ ਅੱਜ ਐਮਪੀ ਵਜੋਂ ਚੁੱਕਣਗੇ ਸਹੁੰ

ਦਿੱਲੀ : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅੱਜ ਬਤੌਰ MP ਸਹੁੰ ਚੁੱਕਣਗੇ । ਅੰਮ੍ਰਿਤਪਾਲ ਸਿੰਘ ਨੂੰ ਸ਼ਰਤਾਂ ‘ਤੇ ਚਾਰ ਦਿਨਾਂ ਦੀ ਪੈਰੋਲ ਦਿੱਤੀ ਗਈ ਹੈ । ਹਾਲਾਂਕਿ ਅੰਮ੍ਰਿਤਪਾਲ ਦੀ ਪੈਰੋਲ ‘ਤੇ ਕਈ ਸ਼ਰਤਾਂ ਲਾਈਆਂ ਗਈਆਂ ਹਨ । ਗ੍ਰਹਿ ਵਿਭਾਗ ਵੱਲੋਂ ਭੇਜੀ ਅਰਜ਼ੀ ਮਗਰੋਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਇਸ ਦੇ ਲਈ ਉਹ ਸਵੇਰੇ 4 ਵਜੇ ਜੇਲ੍ਹ ਤੋਂ ਬਾਹਰ ਆਇਆ ਸੀ। ਹੁਣ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸੁਰੱਖਿਆ ਹੇਠ ਆਸਾਮ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ। ਅੰਮ੍ਰਿਤਪਾਲ ਨੂੰ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ ਤੋਂ ਸਿਰਫ ਸਹੁੰ ਚੁੱਕਣ ਲਈ ਹੀ ਲਿਆ ਰਿਹਾ ਹੈ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਪੈਰੋਲ ਦੀਆਂ ਸ਼ਰਤਾਂ ਅਨੁਸਾਰ ਉਸ ਨੂੰ ਦਿੱਲੀ ਵਿੱਚ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਅਜੇ ਤੱਕ ਉਸ ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਪਰਿਵਾਰ ਦਿੱਲੀ ਪਹੁੰਚ ਗਿਆ ਹੈ।

ਅੰਮ੍ਰਿਤਪਾਲ ਸਿੰਘ 1 ਸਾਲ 2 ਮਹੀਨੇ 12 ਦਿਨਾਂ ਬਾਅਦ ਸਹੁੰ ਚੁੱਕਣ ਲਈ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਰਹੇ ਹਨ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਵੇਗਾ। ਦਰਅਸਲ ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਗਈ ਪੈਰੋਲ ਵਿੱਚ 4 ਦਿਨਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ 10 ਸ਼ਰਤਾਂ ਵੀ ਲਗਾਈਆਂ ਗਈਆਂ ਹਨ। ਸੁਰੱਖਿਆ, ਉਸ ਨੂੰ ਲਿਆਉਣ, ਰਹਿਣ ਅਤੇ ਵਾਪਸ ਲੈ ਕੇ ਜਾਣ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੂੰ ਸੌਂਪੀ ਗਈ ਹੈ।

ਰਿਲੀਜ਼ ਆਰਡਰ ਵਿੱਚ ਲਿਖੀਆਂ ਸ਼ਰਤਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੌਰਾਨ ਦਿੱਲੀ ਵਿੱਚ ਹੀ ਰਹਿਣਾ ਪਵੇਗਾ। ਉਨ੍ਹਾਂ ਦਾ ਯਾਤਰੀ ਸਟਾਪਓਵਰ ਵੀ ਦਿੱਲੀ ਵਿੱਚ ਹੀ ਹੋਵੇਗਾ। ਇਸ ਸਮੇਂ ਦੌਰਾਨ ਉਹ ਰਈਆ ਸਥਿਤ ਆਪਣੇ ਘਰ ਨਹੀਂ ਜਾ ਸਕਦੇ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਦੇ ਹਨ। ਪੈਰੋਲ ਦੌਰਾਨ ਵੀ ਅੰਮ੍ਰਿਤਪਾਲ ਸਿੰਘ ਨੂੰ ਸੁਰੱਖਿਆ ਘੇਰੇ ਵਿੱਚ ਰਹਿਣਾ ਪਵੇਗਾ। ਇੱਥੋਂ ਤੱਕ ਕਿ ਅੰਮ੍ਰਿਤਪਾਲ ਸਿੰਘ ਨੂੰ ਹਵਾਈ, ਸੜਕ ਜਾਂ ਰੇਲ ਰਾਹੀਂ ਦਿੱਲੀ ਲਿਆਂਦਾ ਜਾਵੇਗਾ, ਇਹ ਵੀ ਗੁਪਤ ਰੱਖਿਆ ਗਿਆ ਹੈ । ਪੁਲਿਸ ਪ੍ਰਸ਼ਾਸਨ ਤੈਅ ਕਰੇਗਾ ਕਿ ਉਨ੍ਹਾਂ ਨੂੰ ਦਿੱਲੀ ਕਿਵੇਂ ਲਿਆਂਦਾ ਜਾਵੇਗਾ।

ਪੈਰੋਲ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀਂ ਹੋਵੇਗੀ, ਹਾਲਾਂਕਿ ਉਹ ਸਿਰਫ ਪਰਿਵਾਰ ਨੂੰ ਮਿਲ ਸਕਣਗੇ ਪਰ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ‘ਤੇ ਰੋਕ ਰਹੇਗੀ।