Punjab

ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਸਰਬਜੀਤ ਸਿੰਘ ਦਾ ਵੱਡਾ ਸਿਆਸੀ ਇਸ਼ਾਰਾ! ਵਿਰੋਧੀ ਧਿਰਾਂ ਲਈ ਨਵੀਂ ਮੁਸੀਬਤ

ਬਿਉਰੋ ਰਿਪੋਰਟ – ਖਡੂਰ ਸਾਹਿਬ ਤੋਂ ਚੋਣ ਜਿੱਤਣ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਸਿਆਸਤ ਵਿੱਚ ਹੋਰ ਸਰਗਰਮ ਹੋ ਸਕਦੇ ਹਨ। ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਖਾਲਸਾ ਨੇ ਇਸ ਵੱਲ ਇਸ਼ਾਰਾ ਕਰ ਦਿੱਤਾ ਹੈ। ਸੰਗਰੂਰ ਵਿੱਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਸਨਮਾਨ ਕੀਤੇ ਜਾਣ ਤੋਂ ਬਾਅਦ ਪਿਤਾ ਤਰਸੇਮ ਸਿੰਘ ਨੇ ਕਿਹਾ SGPC ਦੀਆਂ ਚੋਣਾਂ ਦੇ ਨਾਲ ਅਸੀਂ ਵਿਧਾਨਸਭਾ ਦੀਆਂ ਚੋਣਾਂ ਵੀ ਲੜਾਂਗੇ। ਹਾਲਾਂਕਿ ਉਨ੍ਹਾਂ ਨੇ ਪੰਜਾਬ ਵਿੱਚ ਆਉਣ ਵਾਲੀਆਂ 4 ਜ਼ਿਮਨੀ ਚੋਣਾਂ ਦੇ ਲਈ ਫਿਲਹਾਲ ਹਾਮੀ ਨਹੀਂ ਭਰੀ ਹੈ।

ਅੰਮ੍ਰਿਤਪਾਲ ਸਿੰਘ ਨੇ ਜਦੋਂ 5 ਜੁਲਾਈ ਨੂੰ ਦਿੱਲੀ ਵਿੱਚ ਐੱਮਪੀ ਵਜੋਂ ਸਹੁੰ ਚੁੱਕੀ ਸੀ ਤਾਂ ਪਿਤਾ ਨਾਲ 50 ਮਿੰਟ ਦੀ ਮੁਲਾਕਾਤ ਤੋਂ ਬਾਅਦ SGPC ਦੀਆਂ ਚੋਣਾਂ ਦੀ ਤਿਆਰੀ ਦੇ ਨਿਰਦੇਸ਼ ਦਿੱਤੇ ਸਨ ਜਿਸ ਦਾ ਖ਼ੁਲਾਸਾ ਪਿਤਾ ਤਰਸੇਮ ਸਿੰਘ ਨੇ ਆਪ ਕੀਤਾ ਸੀ। ਉੱਧਰ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਨੇ ਪਾਰਟੀ ਬਣਾਉਣ ਵੱਲ ਵੀ ਇਸ਼ਾਰਾ ਕਰ ਦਿੱਤਾ ਹੈ ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਸ ’ਤੇ ਅਖ਼ੀਰਲਾ ਫੈਸਲਾ ਹੋਵੇਗਾ।

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹਾਲਾਂਕਿ ਜ਼ਿਮਨੀ ਚੋਣ ਫਿਲਹਾਲ ਨਾ ਲੜਨ ਦੀ ਗੱਲ ਕਹਿ ਰਹੇ ਹਨ ਪਰ ਅੰਮ੍ਰਿਤਪਾਲ ਦੇ ਨਾਲ ਜੇਲ੍ਹ ਵਿੱਚ ਬੰਦ ਕਈ ਸਿੰਘਾਂ ਨੇ ਵੱਖ-ਵੱਖ ਹਲਕਿਆਂ ਤੋਂ ਆਪਣੀ ਦਾਅਵੇਦਾਰੀ ਪੇਸ਼ ਵੀ ਕਰ ਦਿੱਤੀ ਹੈ। ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਨੇ ਗਿੱਦੜਬਾਹਾ ਤੋਂ ਦਾਅਵੇਦਾਰੀ ਪੇਸ਼ ਕੀਤੀ ਹੈ ਤਾਂ ਇੱਕ ਹੋਰ ਸਾਥੀ ਦਲਜੀਤ ਸਿੰਘ ਕਲਸੀ ਦੇ ਪਰਿਵਾਰ ਵੱਲੋਂ ਡੇਰਾ ਬਾਬਾ ਨਾਨਕ ਤੋਂ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਉੱਧਰ ਜੇਲ੍ਹ ਵਿੱਚ ਹੀ ਬੰਦ ਕੁਲਵੰਤ ਸਿੰਘ ਰਾਉਕੇ ਨੇ ਬਰਨਾਲਾ ਸੀਟ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ – ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੇ NSA ਨੂੰ ਦਿੱਤੀ ਚੁਣੌਤੀ, ਅਗਲੇ ਹਫ਼ਤੇ ਹੋਵੇਗੀ ਸੁਣਵਾਈ!