ਚੰਡੀਗੜ੍ਹ : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਮੁਲਾਕਾਤ ਕੀਤੀ।
ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਾਣ ਬੁਝ ਕੇ ਕੇਂਦਰ ਸਰਕਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਡੈਮੋਕਰੇਸੀ ਦੇ ਵਿੱਚ ਰਹਿੰਦੇ ਹੋਏ ਵੱਡੀ ਲੀਡ ਦੇ ਨਾਲ ਹਲਕਾ ਖਡੂਰ ਸਾਹਿਬ ਤੋਂ ਜਿੱਤੇ ਹਨ ਅਤੇ ਜਿਸ ਤਰੀਕੇ ਉਹਨਾਂ ਨੂੰ ਹਲਫ ਦਵਾਇਆ ਗਿਆ ਹੈ ਉਹ ਲੋਕਤੰਤਰ ਦਾ ਵੀ ਘਾਣ ਹੈ ਕਿ ਪਰਿਵਾਰ ਦੇ ਨਾਲ ਵੀ ਅੰਮ੍ਰਿਤਪਾਲ ਸਿੰਘ ਨੂੰ ਮੁਲਾਕਾਤ ਚੰਗੀ ਤਰੀਕੇ ਨਾਲ ਨਹੀਂ ਕਰਨ ਦਿੱਤੀ ਗਈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਸਰਕਾਰ ਵਿਤਕਰਾ ਕਰ ਰਹੀ ਹੈ ਕਿਉਂਕਿ ਦੇਸ਼ ਵਿੱਚ ਇੱਕ ਸਾਲ ਦੀ ਐਨਐਸਏ ਲੱਗਦੀ ਹੈ ਪਰ ਪੰਜਾਬ ਵਿੱਚ ਦੋ ਸਾਲ ਦੀ ਐਨਐਸਏ ਹੈ। ਇਸ ਕਰਕੇ ਪੰਜਾਬ ਵਾਸੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਅਤੇ ਭਾਰਤ ਆਪਣੇ ਆਪ ਨੂੰ ਡੈਮੋਕ੍ਰੇਟਿਕ ਦੇਸ਼ ਦੱਸਦਾ ਹੈ ਪਰ ਇੱਥੇ ਡੈਮੋਕਰੇਸੀ ਨਾਂ ਦੀ ਕੋਈ ਚੀਜ਼ ਨਹੀਂ ਹੈ ਕਿਉਂਕਿ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਜਾਣਬੁੱਝ ਕੇ ਦੁਨੀਆਂ ਦੇ ਸਾਹਮਣੇ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਦੀ ਪਾਰਲੀਮੈਂਟ ਵਿੱਚ ਹਿੰਦੂ ਰਾਸ਼ਟਰ ਦਾ ਨਾਅਰੇ ਦੇਣ ਵਾਲਿਆਂ ਨੂੰ ਸਨਮਾਨਿਕ ਕੀਤਾ ਜਾਂਦਾ ਹੈ ਫੇਰ ਸਿੱਖ ਰਾਜ ਦਾ ਨਾਅਰਾ ਲਗਾਉਣ ਵਾਲਿਆਂ ਖ਼ਿਲਾਫ ਕਾਰਵਾਈ ਕਿਉਂ ਕੀਤੀ ਜਾਂਦੀ ਹੈ।
ਜਥੇਦਾਰ ਨੇ ਕਿਹਾ ਕਿ ਇੰਗਲੈਂਡ ਦੀ ਧਰਤੀ ਤੇ ਨੌ ਸਿੱਖ ਪਾਰਲੀਮੈਂਟ ਚ ਜਿੱਤੇ ਹਨ ਜਿਸ ਦਾ ਕਿ ਪੂਰੀ ਸਿੱਖ ਕੌਮ ਨੂੰ ਮਾਣ ਹੈ। ਲੁਧਿਆਣੇ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਧਰਮ ਤੇ ਗਲਤ ਬੋਲਣਾ ਸ਼ੋਭਾ ਨਹੀਂ ਦਿੰਦਾ। ਇਸ ਦੇ ਨਾਲ ਹੀ ਦਲ ਖਾਲਸਾ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਨੇ ਤੇ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।