India Punjab

ਸਿਰਸਾ ‘ਚ ਵੀ ਅਲਰਟ , ਹਿਰਾਸਤ ‘ਚ ਲਏ 60 ਲੋਕ

ਹਰਿਆਣਾ : ਪੰਜਾਬ ‘ਚ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਮਾਮਲੇ ਦਾ ਸੇਕ ਹਰਿਆਣਾ ਤੱਕ ਪਹੁੰਚ ਗਿਆ ਹੈ। ਸਿਰਸਾ ਦੇ ਨੈਸ਼ਨਲ ਹਾਈਵੇਅ 9 ‘ਤੇ ਪਿੰਡ ਮੋਰੀਵਾਲਾ ਨੇੜੇ ਸਿੱਖ ਸੰਗਤ ਨੇ ਅੰਮ੍ਰਿਤਪਾਲ ਦੇ ਸਮਰਥਨ ‘ਚ ਚੱਕਾ ਜਾਮ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਕਰੀਬ 60 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ।

ਹਿਰਾਸਤ ਵਿੱਚ ਲਏ ਗਏ ਸਾਰੇ ਵਿਅਕਤੀਆਂ ਨੂੰ ਸਿਰਸਾ ਦੀ ਪੁਲਿਸ ਲਾਈਨ ਲਿਆਂਦਾ ਗਿਆ। ਜਿਵੇਂ ਹੀ ਹੋਰ ਲੋਕਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਪੁਲਿਸ ਲਾਈਨ ਸਿਰਸਾ ਪਹੁੰਚ ਗਏ। ਇੱਥੇ ਉਨ੍ਹਾਂ ਨੇ ਨਜ਼ਰਬੰਦ ਕੀਤੇ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਿਰਸਾ ਪੁਲਿਸ ਨੇ ਵੀ ਇਸ ਮਾਮਲੇ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਸਿਰਸਾ ਦੇ ਐਸਪੀ ਡਾਕਟਰ ਅਰਪਿਤ ਜੈਨ ਨੇ ਵੀ ਸਿੱਖ ਭਾਈਚਾਰੇ ਅਤੇ ਹੋਰਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਸਿੱਖ ਆਗੂ ਲਖਵਿੰਦਰ ਸਿੰਘ ਨੇ ਪੰਜਾਬ ਵਿੱਚ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਸਿੱਖ ਕੌਮ ਦੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਪਰ ਅੱਜ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਕਈ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਾਰੇ ਸਾਥੀਆਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ।

ਪੰਜਾਬ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਨਾਕਾਬੰਦੀ

ਦੂਜੇ ਪਾਸੇ ਸਿਰਸਾ ਦੇ ਐਸਪੀ ਡਾ: ਅਰਪਿਤ ਜੈਨ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਕਿਸੇ ਵੀ ਵਿਅਕਤੀ ਨੂੰ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਨਾਲ ਲੱਗਦੀ ਸਿਰਸਾ ਸਰਹੱਦ ‘ਤੇ ਨਾਕਾਬੰਦੀ ਕੀਤੀ ਗਈ ਹੈ। ਜ਼ਿਲ੍ਹੇ ਵਿੱਚ 5 ਵਿਸ਼ੇਸ਼ ਨਾਕਿਆਂ ਸਮੇਤ 16 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਪੁਆਇੰਟਾਂ ‘ਤੇ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਗਏ ਹਨ। ਸਿਰਸਾ ਵਾਸੀਆਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।