ਬਿਉਰੋ ਰਿਪੋਰਟ – 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਮੰਤਰੀ ਤੇ ਹੋਰ ਐੱਮਪੀਜ਼ ਵੱਲੋਂ ਸਹੁੰ ਚੁੱਕੀ ਜਾ ਰਹੀ ਹੈ। ਪੰਜਾਬ ਦੇ ਮੈਂਬਰ ਪਾਰਲੀਮੈਂਟ ਕੱਲ ਮੰਗਲਵਾਰ 25 ਜੂਨ ਨੂੰ ਸਹੁੰ ਚੁੱਕਣਗੇ। ਇਸ ਦੌਰਾਨ ਸਭ ਦੀਆਂ ਨਜ਼ਰਾ ਖਡੂਰ ਸਾਹਿਬ ਤੋਂ ਜਿੱਤੇ ਅੰਮ੍ਰਿਤਪਾਲ ਸਿੰਘ ਅਤੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਜੇਤੂ ਐੱਮਪੀ ਸ਼ੇਖ ਅਬਦੁਲ ਰਸ਼ੀਦ ’ਤੇ ਹਨ ਕਿ ਉਹ ਸਹੁੰ ਚੁੱਕਣਗੇ ਜਾਂ ਨਹੀਂ। ਅੰਮ੍ਰਿਤਪਾਲ ਸਿੰਘ NSA ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਰਸ਼ੀਦ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਹਨ।
ਲੋਕ ਸਭਾ ਵੱਲੋਂ ਜਾਰੀ ਸਹੁੰ ਚੁੱਕ ਸਮਾਗਮ ਦੇ ਸ਼ੈਡੀਊਲ ਮੁਤਾਬਿਕ ਪੰਜਾਬ ਦੇ ਐੱਪੀਜ਼ ਦੁਪਹਿਰ 12 ਵਜੇ ਤੋਂ 1 ਵਜੇ ਦੇ ਵਿਚਾਲੇ ਸਹੁੰ ਚੁੱਕਣਗੇ। ਪਹਿਲੇ ਨੰਬਰ ’ਤੇ ਗੁਰਦਾਸਪੁਰ ਤੋਂ ਐੱਮਪੀ ਸੁਖਜਿੰਦਰ ਰੰਧਾਵਾ, ਦੂਜੇ ’ਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਨੰਬਰ ਹੈ। ਤੀਜੇ ਨੰਬਰ ’ਤੇ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਦਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਕੱਲ੍ਹ ਸਹੁੰ ਚੁੱਕਣਗੇ? ਇਸ ਦੀ ਸੰਭਾਵਨਾ ਘੱਟ ਹੀ ਹੈ। ਜਿਵੇਂ AAP ਦੇ ਰਾਜ ਸਭਾ ਐੱਮਪੀ ਸੰਜੇ ਸਿੰਘ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਰਾਜ ਸਭਾ ਦੇ ਸਭਾਪਤੀ ਦੇ ਚੈਂਬਰ ਵਿੱਚ ਸਹੁੰ ਚੁੱਕੀ ਸੀ ਉਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਨੂੰ ਵੀ ਸਹੁੰ ਚੁਕਾਈ ਜਾ ਸਕਦੀ ਹੈ ਇਸ ਦੇ ਲਈ ਕੁਝ ਨਿਯਮ ਹਨ।
ਜੇਲ੍ਹ ਵਿੱਚ ਬੰਦ ਪਾਰਲੀਮੈਂਟ ਦੇ ਮੈਂਬਰ ਨੂੰ ਸਹੁੰ ਚੁੱਕਣ ਲਈ ਪੈਰੋਲੀ ਦਿੱਤੀ ਜਾਂਦੀ ਹੈ। ਸਾਬਕਾ ਲੋਕ ਸਭਾ ਦੇ ਸਕੱਤਰ ਜਨਰਲ ਮੁਤਾਬਿਕ ਲੋਕ ਸਭਾ ਦੇ ਜੇਤੂ ਮੈਂਬਰ ਦਾ ਅਧਿਕਾਰ ਹੈ ਕਿ ਉਹ ਸਹੁੰ ਚੁੱਕੇ ਇਸ ਦੇ ਲਈ ਉਹ ਅਦਾਲਤ ਵਿੱਚ ਪੈਰੋਲ ਦੀ ਅਰਜ਼ੀ ਦੇਵੇਗਾ। ਜ਼ਿਆਦਾਤਰ ਮਾਮਲਿਆਂ ਵਿੱਚ ਅਦਾਲਤ ਪੈਰੋਲ ਦੇ ਦਿੰਦੀ ਹੈ। ਪਰ ਇਸ ਦੇ ਬਾਅਦ ਐੱਮਪੀ ਨੂੰ ਜੇਲ੍ਹ ਵਿੱਚ ਵਾਪਸ ਆਉਣਾ ਹੁੰਦਾ ਹੈ। ਸਹੁੰ ਚੁੱਕਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਐੱਮਪੀ ਨੂੰ ਸੰਵਿਧਾਨ ਦੀ ਧਾਰਾ 101 (4) ਦੇ ਮੁਤਾਬਿਕ ਸਪੀਕਰ ਨੂੰ ਆਪਣੇ ਗੈਰ ਹਾਜ਼ਰ ਰਹਿਣ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ। ਜਿਸ ਨੂੰ ਪਾਰਲੀਮੈਂਟ ਹਾਊਸ ਕਮੇਟੀ ਕੋਲੋ ਭੇਜ ਦਿੱਤਾ ਜਾਂਦਾ ਹੈ।
ਜੇਕਰ ਜੇਤੂ ਐੱਮਪੀ ਸਹੁੰ ਨਾ ਚੁੱਕੇ ਤਾਂ ਕੀ ਹੋਵੇਗਾ?
ਨਿਯਮ ਮੁਤਾਬਿਕ ਜੇਕਰ ਕੋਈ ਜੇਤੂ ਐੱਮਪੀ ਸਹੁੰ ਨਹੀਂ ਚੁੱਕਦਾ ਅਤੇ ਲਗਾਤਾਰ 60 ਦਿਨ ਤੱਕ ਗੈਰ ਹਾਜ਼ਰ ਹੁੰਦਾ ਹੈ ਤਾਂ ਉਸ ਦੀ ਸੀਟ ਖ਼ਾਲੀ ਐਲਾਨ ਦਿੱਤੀ ਜਾਂਦੀ ਹੈ। ਸੰਵਿਧਾਨ ਦੀ ਧਾਰਾ 101(4) ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਜੋ ਲੋਕ ਸਭਾ ਦੇ ਸਪੀਕਰ ਦੀ ਇਜਾਜ਼ਤ ਤੋਂ ਬਿਨਾਂ ਸੰਸਦ ਮੈਂਬਰਾਂ ਦੇ ਸਦਨ ਤੋਂ ਗੈਰ-ਹਾਜ਼ਰੀ ਨਾਲ ਸਬੰਧਿਤ ਹੈ।
2 ਸਾਲ ਦੀ ਸਜ਼ਾ ਹੋਣ ਤੇ ਮੈਂਬਰਸ਼ਿਪ ਰੱਦ
ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਅਬਦੁਲ ਰਸ਼ੀਦ ਨੂੰ ਹੁਣ ਤੱਕ ਅਦਾਲਤ ਨੇ ਸਜ਼ਾ ਨਹੀਂ ਦਿੱਤੀ ਹੈ ਜੇ ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਮਿਲ ਦੀ ਹੈ ਤਾਂ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਨਿਯਮਾਂ ਮੁਤਾਬਿਕ 5 ਸਾਲ ਤੱਕ ਅਜ਼ਾਦ ਹੋਣ ਦੇ ਬਾਵਜੂਦ ਦੋਵੇਂ ਐੱਮਪੀ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦੇ ਹਨ, ਜੇ ਉਹ ਹੁੰਦੇ ਹਨ ਤਾਂ ਪਹਿਲਾਂ ਅਸਤੀਫ਼ਾ ਦੇਣਾ ਹੋਵੇਗਾ ਤੇ ਮੁੜ ਤੋਂ ਚੋਣ ਲੜਨੀ ਹੋਵੇਗੀ।