‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਐਤਵਾਰ ਨੂੰ ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੇ ‘ਗੁਰਭਾਈ ਲਹਿਰ’ ਚਲਾਉਣ ਉੱਤੇ ਜ਼ੋਰ ਦਿੱਤਾ ਹੈ। ਇਸ ਲਹਿਰ ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਅੰਮ੍ਰਿਤਪਾਲ ਸਿੰਘ ਨੇ ਕੱਲ੍ਹ 1500 ਤੋਂ 2000 ਸਿੰਘਾਂ ਵੱਲੋਂ ਅੰਮ੍ਰਿਤ ਛਕੇ ਜਾਣ ਦਾ ਦਾਅਵਾ ਕੀਤਾ ਹੈ।
ਨੌਜਵਾਨਾਂ ਨੂੰ ਅੰਮ੍ਰਿਤ ਛਕਣ ਦੀ ਅਪੀਲ
ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਦੀ ਹਾਲਤ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਬਹੁਤ ਲੰਮੇ ਸਮੇਂ ਤੋਂ ਭਟਕਣਾ ਵਿੱਚ ਰਹੇ ਹਨ। ਜੋ ਨੌਜਵਾਨ ਇੱਥੇ ਹਨ, ਬਾਹਰ ਨਹੀਂ ਗਏ, ਉਹਨਾਂ ਵਿੱਚੋਂ ਬਹੁਤੇ ਨਸ਼ਿਆਂ ਵਿੱਚ ਲੱਗ ਗਏ ਹਨ। ਇਸ ਕਰਕੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਗੁਰੂ ਸਾਹਿਬ ਹੀ ਕੱਢ ਸਕਦੇ ਹਨ। ਇਸ ਲਈ ਅੰਮ੍ਰਿਤ ਦੀ ਦਾਤ ਲੈਣੀ ਬਹੁਤ ਜ਼ਰੂਰੀ ਹੈ। ਅੰਮ੍ਰਿਤ ਛਕਣ ਤੋਂ ਬਾਅਦ ਸਾਡੇ ਅੰਦਰ ਧਾਰਮਿਕ ਅਤੇ ਰਾਜਸੀ ਚੇਤੰਨਤਾ ਆਉਂਦੀ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਅੰਮ੍ਰਿਤ ਛਕਣ ਦੀ ਇੱਛਾ ਸੀ, ਪਰਮਾਤਮਾ ਮਿਹਰ ਕਰੇ ਉਨ੍ਹਾਂ ਨੂੰ ਨਵਾਂ ਜਨਮ ਦੇਣ ਅਤੇ ਉਸਦੀ ਅੰਮ੍ਰਿਤ ਛਕਣ ਦੀ ਇੱਛਾ ਪੂਰੀ ਹੋਵੇ।
ਧਰਮ ਯੁੱਧ ਦਾ ਦੱਸਿਆ ਅਰਥ
ਉਨ੍ਹਾਂ ਨੇ ਧਰਮ ਯੁੱਧ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਧਰਮ ਯੁੱਧ ਵਿੱਚ ਸ਼ਾਮਿਲ ਹੋਣਾ ਹੈ। ਧਰਮ ਯੁੱਧ ਦਾ ਮਤਲਬ ਸਮਾਜ ਵਿੱਚ ਆਈਆਂ ਕੁਰੀਤੀਆਂ ਦੇ ਨਾਲ ਲੜਨਾ ਹੈ। ਪਹਿਲਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਲੜਨਾ ਹੈ ਅਤੇ ਜੇ ਸ਼ਾਂਤਮਈ ਤਰੀਕਾ ਕੰਮ ਨਾ ਕਰੇ ਤਾਂ ਸਿੱਖ ਸ਼ਸਤਰਧਾਰੀ ਤਾਂ ਰਹਿੰਦਾ ਹੀ ਹੈ। ਜਿੱਥੇ ਤਰਲੇ ਮਿੰਨਤ ਤੋਂ ਗੱਲ ਅੱਗੇ ਲੰਘ ਜਾਵੇ ਤਾਂ ਉੱਥੇ ਸ਼ਸਤਰ ਵਰਤਣੇ ਚਾਹੀਦੇ ਹਨ।
ਰਾਸ਼ਟਰ ਨੂੰ ਸਵਾਲ
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੋਈ ਹਿੰਦੂ ਰਾਸ਼ਟਰ ਦੇ ਨਾਂ ਉੱਤੇ ਸਮਾਗਮ ਕਰਨ, ਰੈਲੀ ਕਰਨ ਅਤੇ ਕਹਿਣ ਕਿ ਅਸੀਂ ਹਿੰਦੂ ਤੋਂ ਬਿਨਾਂ ਰਾਸ਼ਟਰ ਵਿੱਚ ਕੋਈ ਰਹਿਣ ਨਹੀਂ ਦੇਣਾ, ਉਸ ਉੱਤੇ ਕੋਈ ਗ੍ਰਿਫਤਾਰੀ ਨਹੀਂ ਹੁੰਦੀ ਪਰ ਜੇ ਸਿੱਖ ਖ਼ਾਲਿਸਤਾਨ ਦਾ ਨਾਂ ਲੈ ਲਵੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਨੂੰ ਸਵਾਲ ਕਰਨਾ ਬਣਦਾ ਹੈ ਕਿ ਜਿਹੜਾ ਰਾਸ਼ਟਰ ਆਪਣੇ ਬਣਾਏ ਹੋਏ ਕਾਨੂੰਨ ਨੂੰ ਆਪ ਹੀ ਫੋਲੋ ਨਹੀਂ ਕਰਦਾ, ਉਹ ਆਪਣੀ ਪਰਜਾ ਨੂੰ ਕਾਨੂੰਨ ਪਾਲਣ ਕਰਨ ਦੇ ਲਈ ਕਿਵੇਂ ਕਹਿ ਸਕਦਾ ਹੈ।
ਨੌਜਵਾਨਾਂ ਨੂੰ ਅਪੀਲ
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੇਰੇ ਕੋਲ ਸਿਰਫ਼ ਮੇਰੀ ਜਾਨ ਹੈ, ਜੋ ਗੁਰੂ ਸਾਹਿਬ ਜੀ ਅੱਗੇ ਰੱਖ ਦਿੱਤੀ ਹੈ। ਸਟੇਟ ਸੱਚ ਦੀ ਆਵਾਜ਼ ਨੂੰ ਦੱਬਣ ਲਈ ਹਰ ਹੀਲੇ ਵਸੀਲੇ ਵਰਤਦੀ ਹੈ, ਜੋ ਮੇਰੇ ਉੱਤੇ ਵੀ ਵਰਤੇਗੀ, ਮੈਨੂੰ ਪਤਾ ਹੈ। ਇਸ ਲਈ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਜਦੋਂ ਤੱਕ ਤੁਸੀਂ ਮੇਰੇ ਨਾਲ ਹੋ ਉਦੋਂ ਤੱਕ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇ ਮੈਂ ਆਪਣੀਆਂ ਗੱਲਾਂ ਤੋਂ ਮੁੱਕਰ ਜਾਵਾਂ, ਤਾਂ ਮੈਂ ਨੌਜਵਾਨਾਂ ਦਾ ਦੋਸ਼ੀ ਹੈ।
ਪਾਖੰਡੀ ਪਾਸਟਰਾਂ ਬਾਰੇ ਸਖ਼ਤ ਐਲਾਨ
ਪਾਖੰਡੀ ਪਾਸਟਰਾਂ ਬਾਰੇ ਇੱਕ ਵਾਰ ਫਿਰ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੁਰਦਾਘਰ ਵਿੱਚੋਂ ਇੱਕ ਮੁਰਦਾ ਲੈ ਜਾਉ ਤੇ ਜਿਹੜਾ ਪਾਸਟਰ ਕਹੇ ਕਿ ਉਹ ਮਰੇ ਬੰਦੇ ਜਿਊਂਦਾ ਕਰਦਾ ਹੈ, ਉਸਨੂੰ ਕਹੋ ਕਿ ਇਸਨੂੰ ਜਿਊਂਦੇ ਕਰੋ, ਕੈਂਸਰ ਦੇ ਮਰੀਜ਼ ਠੀਕ ਕਰਵਾਉ। ਜੇ ਇੱਦਾਂ ਹੋਣ ਲੱਗ ਪਿਆ ਤਾਂ ਡਾਕਟਰਾਂ ਦਾ ਕੀ ਫਾਇਦਾ, ਸਰਕਾਰਾਂ ਅੱਗੇ ਅਸੀਂ ਕਿਉਂ ਰੋ ਰਹੇ ਹਾਂ। ਚਮਤਕਾਰ ਹੁੰਦਾ ਹੈ, ਇਸ ਤੋਂ ਅਸੀਂ ਮੁਨਕਰ ਨਹੀਂ ਹਾਂ ਪਰ ਚਮਤਕਾਰ ਬੰਦੇ ਦੇ ਹੱਥ ਨਹੀਂ ਪਰਮਾਤਮਾ ਦੇ ਹੱਥ ਹੁੰਦਾ ਹੈ। ਭਾਰਤ ਸਰਕਾਰ ਇਸ ਤਰ੍ਹਾਂ ਦੇ ਪਾਖੰਡਾਂ ਨੂੰ ਵਧਾਵਾ ਦਿੰਦਾ ਹੈ। ਇਹ ਮਸਲਾ ਸਿੱਖ V/S ਇਸਾਈ ਬਣਨ ਤੋਂ ਪਹਿਲਾਂ ਇਸ ਉੱਤੇ ਨੱਥ ਪਾਉਣੀ ਚਾਹੀਦੀ ਹੈ ਅਤੇ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰ ਕੋਲ ਸਾਰੇ ਵਸੀਲੇ ਹਨ। ਜੇ ਲੋਕ ਇਸ ਮਸਲੇ ਦਾ ਹੱਲ ਕਰਨ ਉੱਤੇ ਤੁਰ ਪਏ ਤਾਂ ਸਰਕਾਰਾਂ ਔਖੀਆਂ ਹੁੰਦੀਆਂ ਹਨ।
ਕੀ ਰਾਜਨੀਤੀ ਵਿੱਚ ਜਾਵੇਗੀ ਵਾਰਿਸ ਪੰਜਾਬ ਦੇ ਜਥੇਬੰਦੀ ?
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਰਾਜਨੀਤੀ ਵਿੱਚ ਜਾਣ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜਥੇਬੰਦੀ ਸਟੂਡੈਂਟ ਪਾਲੀਟਿਕਸ ਉੱਤੇ ਜਾ ਸਕਦੀ ਹੈ ਪਰ ਹੋਰ ਕਿਸੇ ਰਾਜਨੀਤਿਕ ਖਿੱਤੇ ਵਿੱਚ ਜਥੇਬੰਦੀ ਸਿੱਧੇ ਤੌਰ ਉੱਤੇ ਸ਼ਾਮਿਲ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖ ਸਟੇਟ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਜਦੋਂ ਅਸੀਂ ਅਨੰਦਪੁਰ ਸਾਹਿਬ ਵਾਲੇ ਘਰ ਵਿੱਚ ਵੜ ਗਏ, ਗੁਲਾਮੀ ਆਪੇ ਗਲੋਂ ਲਹਿ ਜਾਣੀ ਹੈ।