Punjab

ਅੰਮ੍ਰਿਤਧਾਰੀ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਤਕਰੀਰ ਦੇ ਵੱਡੇ ਸੁਨੇਹੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਐਤਵਾਰ ਨੂੰ ਸਿੱਖ ਪੰਥ ਦੇ ਕਈ ਵੱਡੇ ਗੁਰੂ ਘਰਾਂ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਪਰ ਐਤਕੀਂ ਦੇ ਐਤਵਾਰ ਖਾਲਸੇ ਦੀ ਧਰਤੀ ਤਖ਼ਤ ਸ਼੍ਰੀ ਕੇਸਗੜ ਸਾਹਿਬ, ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਦੀ ਦਾਤ ਲੈਣ ਪਹੁੰਚੇ ਪ੍ਰਾਣੀਆਂ ਦਾ ਉਤਸ਼ਾਹ ਕੁਝ ਵੱਖਰੀ ਕਿਸਮ ਦਾ ਦਿਖਿਆ। ਪੰਜਾਬ ਦੀ ਨੌਜਵਾਨੀ ਵੱਖਰੀ ਕਰਵਟ ਲੈਂਦੀ ਦਿਖਾਈ ਦਿੱਤੀ। ਦਰਅਸਲ, ਇਸ ਵਾਰ ਸਿੰਘ ਸਜਕੇ ਗੁਰੂ ਵਾਲੇ ਬਣਨ ਦਾ ਸੱਦਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਦਿੱਤਾ ਸੀ। ਅੰਮ੍ਰਿਤਪਾਲ ਸਿੰਘ ਨੇ 25 ਸਤੰਬਰ ਨੂੰ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਪਹੁੰਚੇ ਨੌਜਵਾਨਾਂ ਸਮੇਤ ਆਪ ਵੀ ਅੰਮ੍ਰਿਤ ਦੀ ਦਾਤ ਹਾਸਲ ਕੀਤੀ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੱਛਮ ਵੱਲ ਜਿੰਨਾ ਮਰਜ਼ੀ ਭੱਜ ਲਈਏ ਪਰ ਆਖਰ ਨੂੰ ਸਾਨੂੰ ਗੁਰੂ ਵੱਲ ਮੁੱਖ ਕਰਨਾ ਪੈਣਾ ਹੈ। ਉਸ ਤੋਂ ਬਿਨਾਂ ਸਰਨਾ ਨਹੀਂ ਕਿਉਂਕਿ ਗੁਰੂ ਤੋਂ ਬਿਨਾਂ ਸਾਡਾ ਕੋਈ ਨਹੀਂ ਹੈ ਤੇ ਜਿਹੜੀ ਆਜ਼ਾਦੀ ਦੀ ਅਸੀਂ ਗੱਲ ਕਰਦੇ ਹਾਂ, ਉਹ ਉਦੋਂ ਪ੍ਰਾਪਤ ਹੋਵੇਗੀ ਜਦੋਂ ਅਸੀਂ ਮੌਤ ਦੇ ਭੈਅ ਤੋਂ ਮੁਕਤ ਹੋਏ ਅਤੇ ਮੌਤ ਦੇ ਭੈਅ ਤੋਂ ਮੁਕਤੀ ਉਦੋਂ ਮਿਲੇਗੀ ਜਦੋਂ ਅਸੀਂ ਅੰਮ੍ਰਿਤਪਾਨ ਕਰ ਲਵਾਂਗੇ।

ਅੰਮ੍ਰਿਤਪਾਲ ਸਿੰਘ ਨੇ ਖੰਡੇ ਬਾਟੇ ਦੀ ਪਾਹੁਲ ਦਾ ਪ੍ਰਬੰਧ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਤੇ ਸਭ ਨੂੰ ਨਾਲ ਲੈ ਕੇ ਚੱਲਣ ਦਾ ਸੁਨੇਹਾ ਦਿੱਤਾ। ਅੰਮ੍ਰਿਤਪਾਲ ਸਿੰਘ ਨੇ ਸਿਆਣਪ ਨਾਲ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੇ ਕੇਸ ਕਤਲ ਕਰਵਾਏ ਹਨ, ਹਾਲੇ ਗੁਰੂ ਵਾਲੇ ਨਹੀਂ ਬਣੇ, ਉਨਾਂ ਨਾਲ ਸਾਡਾ ਜ਼ਿਆਦਾ ਪ੍ਰੇਮ ਹੈ ਕਿਉਂਕਿ ਜਿਹੜੇ ਗੁਰੂ ਵਾਲੇ ਬਣ ਗਏ ਉਹ ਤਾਂ ਕੱਠੇ ਹੋ ਈ ਗਏ ਪਰ ਜਿਹੜੇ ਦੂਰ ਨੇ ਉਨਾਂ ਨੂੰ ਪਿਆਰ ਨਾਲ ਗਲ ਲਾਉਣ ਦੀ ਲੋੜ ਹੈ।

ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਗੁਰੂ ਸਾਹਿਬ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਕੀਤਾ। ਅੰਮ੍ਰਿਤਪਾਲ ਸਿੰਘ ਨੇ ਆਪਣੇ ਨਾਲ ਅੰਮ੍ਰਿਤ ਛਕਣ ਵਾਲੇ ਸਾਰੇ ਸਿੰਘਾਂ ਨੂੰ ਨਵੇਂ ਜਨਮ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਜੀਵਨ ਦੇ ਅਨੇਕ ਪਾਪ ਗੁਰੂ ਸਾਹਿਬ ਜੀ ਨੇ ਆਪਣੀ ਝੋਲੀ ਵਿੱਚ ਪਾ ਕੇ ਸਾਨੂੰ ਸੱਚਾ ਜੀਵਨ ਮਰਿਆਦਾ ਅਨੁਸਾਰ ਜਿਊਣ ਲਈ ਦੱਸਿਆ ਹੈ।

ਅੰਮ੍ਰਿਤਪਾਲ ਸਿੰਘ ਨੇ ‘ਗੁਰਭਾਈ ਲਹਿਰ’ ਨਾਂ ਦੀ ਇੱਕ ਲਹਿਰ ਚਲਾਉਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਲਹਿਰ ਵਿੱਚ ਸਾਰੀਆਂ ਭੈਣਾਂ ਭਰਾ ਸ਼ਾਮਿਲ ਹੋਣਗੀਆਂ। ਇਸ ਲਹਿਰ ਤਹਿਤ ਜਿਹੜਾ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜੇਗਾ, ਉਹ ਮੇਰਾ ਗੁਰਭਾਈ ਅਤੇ ਗੁਰ ਭੈਣ ਬਣ ਜਾਣਗੇ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਹੜੇ ਸਿੰਘ ਅੱਜ ਰਹਿ ਗਏ ਹਨ, ਉਨ੍ਹਾਂ ਨੂੰ ਅਸੀਂ ਅਗਲੀ ਵਾਰ ਘੇਰਾਂਗੇ ਭਾਵ ਉਨ੍ਹਾਂ ਨੂੰ ਹਰ ਵਾਰ ਅੰਮ੍ਰਿਤ ਛਕਣ ਦੇ ਲਈ ਪ੍ਰੇਰਿਤ ਕਰਾਂਗੇ। ਉਹਨਾਂ ਨੇ ਕਿਹਾ ਕਿ ਅੱਜ ਗੁਰੂ ਦੀ ਦਾਤ ਲੈ ਕੇ ਮੈਨੂੰ ਜੋ ਮਹਿਸੂਸ ਹੋਇਆ, ਉਹ ਮੈਂ ਬੋਲ ਕੇ ਬਿਆਨ ਨਹੀਂ ਕਰ ਸਕਦਾ। ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੀ ਪੀੜੀ ਵਿੱਚ ਸ਼ਾਮਿਲ ਕਰਕੇ ਆਪਣਾ ਪੁੱਤ ਬਣਾ ਲਿਆ ਹੈ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਅੰਮ੍ਰਿਤ ਛਕਣ ਦੇ ਲਈ 10-20 ਬੰਦਿਆਂ ਦਾ ਜਥਾ ਸੋਚ ਕੇ ਬੈਠੇ ਸੀ, ਪਰ ਏਨਾ ਵੱਡਾ ਪ੍ਰੋਗਰਾਮ ਹੋ ਜਾਣਾ ਸੀ। ਇਹ ਸਭ ਤੋਂ ਵੱਡੀ ਸੇਵਾ ਹੈ। ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਹੈ, ਉਨ੍ਹਾਂ ਨੇ ਪ੍ਰਣ ਕਰਨਾ ਹੈ ਕਿ ਅੱਗੇ ਪੰਜ ਪੰਜ ਸਿੰਘਾਂ, ਭੈਣਾਂ ਨੂੰ ਅੰਮ੍ਰਿਤ ਛਕਾਉਣਾ ਹੈ ਅਤੇ ਸੋਚਣਾ ਹੈ ਕਿ ਜਿੰਨਾ ਚਿਰ ਤੁਸੀਂ ਪੰਜ ਸਿੰਘਾਂ ਨੂੰ ਅੰਮ੍ਰਿਤ ਨਹੀਂ ਛਕਾਉਂਦੇ, ਉਦੋਂ ਤੱਕ ਤੁਹਾਡਾ ਜੀਵਨ ਸਫ਼ਲਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਅੱਜ ਅੰਮ੍ਰਿਤ ਨਹੀਂ ਛਕਿਆ ਉਨ੍ਹਾਂ ਨੇ ਉਦਾਸ ਨਹੀਂ ਹੋਣਾ, ਅਗਲੀ ਵਾਰ ਜ਼ਰੂਰ ਛਕਣਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੌਤ ਅਸੀਂ ਆਪਣੀ ਗੁਰੂ ਦੇ ਚਰਨਾਂ ਵਿੱਚ ਰੱਖੀ ਹੈ। ਹੁਣ ਉਦੋਂ ਮਰਾਂਗੇ ਜਦੋਂ ਗੁਰੂ ਦੀ ਦੱਸੀ ਮਰਿਆਦਾ ਤੋਂ ਭਟਕ ਗਏ।

ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ 27 ਸਤੰਬਰ ਨੂੰ ਕੁਝ ਪਾਖੰਡੀ ਈਸਾਈ ਪਾਸਟਰਾਂ ਨੇ ਸਾਰਾ ਪੰਜਾਬ ਬੰਦ ਕਰਨ ਦੇ ਲਈ ਸੱਦਾ ਦਿੱਤਾ ਹੋਇਆ ਹੈ ਪਰ ਅਸੀਂ ਪੰਜਾਬ ਦੀ ਧਰਤੀ ਉੱਤੇ ਇਹ ਕਦੀ ਨਹੀਂ ਹੋਣ ਦੇਣਾ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਬਾਹਰ ਪਾਖੰਡੀ ਈਸਾਈ ਪਾਸਟਰਾਂ ਨੂੰ ਨਾ ਵੜਨ ਦੇਣ ਦੇ ਬੋਰਡ ਲਗਾ ਦੇਣ। ਇਸਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ 29 ਸਤੰਬਰ ਨੂੰ ਪਿੰਡ ਰੋਡੇ ਪਹੁੰਚਣ ਦਾ ਸੱਦਾ ਵੀ ਦਿੱਤਾ ਹੈ ਜਿੱਥੇ ਵਾਰਿਸ ਪੰਜਾਬ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਵੀ ਹੋਵੇਗੀ।

ਮਾਝੇ ਦੀ ਧਰਤੀ ਨਾਲ ਸਬੰਧ ਰੱਖਣ ਵਾਲਾ ਅੰਮ੍ਰਿਤਪਾਲ ਸਿੰਘ ਦੁਬਈ ਵਿੱਚ ਕਾਰੋਬਾਰ ਕਰਦਾ ਸੀ। ਦੀਪ ਸਿੱਧੂ ਦੀ ਬੇਵਕਤੀ ਮੌਤ ਤੋਂ ਬਾਅਦ ਅੰਮ੍ਰਿਤਸਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਪ੍ਰਧਾਨ ਬਣਾਇਆ ਗਿਆ ਤੇ ਪਿਛਲੇ ਦਿਨੀਂ ਅੰਮ੍ਰਿਤਪਾਲ ਪੰਜਾਬ ਦੇ ਹੱਕ ਹਾਸਲ ਕਰਨ ਲਈ ਵਿੱਢੀ ਲੜਾਈ ਨੂੰ ਅੰਜਾਮ ਤੱਕ ਲਿਜਾਣ ਲਈ ਦੁਬਈ ਨੂੰ ਛੱਡ ਕੇ ਸਦਾ ਲਈ ਪੰਜਾਬ ਪਰਤ ਆਇਆ ਹੈ। ਨੌਜਵਾਨ ਲੀਡਰ ਮੁਤਾਬਕ sovereignty ਹਰ ਇਨਸਾਨ ਦਾ ਹੱਕ ਹੈ।