ਬਿਉਰੋ ਰਿਪੋਰਟ: ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਦਬਾਅ ਤੋਂ ਬਾਅਦ ਹੁਣ ਪਲਿਸ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾ ਕਰਨ ਦੇ ਲਈ ਰਾਜ਼ੀ ਹੋ ਗਈ ਹੈ । ਪਰ ਪੁਲਿਸ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੀ ਉਸ ਨੂੰ ਰਿਹਾ ਕੀਤਾ ਜਾਵੇਗਾ । ਅੰਮ੍ਰਿਤਸਰ ਰੂਰਲ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਸਹਿਮਤੀ ਬਣ ਗਈ ਹੈ । ਅੰਮ੍ਰਿਤਪਾਲ ਦੇ ਹਮਾਇਤੀਆਂ ਵੱਲੋਂ ਜੋ ਸਬੂਤ ਦਿੱਤੇ ਗਏ ਸਨ ਉਸ ਤੋਂ ਸਾਫ ਹੈ ਕਿ ਤੂਫਾਨ ਘਟਨਾ ਸਮੇਂ ਉੱਥੇ ਮੌਜੂਦ ਨਹੀਂ ਸੀ । ਉਸ ਨੂੰ ਸ਼ੁੱਕਵਾਰ ਕੋਰਟ ਵਿੱਚ ਅਰਜ਼ੀ ਦੇਕੇ ਰਿਹਾ ਕੀਤਾ ਜਾਵੇਗਾ। ਪਰ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਲਿਖਤ ਵਿੱਚ ਜਵਾਬ ਨਹੀਂ ਦੇਵੇਗੀ, ਉਹ ਪਿੱਛੇ ਨਹੀਂ ਹਟਣਗੇ। ਉਸ ਤੋਂ ਬਾਅਦ ਹੀ ਥਾਣਾ ਖਾਲੀ ਕੀਤਾ ਜਾਵੇਗਾ । ਇਸ ਤੋਂ ਇਲਾਵਾ ਭਾਈ ਅੰਮ੍ਰਿਤਪਾਲ ਸਿੰਘ ਨੇ ਕੇਸ ਰੱਦ ਕਰਨ ਦੀ ਮੰਗ ਵੀ ਕੀਤੀ ਹੈ । ਉਧਰ ਇਸ ਪੂਰੇ ਮਾਮਲੇ ਨੂੰ ਲੈਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ sit ਦੇ ਗਠਨ ਦਾ ਐਲਾਨ ਕਰ ਦਿੱਤਾ ਹੈ ।
ਪੁਲਿਸ ਕਮਿਸ਼ਨ ਨੇ SIT ਦਾ ਗਠਨ ਕਰ ਦਿੱਤਾ ਹੈ
ਅੰਮ੍ਰਿਤਪਾਲ ਦੀ ਚਿਤਾਵਨੀ ਦੇ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦਾ ਬਿਆਨ ਆਇਆ ਹੈ । ਉਨ੍ਹਾਂ ਨੇ ਕਿਹਾ ਤੂਫਾਨ ਨੂੰ ਛੱਡ ਦਿੱਤਾ ਜਾਵੇਗਾ । ਉਸ ਦੀ ਬੇਗੁਨਾਹੀ ਦੇ ਪੂਰੇ ਸਬੂਤ ਹਨ। ਮਾਮਲੇ ਦੀ ਜਾਂਚ ਦੇ ਲਈ SP ਤੇਜਬੀਰ ਸਿੰਘ ਹੁੰਦਲ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਗਈ ਹੈ ।
ਬੈਰੀਕੇਡ ਤੋੜ ਕੇ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਥਾਣੇ ਵਿੱਚ ਵੜੇ
ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਥਾਣੇ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਹੀ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਸੀ। ਜਦੋਂ ਵੱਡੀ ਗਿਣਤੀ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਹਮਾਇਤੀ ਪਹੁੰਚਣੇ ਸ਼ੁਰੂ ਹੋਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਹਮਾਇਥੀ ਬੈਰੀਕੇਡ ਤੋੜ ਦੇ ਹੋਏ ਥਾਣੇ ਦੇ ਅੰਦਰ ਪਹੁੰਚ ਗਏ ।ਭਾਈ ਅੰਮ੍ਰਿਤਪਾਲ ਸਿੰਘ ਵੀ ਥਾਣੇ ਦੇ ਅੰਦਰ ਪਹੁੰਚੇ ਅਤੇ ਉਨ੍ਹਾਂ ਨੇ 1 ਘੰਟੇ ਦੇ ਅੰਦਰ ਤੂਫਾਨ ਸਿੰਘ ਨੂੰ ਛੱਡਣ ਦੀ ਮੰਗ ਕੀਤੀ । SSP ਅਤੇ ਕਮਿਸ਼ਨਰ ਨਾਲ ਕਾਫੀ ਦੇਰ ਤੱਕ ਚਰਚਾ ਤੋਂ ਬਾਅਦ ਹੁਣ ਫੈਸਲਾ ਹੋਇਆ ਹੈ ਕਿ ਤੂਫਾਨ ਨੂੰ ਸਨਿੱਚਰਵਾਰ ਨੂੰ ਪੁਲਿਸ ਛੱਡ ਦੇਵੇਗੀ । ਦੱਸਿਆ ਜਾ ਰਿਹਾ ਹੈ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੇ ਬੈਰੀਕੇਡ ਤੋੜੇ ਤਾਂ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ । ਇਸ ‘ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖਬਰ ਝੂਠੀ ਫੈਲਾਈ ਜਾ ਰਹੀ ਹੈ। ਸੱਚ ਤਾਂ ਇਹ ਹੈ ਕਿ ਉਨ੍ਹਾਂ ਨੂੰ ਡਿੱਗਣ ਦੀ ਵਜ੍ਹਾ ਕਰਕੇ ਸੱਟਾਂ ਲੱਗੀਆਂ ਹਨ।
ਪੁਲਿਸ ਨੇ 30 ਲੋਕਾਂ ਖਿਲਾਫ਼ ਕੇਸ
ਅਜਨਾਲਾ ਪੁਲਿਸ ਥਾਣੇ ਵਿੱਚ ਅੰਮ੍ਰਿਤਪਾਲ ਸਿੰਘ ਉਸ ਦੇ ਸਾਥੀ ਤੂਫਾਨ ਸਿੰਘ ਸਮੇਤ 30 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਕੀਤਾ ਸੀ । ਇੰਨ੍ਹਾਂ ਲੋਕਾਂ ‘ਤੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਟਿੱਪਣੀ ਕਰਨ ਵਾਲੇ ਨੂੰ ਕਿਡਨੈਪ ਕਰਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ । ਇਸੇ ਕੇਸ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ । ਇਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਭੜਕ ਗਏ ਅਤੇ ਉਨ੍ਹਾਂ ਨੇ ਅਜਨਾਲਾ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਗ੍ਰਿਫਤਾਰੀ ਦੇਣ ਦਾ ਐਲਾਨ ਕੀਤਾ ਸੀ ।