ਬਿਊਰੋ ਰਿਪੋਰਟ: ਅਜਨਾਲਾ ਪੁਲਿਸ ਸਟੇਸ਼ਨ ਵਿੱਚ ਹੋਈ ਹਿੰਸਾ ਦੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਇੱਕ ਕਮੇਟੀ ਦਾ ਗਠਨ ਕਰਕੇ ਤਣਾਪੂਰਨ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਉਣ ‘ਤੇ ਵਿਚਾਰ ਸ਼ੁਰੂ ਕਰ ਦਿੱਤਾ । ਇਸ ਦੇ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ । ਚਰਚਾਵਾਂ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਹੋਣ ਦੇ ਹੁਕਮ ਵੀ ਜਾਰੀ ਕਰ ਸਕਦਾ ਹੈ ਜਿਸ ‘ਤੇ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ ।
‘ਮੈਂ ਪੇਸ਼ ਹੋਵਾਂਗਾ’
ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਤਾਂ ਉਹ ਆਪਣਾ ਪੱਖ ਰੱਖਣ ਦੇ ਲਈ ਜ਼ਰੂਰ ਪੇਸ਼ ਹੋਣਗੇ । ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਨਾਲ ਜਥੇਦਾਰ ਸਾਹਿਬ ਦੇ ਸਾਹਮਣੇ ਸਪਸ਼ਟ ਕਰਨਗੇ । ਅਜਿਹਾ ਕਰਨ ਵਿੱਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਅਦਾਲਤ ਹੈ । ਉਨ੍ਹਾਂ ਕਿਹਾ ਕਿ ਭਾਵੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦ ਪ੍ਰਬੰਧ ‘ਤੇ ਉਹ ਸਹਿਮਤ ਨਹੀਂ ਹਨ ਪਰ ਉਹ ਬੁਲਾਉਣ ‘ਤੇ ਜ਼ਰੂਰ ਜਾਣਗੇ । ਸਾਫ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਮੌਜੂਦਾ ਪ੍ਰਬੰਧਾਂ ‘ਤੇ ਸਵਾਲ ਚੁੱਕੇ ਕੇ ਵੱਡਾ ਬਿਆਨ ਦਿੱਤਾ ਹੈ।
ਸਭ ਦੇ ਸਾਹਮਣੇ ਪੇਸ਼ੀ ਹੋਏ
ਵਾਰਿਸ ਪੰਜਾਬ ਦੇ ਮੁੱਖੀ ਨੇ ਕਿਹਾ ਕਿ ਇਤਿਹਾਸ ਵਿੱਚ ਉਦਾਹਰਣ ਹਨ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਨੇ ਅਜਨਾਲਾ ਵਿੱਚ ਜੋ ਕੀਤਾ ਉਹ ਮਰਿਆਦਾ ਦੀ ਉਲੰਘਣਾ ਨਹੀਂ ਸੀ । ਉਹ ਆਪਣਾ ਪੱਖ ਰੱਖਣਗੇ ਅਤੇ ਸੰਗਤ ਦੀ ਮੌਜੂਦਗੀ ਵਿੱਚ ਫੈਸਲਾ ਲਿਆ ਜਾਵੇਗਾ । ਯਾਨੀ ਭਾਈ ਅੰਮ੍ਰਿਤਪਾਲ ਸਿੰਘ ਨੇ ਸਾਫ ਇਸ਼ਾਰਾ ਕਰ ਦਿੱਤਾ ਹੈ ਕਿ ਉਹ ਬੰਦ ਕਮਰਿਆਂ ਵਿੱਚ ਫੈਸਲੇ ਲੈਣ ਦੇ ਖਿਲਾਫ ਹਨ । ਪੰਥ ਵਿੱਚ ਕੀ ਹੋ ਰਿਹਾ ਹੈ ? ਇਹ ਵੇਖਣਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਧਿਕਾਰ ਹੈ। ਉਹ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਸਰੰਡਰ ਕਰਦੇ ਹਨ ।
ਤੁਫਾਨ ਸਿੰਘ ਨੂੰ ਛਡਾਉਣ ਦੇ ਲਈ ਮੋਰਚਾ ਖੋਲਿਆ ਸੀ
ਅੰਮ੍ਰਿਤਪਾਲ ਸਿੰਘ ਨੇ ਆਪਣੇ ਸੈਂਕੜੇ ਹਮਾਇਤੀਆਂ ਦੇ ਨਾਲ 23 ਫਰਵਰੀ ਨੂੰ ਅਜਨਾਲਾ ਪੁਲਿਸ ਸਟੇਸ਼ਨ ‘ਤੇ ਪ੍ਰਦਰਸ਼ਨ ਕੀਤਾ ਸੀ । ਵਾਰਿਸ ਪੰਜਾਬ ਦੇ ਮੁੱਖੀ ‘ਤੇ ਇਲਜ਼ਾਮ ਲੱਗਿਆ ਕਿ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਨੂੰ ਢਾਲ ਬਣਾਕੇ ਪੁਲਿਸ ‘ਤੇ ਹਮਲਾ ਕੀਤਾ । ਦਮਦਮੀ ਟਕਸਾਲ ਅਜਨਾਲਾ ਦੇ ਨਾਲ ਹੋਰ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੇ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੀਤੇ ਦਿਨ ਇੱਕ ਕਮੇਟੀ ਦਾ ਗਠਨ ਕੀਤਾ ਸੀ ਜੋ ਆਪਣੀ ਰਿਪੋਰਟ ਜਥੇਦਾਰ ਸਾਹਿਬ ਨੂੰ ਸੌਂਪੇਗੀ । ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਰਦੇਸ਼ ਜਾਰੀ ਕੀਤੇ ਜਾਣਗੇ ।