India Punjab

ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਦੇ MP ਵਜੋਂ ਲਿਆ ਹਲਫ਼, ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਚੁੱਕੀ ਸਹੁੰ

ਦਿੱਲੀ : ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਮੈਂਬਰ ਆਫ ਪਾਰਲੀਮੈਂਟ ਵਜੋਂ ਹਲਫ਼ ਲੈ ਲਿਆ ਹੈ। ਅੰਮ੍ਰਿਤਪਾਲ ਸਿੰਘ ਨੇ ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਸਹੁੰ ਚੁੱਕੀ ਹੈ। ਹਾਲਾਂਕਿ ਇਸ ਦੀ ਕੋਈ ਫੋਟੋ-ਵੀਡੀਓ ਜਾਰੀ ਨਹੀਂ ਕੀਤੀ ਗਈ ਹੈ। ਹੁਣ ਪਰਿਵਾਰ ਨੂੰ ਅੰਮ੍ਰਿਤਪਾਲ ਨਾਲ ਮੁਲਾਕਾਤ ਕਰਵਾਈ ਜਾਵੇਗੀ। ਇਸ ਦੇ ਲਈ ਉਸ ਨੂੰ ਸੁਰੱਖਿਅਤ ਥਾਂ ਉੱਤੇ ਲਿਜਾਇਆ ਜਾ ਰਿਹਾ ਹੈ।

ਪਿਤਾ ਸਮੇਤ ਦੋ ਹੋਰ ਜਣੇ ਨੂੰ ਕਰਨਗੇ ਮੁਲਾਕਾਤ

ਉਸੇ ਦੌਰਾਨ ਸਿਰਫ਼ 3 ਲੋਕ ਹੀ ਅੰਮ੍ਰਿਤਪਾਲ ਨੂੰ ਮਿਲ ਸਕਣਗੇ। ਪ੍ਰਸ਼ਾਸਨ ਵੱਲੋਂ ਸਿਰਫ਼ ਤਿੰਨ ਵਿਅਕਤੀਆਂ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ। ਪਰਿਵਾਰ ਅੰਮ੍ਰਿਤਪਾਲ ਨੂੰ ਮਿਲਣ ਲਈ ਰਵਾਨਾ ਹੋ ਗਿਆ ਹੈ। ਉਹ ਪੁਲਿਸ ਵੱਲੋਂ ਲਿਆਂਦੀ ਗੱਡੀ ਵਿੱਚ ਗੁਰਦੁਆਰਾ ਰਕਾਬਗੰਜ ਤੋਂ ਚਲੇ ਗਏ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਇੱਕ ਸੇਫ ਹਾਊਸ ਵਿੱਚ ਮੁਲਾਕਾਤ ਕੀਤੀ ਜਾਵੇਗੀ।  ਸੰਸਦ ਭਵਨ ਦੇ ਬਾਹਰ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਇਸੇ ਦਾਰਨ ਕਿਸੇ ਵੀ ਤਰੀਕੇ ਦੀ ਫੋਟੋ ਜਾਂ ਵੀਡੀਓ ਬਣਾਉਣ ’ਤੇ ਪਾਬੰਦੀ ਲਗਾਈ ਗਈ ਹੈ। ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਨੂੰ ਦਿੱਤੀ ਗਈ ਹੈ ਤੇ ਉਸਨੂੰ ਡਿਬਰੂਗੜ੍ਹ ਜੇਲ੍ਹ ਤੋਂ ਲਿਆਉਣ ਤੇ ਵਾਪਸ ਲਿਜਾਣ ਤੱਕ ਦਾ ਸਾਰਾ ਖਰਚਾ ਪੰਜਾਬ ਪੁਲਿਸ ਚੁੱਕੇਗੀ। ਉਸਦੇ ਮੀਡੀਆ ਨਾਲ ਗੱਲਬਾਤ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ 1 ਸਾਲ 2 ਮਹੀਨੇ 12 ਦਿਨਾਂ ਬਾਅਦ ਸਹੁੰ ਚੁੱਕਣ ਲਈ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਰਹੇ ਹਨ। ਅੰਮ੍ਰਿਤਪਾਲ ਸਿੰਘ ਨੂੰ ਅੱਜ ਸਵੇਰੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਏਅਰਬੇਸ ਲਿਜਾਇਆ ਗਿਆ ਅਤੇ ਜਹਾਜ਼ ਰਾਹੀਂ ਉਸਨੂੰ ਦਿੱਲੀ ਲਿਜਾਇਆ ਗਿਆ।

ਪਿੰਡ ਜੱਲੂਪੁਰ ਖਹਿਰਾ ‘ਚ ਖੁਸ਼ੀ ਦਾ ਮਾਹੌਲ

ਇਸ ਸਬੰਧ ਜਾਣਕਾਰੀ ਜਦੋਂ ਅੰਮ੍ਰਿਤਪਾਲ ਸਿੰਘ ਦੇ ਪਿੰਡ ਵਿੱਚ ਪੁੱਜੀ ਤਾਂ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਬਾਕੀ ਸੰਸਦ ਮੈਂਬਰਾਂ ਨਾਲ ਸਹੁੰ ਚੁਕਾਉਣੀ ਚਾਹੀਦੀ ਸੀ ਅਤੇ ਇਸ ਵਿੱਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ।

ਇਸ ਦੇ ਨਾਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਤੀਤ ਨੂੰ ਛੱਡ ਕੇ ਹੁਣ ਜੇਕਰ ਕੋਈ ਵਿਅਕਤੀ ਸੰਵਿਧਾਨ ਤਹਿਤ ਚੋਣ ਲੜਦਾ ਹੈ ਅਤੇ ਜਿੱਤਦਾ ਹੈ ਅਤੇ ਜਿੱਤਣ ਤੋਂ ਬਾਅਦ ਸੰਵਿਧਾਨ ਦੀ ਸਹੁੰ ਚੁੱਕਦਾ ਹੈ ਤਾਂ ਸਰਕਾਰ ਨੂੰ ਉਸ ਨੂੰ ਵੱਡੇ ਦਿਲ ਨਾਲ ਰਿਹਾਅ ਕਰਨਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਵਿੱਚ ਆ ਸਕੇ। ਕਿਉਂਕਿ ਹੁਣ ਉਹ ਸੰਸਦ ਮੈਂਬਰ ਬਣ ਚੁੱਕੇ ਹਨ ਅਤੇ ਹਲਕੇ ਦੇ ਲੋਕਾਂ ਨੇ ਬਹੁਤ ਸਾਰੇ ਕੰਮ ਉਨ੍ਹਾਂ ਤੋਂ ਕਰਵਾਉਣੇ ਹਨ। ਜੇਕਰ ਭਾਈ ਸਾਬ੍ਹ ਬਾਹਰ ਆਕੇ ਆਪਣੇ ਹਲਕੇ ਵਿੱਚ ਵਿਚਰਦੇ ਹਨ ਤਾਂ ਉਹ ਲੋਕ ਭਲਾਈ ਲਈ ਹੋਰ ਕਈ ਸਾਰੇ ਕੰਮ ਕਰਨਗੇ।

ਦਰਅਸਲ ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਗਈ ਪੈਰੋਲ ਵਿੱਚ 4 ਦਿਨਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ 10 ਸ਼ਰਤਾਂ ਵੀ ਲਗਾਈਆਂ ਗਈਆਂ ਹਨ। ਸੁਰੱਖਿਆ, ਉਸ ਨੂੰ ਲਿਆਉਣ, ਰਹਿਣ ਅਤੇ ਵਾਪਸ ਲੈ ਕੇ ਜਾਣ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੂੰ ਸੌਂਪੀ ਗਈ ਹੈ।

ਰਿਲੀਜ਼ ਆਰਡਰ ਵਿੱਚ ਲਿਖੀਆਂ ਸ਼ਰਤਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੌਰਾਨ ਦਿੱਲੀ ਵਿੱਚ ਹੀ ਰਹਿਣਾ ਪਵੇਗਾ। ਉਨ੍ਹਾਂ ਦਾ ਯਾਤਰੀ ਸਟਾਪਓਵਰ ਵੀ ਦਿੱਲੀ ਵਿੱਚ ਹੀ ਹੋਵੇਗਾ। ਇਸ ਸਮੇਂ ਦੌਰਾਨ ਉਹ ਰਈਆ ਸਥਿਤ ਆਪਣੇ ਘਰ ਨਹੀਂ ਜਾ ਸਕਦੇ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਦੇ ਹਨ। ਪੈਰੋਲ ਦੌਰਾਨ ਵੀ ਅੰਮ੍ਰਿਤਪਾਲ ਸਿੰਘ ਨੂੰ ਸੁਰੱਖਿਆ ਘੇਰੇ ਵਿੱਚ ਰਹਿਣਾ ਪਵੇਗਾ।