India Punjab

‘ਅੰਮ੍ਰਿਤਪਾਲ ਦੀ ਬੈਰਕ ਤੋਂ ਨਹੀਂ ਮਿਲਿਆ ਸੀ ਮੋਬਾਈਲ’! ਵਕੀਲ ਦੀ DGP ਨੂੰ ਚੁਣੌਤੀ ! ‘ਸਾਰੇ ਸਿੰਘਾਂ ਦੀ ਜਾਨ ਨੂੰ ਖਤਰਾਂ,ਸਾਡੀ ਕੋਈ ਸੁਣਵਾਈ ਨਹੀਂ’

ਬਿਉਰੋ ਰਿਪੋਰਟ : ਡਿਬਰੂਗੜ੍ਹ ਜੇਲ਼੍ਹ ਵਿੱਚ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਬੈਰਕ ਵਿੱਚ ਅਸਾਮ ਦੇ ਡੀਜੀਪੀ ਨੇ ਫੋਨ ਸਮੇਤ ਜਿਹੜੀਆਂ ਚੀਜ਼ਾ ਮਿਲਣ ਦਾ ਦਾਅਵਾ ਕੀਤਾ ਸੀ ਉਸ ਦੇ ਖਿਲਾਫ ਵਕੀਲ ਇਮਾਨ ਸਿੰਘ ਖਾਰਾ ਅਤੇ ਪਰਿਵਾਰ ਨੇ ਸਾਂਝੀ ਪ੍ਰੈਸ ਕਾਂਫਰੰਸ ਕਰਕੇ ਜਵਾਬ ਦਿੱਤਾ । ਵਕੀਲ ਇਮਾਨ ਸਿੰਘ ਨੇ ਦਾਅਵਾ ਕੀਤਾ ਕਿ ਡੀਜੀਪੀ ਜਿਹੜਾ ਫੋਨ ਮਿਲਣ ਦਾ ਦਾਅਵਾ ਕਰ ਰਹੇ ਹਨ ਉਸ ਦੀ ਜਾਂਚ ਕਰਵਾਈ ਜਾਵੇ ਉਸ ਦਾ ਨੰਬਰ ਜੇਲਰ ਦੇ ਨਾਂ ‘ਤੇ ਹੋਵੇਗਾ । ਇਮਾਨ ਸਿੰਘ ਨੇ ਇਹ ਵੀ ਦਾਅਵਾ ਕੀਤਾ ਇਸੇ ਵਜ੍ਹਾ ਕਰਕੇ ਡਿਬਰੂਗੜ੍ਹ ਦੇ SSP ਦਾ ਟਰਾਂਸਫਰ ਕੀਤਾ ਗਿਆ ਹੈ,ਕਿਉਂਕਿ ਉਸ ਨੇ ਗਲਤ ਜਾਣਕਾਰੀ ਡੀਜੀਪੀ ਨਾਲ ਸਾਂਝੀ ਕੀਤੀ ਸੀ । ਉਧਰ ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਦੱਸ ਦੇ ਹੋਏ ਵੱਡੀ ਮੰਗ ਕੀਤੀ ਹੈ ।

ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਧੋਖੇ ਨਾਲ ਅੰਮ੍ਰਿਤਪਾਲ ਦੀ ਬੈਰਕ ਅਤੇ ਬਾਥਰੂਮ ਵਿੱਚ ਕੈਮਰੇ ਲਗਾ ਦਿੱਤੇ ਗਏ ਸਨ । ਬਲਬ ਬਦਲਣ ਦੇ ਨਾਂ ‘ਤੇ ਕੈਮਰੇ ਫਿਟ ਕੀਤੇ ਗਏ ਅਤੇ ਉਨ੍ਹਾਂ ਦੀ ਨਿੱਜਤਾ ਦੇ ਅਧਿਕਾਰ ਵਿੱਚ ਦਖਲ਼ ਅੰਦਾਜ਼ੀ ਕੀਤੀ ਗਈ । ਵਕੀਲ ਨੇ ਇਹ ਵੀ ਦੱਸਿਆ ਕਿ ਮੈਨੂੰ ਅੰਮ੍ਰਿਤਪਾਲ ਸਿੰਘ ਨੇ ਫੋਨ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਸੀ ।

ਉਧਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਚਾਚਾ ਸੁਖਚੈਨ ਸਿੰਘ ਨੇ ਕਿਹਾ ਸਾਡੇ ਪੁੱਤਰ ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਖਤਰਾ ਹੈ । ਅਸੀਂ ਡੀਸੀ ਨੂੰ ਮੰਗ ਪੱਤਰ ਦਿੱਤਾ ਸੀ ਤਾਂ ਉਨ੍ਹਾਂ ਨੇ ਸਾਨੂੰ ਗ੍ਰਹਿ ਸਕੱਤਰ ਦਾ ਫੋਨ ਨੰਬਰ ਦਿੱਤਾ ਪਰ ਉਹ ਫੋਨ ਨਹੀਂ ਚੁੱਕ ਰਹੇ ਹਨ। ਪਰਿਵਾਰ ਨੇ ਕਿਹਾ ਸਾਡੇ ਬੱਚੇ ਭੁੱਖ ਹੜਤਾਲ ਦੇ ਬੈਠੇ ਹਨ ਪਰ ਸਰਕਾਰ ਇਸ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ ਹੈ,ਅੰਮ੍ਰਿਤਪਾਲ ਸਿੰਘ ਦੀ ਮਾਂ ਵੀ ਭੁੱਖ ਹੜਤਾਲ ਤੇ ਹੈ। ਅਸੀਂ ਪੁੱਤਰ ਨੂੰ ਰਿਹਾਅ ਕਰਨ ਦੇ ਬਾਰੇ ਨਹੀਂ ਕਹਿ ਰਹੇ ਹਾਂ, ਕਾਨੂੰਨ ਦੇ ਮੁਤਾਬਿਕ ਕੇਸ ਚੱਲੇ । ਅਸੀਂ ਸਿਰਫ਼ ਇਹ ਮੰਗ ਕਰ ਰਹੇ ਹਾਂ ਕਿ ਸਾਡੇ ਪੁੱਤਰ ਦੀ ਜਾਨ ਨੂੰ ਖਤਰਾਂ ਹੈ ਉਸ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ। ਉਧਰ ਭੁੱਖ ਹੜਤਾਲ ਦੇ ਬੈਠੇ ਪਰਿਵਾਰ ਦੇ ਨਾਲ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਮੁਲਾਕਾਤ ਕੀਤੀ ।

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਅਸੀਂ ਇਸ ਮਾਮਲੇ ਬਾਰੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਗੱਲ ਕਰਾਂਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਪਹਿਲਾਂ ਵੀ ਪੰਜਾਬ ਤੋਂ ਬਾਹਰ ਜੇਲ੍ਹਾਂ ਕੱਟੀਆਂ ਹਨ ਪਰ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਉਨ੍ਹਾਂ ਦੀ ਨਿੱਜਤਾ ’ਤੇ ਹਮਲਾ ਕਰਦਿਆਂ ਬਾਥਰੂਮਾਂ ਵਿੱਚ ਵੀ ਕੈਮਰੇ ਤੇ ਰਿਕਾਰਡਰ ਲਗਾ ਦਿੱਤੇ ਜਾਣ ਅਤੇ ਮਾਨਸਿਕ ਤੌਰ ’ਤੇ ਤੰਗ ਪਰੇਸ਼ਾਨ ਕਰਨ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਵਿਰੋਧ ਵਿੱਚ ਸਿੱਖਾਂ ਨੇ ਉੱਥੇ ਸੰਘਰਸ਼ ਦਾ ਰਾਹ ਚੁਣਦਿਆਂ ਭੁੱਖ ਹੜਤਾਲ ਸ਼ੁਰੂ ਕੀਤੀ, ਜਿਸ ਨਾਲ ਪੰਜਾਬ ਅੰਦਰ ਪਰਿਵਾਰਾਂ ਦੀ ਚਿੰਤਾਵਾਂ ਵੀ ਵਧੀਆਂ।

ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਤੋਂ ਸਿੰਘਾਂ ਦੇ ਪਰਿਵਾਰਾਂ ਵੱਲੋਂ ਵੀ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ।ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਇਨ੍ਹਾਂ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੀ ਗੱਲ ਤੁਰੰਤ ਸੁਣੀ ਜਾਵੇ ਅਤੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਡਿਬਰੂਗੜ੍ਹ ਜੇਲ੍ਹ ਵਿੱਚ ਸਿੱਖ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਗੁਰਮਤਿ ਸਿਧਾਂਤ ਭੁੱਖ ਹੜਤਾਲ ਜਰੀਏ ਸ਼ਰੀਰ ਨੂੰ ਕਸ਼ਟ ਦੇਣ ਦੀ ਇਜ਼ਾਜਤ ਨਹੀਂ ਦਿੰਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਉਹ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਚਾਰ ਕਰਨਗੇ ਕਿ ਭੁੱਖ ਹੜਤਾਲ ’ਤੇ ਬੈਠੇ ਇਨ੍ਹਾਂ ਪਰਿਵਾਰਾਂ ਦੇ ਨਾਲ ਬੈਠ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇ।