ਬਿਉਰੋ ਰਿਪੋਰਟ: ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਸਾਂਸਦ ਬਣੇ ਅੰਮ੍ਰਿਤਪਾਲ ਸਿੰਘ ਨੂੰ ਸਾਂਸਦ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਮਿਲਣ ਦੀਆਂ ਖ਼ਬਰਾਂ ਵਿਚਾਲੇ ਉਨ੍ਹਾਂ ਦੀ ਮਾਤਾ ਦਾ ਬਿਆਨ ਸਾਹਮਣੇ ਆਇਆ ਹੈ। ਇਸ ’ਤੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਮੀਡੀਆ ਤੋਂ ਹੀ ਇਹ ਖ਼ਬਰ ਮਿਲੀ ਹੈ, ਫਿਲਹਾਲ ਉਨ੍ਹਾਂ ਕੋਲ ਇਸ ਦੀ ਅਧਿਕਾਰਿਤ ਜਾਣਕਾਰੀ ਨਹੀਂ ਹੈ।
ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਉਹ ਸ਼ਾਮ ਤੱਕ ਇਸ ਖ਼ਬਰ ’ਤੇ ਪੱਕੀ ਮੋਹਰ ਲਾ ਸਕਦ ਹਨ। ਉਨ੍ਹਾਂ ਇਹ ਵੀ ਕਿਹਾ ਜਦੋਂ ਲੋਕ ਸਭਾ ਸਾਂਸਦ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਤਾਂ ਮਾਤਾ ਪਿਤਾ ਉਨ੍ਹਾਂ ਦੇ ਨਾਲ ਜਾਣਗੇ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਅਜਿਹਾ ਹੋ ਜਾਂਦਾ ਹੈ ਤਾਂ ਉਹ ਸਰਕਾਰ ਦੇ ਸ਼ੁਕਰਗੁਜ਼ਾਰ ਹੋਣਗੇ ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਹੱਕ ਨਾਲ ਚੋਣ ਲੜ ਕੇ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਹੈ। ਲੋਕਾਂ ਦੇ ਦਿੱਤੇ ਫ਼ਤਵੇ ਮੁਤਾਬਕ ਉਨ੍ਹਾਂ ਨੂੰ ਸਹੁੰ ਚੁੱਕਣ ਦਾ ਹੱਕ ਮਿਲਣਾ ਚਾਹੀਦਾ ਹੈ।
’ਦ ਖ਼ਾਲਸ ਟੀਵੀ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਇਹ ਵੀ ਮੰਨਿਆ ਕਿ ਉਹ ਹਾਲੇ ਤੱਕ ਇਸ ਮੁੱਦੇ ਤੇ ਅਦਾਲਤ ਨਹੀਂ ਗਏ ਸਨ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਜੁਲਾਈ ਦੇ ਪਹਿਲੇ ਹਫ਼ਤੇ ਉਨ੍ਹਾਂ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਮਿਲ ਸਕਦੀ ਹੈ।
ਦਰਅਸਲ ਮੀਡੀਆ ਵਿੱਚ ਸੂਤਰਾਂ ਦੇ ਹਵਾਲੇ ਨਾਲ ਰਿਪੋਰਟਾਂ ਆ ਰਹੀਆਂ ਹਨ ਕਿ ਕੌਮੀ ਜਾਂਚ ਏਜੰਸੀ (NIA) ਨੇ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਇਸ ’ਤੇ ਕੋਈ ਅਧਿਕਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਉਹ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਅੰਮ੍ਰਿਤਪਾਲ ਨੇ ਅਜੇ ਤੱਕ ਸੰਸਦ ਮੈਂਬਰ ਦੀ ਸਹੁੰ ਨਹੀਂ ਚੁੱਕੀ ਹੈ ਜਦੋਂ ਕਿ ਪੰਜਾਬ ਦੇ ਹੋਰ 12 ਸੰਸਦ ਮੈਂਬਰਾਂ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ।