ਫਿਰੋਜ਼ਪੁਰ : ਫੈਕਟਰੀ ਹਟਾਉ ਇਲਾਕਾ ਬਚਾਉ ਦੇ ਨਾਅਰੇ ਹੇਠ ਜ਼ੀਰਾ ਮੋਰਚਾ ਲਗਾਤਾਰ ਚੱਲ ਰਿਹਾ ਹੈ। ਅੱਜ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਜ਼ੀਰਾ ਮੋਰਚਾ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਸ਼ਰਾਬ ਫੈਕਟਰੀ ਲਾਉਣਾ ਸ਼ਰਮਨਾਕ ਗੱਲ ਹੈ। ਉਨ੍ਹਾਂ ਨੇ ਨਸੀਹਤ ਦਿੱਤੀ ਕਿ ਸ਼ਰਾਬ ਫੈਕਟਰੀ ਨੂੰ ਸਿਰਫ਼ ਇਸ ਕਰਕੇ ਹੀ ਬੰਦ ਨਾ ਕੀਤਾ ਜਾਵੇ ਕਿ ਇਸ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਇਸਦਾ ਵਿਰੋਧ ਕੀਤਾ ਜਾਵੇ।
ਸਰਕਾਰ ਨੂੰ ਤਾੜਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਜਿਹੀ ਫੈਕਟਰੀ ਲਗਾ ਕੇ ਪੰਜਾਬ ਦੇ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਵੱਲੋਂ ਸ਼ਰਾਬ ਫੈਕਟਰੀ ਨੂੰ ਬੰਦ ਕਰਵਾ ਕੇ ਹੀ ਰਹਿਣ ਦੀ ਉਮੀਦ ਪ੍ਰਗਟਾਈ ਹੈ।
ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ‘ਤੇ ਵੀ ਅੰਮ੍ਰਿਤਪਾਲ ਸਿੰਘ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਨ੍ਹਾਂ ਦੇ ਪਰਿਵਾਰ ਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਅੱਜ ਉਸੇ ਹੀ ਪਰਿਵਾਰ ਦਾ ਮੈਂਬਰ ਰਾਹੁਲ ਗਾਂਧੀ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਿਹਾ ਹੈ।
ਭਾਰਤੀ ਸਿੱਖ ਫ਼ੌਜੀਆਂ ਲਈ ਖਰੀਦੇ ਜਾਣ ਵਾਲੇ ਬੈਲਿਸਟਕ ਹੈਲਮੇਟਾਂ ਬਾਰੇ ਬੋਲਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਫੈਸਲਾ ਤਾਂ ਸਿੱਖ ਫ਼ੌਜੀਆਂ ਦੇ ਹੱਥ ਵਿੱਚ ਹੈ ਕਿ ਉਹਨਾਂ ਨੇ ਹੈਲਮੇਟ ਪਾਉਣਾ ਹੈ ਜਾਂ ਫਿਰ ਨਹੀਂ। ਪਰ ਨਾਲ ਹੀ ਉਹਨਾਂ ਨੇ ਇਤਿਹਾਸ ਯਾਦ ਕਰਵਾਉਂਦਿਆਂ ਕਿਹਾ ਕਿ ਪੁਰਾਣੀਆਂ ਜੰਗਾਂ ਵਿੱਚ ਸਿੱਖ ਫ਼ੌਜੀਆਂ ਨੇ ਦਸਤਾਰਾਂ ਨਾਲ ਹੀ ਲੜਾਈਆਂ ਲੜੀਆਂ ਸਨ ਅਤੇ ਜਿੱਤ ਵੀ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਸਿਰਫ਼ ਸਿੱਖਾਂ ਦੇ ਸਿਰਾਂ ਤੋਂ ਪੱਗਾਂ ਹਟਵਾ ਕੇ ਟੋਪੀਆਂ ਪਹਿਨਾ ਦੇਣਾ ਚਾਹੁੰਦੀ ਹੈ, ਇਸ ਲਈ ਉਨ੍ਹਾਂ ਨੇ ਸਿੱਖ ਫ਼ੌਜੀਆਂ ਨੂੰ ਇਸਦਾ ਇਕੱਠੇ ਹੋ ਕੇ ਵਿਰੋਧ ਕਰਨ ਦੀ ਅਪੀਲ ਕੀਤੀ ਹੈ।