Punjab

ਜਥੇਦਾਰ ਸ੍ਰੀ ਅਕਾਲ ਤਖਤ ਨੇ 27 ਮਾਰਚ ਲਈ ਕੀਤਾ ਵੱਡਾ ਐਲਾਨ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਪੰਜਾਬ ਸਰਕਾਰ ਦੀ ਕਾਰਵਾਈ ਅਤੇ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਨੇ ਵੱਡਾ ਫੈਸਲਾ ਲਿਆ ਹੈ । ਉਨ੍ਹਾਂ ਨੇ 27 ਮਾਰਚ ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ ਵਿੱਚ ਸ਼੍ਰੀ ਅਕਾਲ ਤਖਤ ਦੀ ਅਗਵਾਈ ਹੇਠ ਸਾਂਝੀ ਵਿਸ਼ੇਸ਼ ਇਕਤੱਰਤਾ ਸੱਦੀ ਹੈ । ਇਸ ਵਿੱਚ ਸ਼੍ਰੋਮਣੀ ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ,ਦਲ ਪੰਥ, ਸਿੱਖ ਜਥੇਬੰਦੀਆਂ, ਬੁੱਧੀਜੀਵੀਆਂ, ਵਕੀਲਾਂ, ਪੱਤਰਕਾਰਾਂ, ਵਿਦਿਆਰਥੀ ਜਥੇਬੰਦੀਆਂ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਧਿਰਾਂ ਦੇ ਚੋਣਵੇਂ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ । ਇਕੱਤਰਤਾ ਦੇ ਸੱਦੇ ਲਈ ਜਾਰੀ ਹੋਏ ਪੋਸਟਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਇਕੱਤਰਤਾ ਪੰਜਾਬ ਵਿੱਚ ਮੌਜੂਦਾ ਸਮੇਂ ਚੱਲ ਰਹੇ ਹਾਲਾਤਾਂ, ਸਿੱਖਾਂ ਦੇ ਮਨਾਂ ਵਿੱਚ ਲੰਮੇ ਸਮੇਂ ਤੋਂ ਪਸਰੇ ਬੇਚੈਨੀ ਦੇ ਮਾਹੌਲ ਅਤੇ ਸਿੱਖ ਨੌਜਵਾਨਾਂ ਦੀਆਂ ਨਾਜਾਇਜ਼ ਗ੍ਰਿਫਤਾਰੀਆਂ ਉੱਤੇ ਵਿਚਾਰ ਉਪਰੰਤ ਭਵਿੱਖ ਦੀ ਵਿਉਂਤਬੰਦੀ ਲਈ ਸੱਦੀ ਗਈ ਹੈ।

ਜਥੇਦਾਰ ਸਾਹਿਬ ਵੱਲੋਂ ਸੱਦੀ ਇਕਤੱਤਰਾ ਦੇ ਕੀ ਸੰਕੇਤ ?

ਸ਼ਨਿੱਚਰਵਾਰ ਜਦੋਂ ਪੰਜਾਬ ਪੁਲਿਸ ਨੇ ਆਪਰੇਸ਼ਨ ਅੰਮ੍ਰਿਤਪਾਲ ਸਿੰਘ ਸ਼ੁਰੂ ਕੀਤਾ ਹੈ ਉਸ ਵੇਲੇ ਤੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਸੂਬਾ ਅਤੇ ਕੇਂਦਰ ਸਰਕਾਰ ਨੂੰ 2 ਵਾਰ ਨਸੀਹਤ ਦਿੱਤੀ ਹੈ । ਹੁਣ ਪੰਥਕ ਇਕੱਤਰਤਾ ਐਕਸ਼ਨ ਵੱਲ ਇਸ਼ਾਰਾ ਕਰ ਰਹੀ ਹੈ । ਜਿਸ ਦੇ ਲਈ ਜਥੇਦਾਰ ਸਾਹਿਬ ਸਾਰੀਆਂ ਧਿਰਾਂ ਦੇ ਨਾਲ ਵਿਚਾਰ ਕਰਨਾ ਚਾਉਂਦੇ ਸਨ। ਉਹ ਹੁਣ ਐਕਸ਼ਨ ਕੀ ਹੋਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ । ਹੋ ਸਕਦਾ ਹੈ ਜਥੇਦਾਰ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਦੀ ਕਾਨੂੰਨੀ ਮਦਦ ਦੇ ਲਈ SGPC ਨੂੰ ਨਿਰਦੇਸ਼ ਦੇਣ ਜਾਂ ਫਿਰ ਪੰਥ ਦੇ ਨਾਂ ਸੁਨੇਹਾ ਦੇ ਕੇ ਅੱਗੇ ਦੀ ਰਣਨੀਤੀ ਬਾਰੇ ਵੀ ਵੱਡਾ ਐਲਾਨ ਕਰ ਸਕਦੇ ਹਨ । ਇਸ ਤੋਂ ਪਹਿਲਾਂ ਬੀਤੇ ਦਿਨੀਂ ਜਥੇਦਾਰ ਸਾਹਿਬ ਨੇ ਆਪਣੇ ਬਿਆਨ ਵਿੱਚ ਬਹੁਤ ਹੀ ਅਹਿਮ ਗੱਲ ਕਹੀ ਸੀ ਉਸ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

ਜਥੇਦਾਰ ਨੇ ਸੂਬਾ ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਨੂੰ ਸਟੇਬਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਬਾਰਡਰ ਸਟੇਟ ਹੈ,ਜੇਕਰ ਪੰਜਾਬ ਨੂੰ ਸਟੇਬਲ ਕਰਨਾ ਹੈ ਤਾਂ ਸਿੱਖਾਂ ਨਾਲ ਗੱਲ ਕਰਨੀ ਹੋਵੇਗੀ। ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨਾ ਹੋਵੇਗਾ ਇਸ ਤਰ੍ਹਾਂ ਦੇ ਦਹਿਸ਼ਤ ਦੇ ਮਾਹੌਲ ਸਿਰਜ ਨਾਲ ਨਾ ਪੰਜਾਬ ਸ਼ਾਂਤ ਰਹੇਗਾ ਨਾ ਹੀ ਭਾਰਤ ਸ਼ਾਂਤ ਰਹੇਗਾ । ਸੂਬਾ ਸਰਕਾਰ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਉਹ ਇਹ ਕੰਮ ਨਹੀਂ ਕਰ ਰਹੇ ਹਨ । ਹੋ ਸਕਦਾ ਹੈ ਕਿ ਜਥੇਦਾਰ ਸਾਹਿਬ ਸਰਕਾਰ ਪੰਥਕ ਇਕੱਤਰਤਾ ਦੌਰਾਨ ਅਜਿਹੇ ਕੋਈ ਕਮੇਟੀ ਦਾ ਗਠਨ ਕਰਨ ਜੋ ਸੂਬਾ ਜਾਂ ਫਿਰ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਮਸਲੇ ਦਾ ਸ਼ਾਂਤੀ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕਰੇ । ਜਿਸ ਨਾਲ ਜੇਲ੍ਹ ਵਿੱਚ ਬੰਦ ਨੌਜਵਾਨਾਂ ਦੀ ਰਿਹਾਈ ਹੋ ਸਕੇ । ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਚੰਗੀ ਗੱਲ ਹੋਵੇਗਾ,ਪੰਜਾਬ ਸਰਕਾਰ ਨੂੰ ਵੀ ਪਤਾ ਹੈ ਸ੍ਰੀ ਅਕਾਲ ਤਖਤ ਦੇ ਹੁਕਮਾਂ ਦੇ ਕੀ ਮਾਇਨੇ ਹਨ ਅਤੇ ਜੇਕਰ ਜਥੇਦਾਰ ਸਾਹਿਬ ਵੱਲੋਂ ਕੋਈ ਨਿਰਦੇਸ਼ ਜਾਰੀ ਹੁੰਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਇਸ ਨੂੰ ਨਜ਼ਰ ਅੰਦਾਜ਼ ਕਰਨਾ ਆਸਾਨ ਨਹੀਂ ਹੋਵੇਗਾ।