Punjab

ਅਜਨਾਲੇ ਵੱਲ ਨੂੰ ਅੰਮ੍ਰਿਤਪਾਲ ਸਿੰਘ ਨੇ ਘੱਤੀ ਵਹੀਰ…

Amritpal Singh moved towards Ajnale

ਅੰਮ੍ਰਿਤਸਰ : ਸਿੱਖ ਨੌਜਵਾਨ ਤੂਫਾਨ ਸਿੰਘ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਿੱਖ ਭਾਈਚਾਰੇ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਅੰਮ੍ਰਿਤਪਾਲ ਪਿੰਡ ਜੱਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ਪੁੱਜੇ। ਇਥੇ ਵੱਡੀ ਗਿਣਤੀ ਵਿਚ ਪੁੱਜੇ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਜਾਅਲੀ ਪਰਚੇ ਰੱਦ ਕਰਨ ਦੀ ਮੰਗ ਕੀਤੀ।

ਸਿੰਘਾਂ ਦਾ ਇੱਕ ਵੱਡਾ ਜਥਾ ਲੈ ਕੇ ਥਾਣੇ ਵੱਲ ਜਾ ਰਹੇ ਅੰਮ੍ਰਿਤਪਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਵੀ ਪੁਲਿਸ ਉਨ੍ਹਾਂ ਨੂੰ ਰੋਕੇਗੀ ਉਹ ਉੱਥੇ ਧਰਨਾ ਲਾ ਦੇਣਗੇ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਅੱਜ ਇਹ ਮਾਰਚ ਸ਼ਾਤਮਈ ਢੰਗ ਨਾਲ ਕੱਢਿਆ ਜਾ ਰਿਹਾ ਹੈ।

ਅੰਮ੍ਰਿਤਪਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਦੇ ਹਿੰਦੂ ਰਾਸ਼ਟਰ ਬਾਰੇ ਬਿਆਨ ਕਿਉਂ ਨਹੀਂ ਦਿੱਤਾ? ਨਾ ਹੀ ਕਦੇ ਕੋਈ ਇਸ ਬਾਰੇ ਬਹਿਸ ਹੋਈ ਹੈ ਕਿ ਕੋਈ ਹਿੰਦੂ ਰਾਸ਼ਟਰ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਦੀ ਗੱਲ ਕਰਨਾ ਸਿੱਖਾਂ ਦਾ ਧਰਮ ਹੈ, ਹੱਕ ਹੈ, ਖਾਲਿਸਤਾਨ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ ਤਾਂ ਫਿਰ ਉਸ ਨੂੰ ਮੁੜ ਲਿਆਉਣ ਵਿੱਚ ਦਿੱਕਤ ਕਿਉਂ ਹੈ।

ਅੰਮ੍ਰਿਤਪਾਲ ਸਿੰਘ ਨੇ ਨੌਜਵਾਨ ਤੂਫਾਨ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੂੰ ਘਰੋਂ ਬਿਨਾਂ ਕਿਸੇ ਨੋਟਿਸ ਦੇ ਚੁੱਕਿਆ ਗਿਆ ਤੇ ਤਸ਼ੱਦਦ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਸਵਾਲ ਪੁੱਛਿਆ ਕਿ ਇਹ ਕਿੰਨਾ ਕੁ ਵੱਡਾ ਮਾਮਲਾ ਸੀ, ਜਿਸਦੇ ਲਈ ਨੌਜਵਾਨ ਨੂੰ ਚੁੱਕ ਕੇ ਉਸ ਤੋਂ ਝੂਠੇ ਬਿਆਨ ਦਿਵਾਉਣ ਦੀ ਨੌਬਤ ਆ ਗਈ। ਉਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਉੱਤੇ ਭੇਜਿਆ ਗਿਆ ਹੈ ਤੇ ਉਸਦੇ ਖਿਲਾਫ਼ ਧਾਰਾ 295(A) ਤੇ ਬੇਅਦਬੀ ਦੀ ਧਾਰਾ ਲਗਾਈ ਗਈ ਹੈ, ਜੋ ਕਿ ਬਿਲਕੁਲ ਵੀ ਵਾਜਿਬ ਨਹੀਂ ਹੈ।

ਅੰਮ੍ਰਿਤਪਾਲ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਬੋਲਦਿਆਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਮੈਂ ਧਮਕੀ ਨਹੀਂ ਦਿੱਤੀ ਬਲਕਿ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਹੈ। ਮੈਂ ਸਰਕਾਰ ਵਿਰੁੱਧ ਨਹੀਂ ਹਾਂ, ਪਰੰਤੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖਾਲਿਸਤਾਨ ‘ਤੇ ਭੜਕਣਾ ਜਾਇਜ਼ ਨਹੀਂ ਹੈ। ਇੰਦਰਾ ਗਾਂਧੀ ਨੇ ਵੀ ਇਹੀ ਕੀਤਾ ਸੀ। ਜੇਕਰ ਸਰਕਾਰਾਂ ਮੁੜ ਤੋਂ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੀਆਂ ਹਨ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਪੁਲਿਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅੰਮ੍ਰਿਤਪਾਲ ਵੱਜੋਂ ਅਜਨਾਲਾ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਸ ਘਿਰਾਓ ਦੌਰਾਨ ਉਨ੍ਹਾਂ ਦੇ ਨਾਲ ਕਈ ਸਮਰਥਕਾਂ ਸਣੇ ਅਜਨਾਲਾ ਥਾਣੇ ਦਾ ਘਿਰਾਓ ਕਰਨ ਦੇ ਲਈ ਪਹੁੰਚੇ। ਜਿਥੇ ਪੁਲਿਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਘਿਰਾਓ ਦੇ ਮੱਦੇਨਜਰ ਪੁਲਿਸ ਥਾਣੇ ਨੂੰ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ।