Punjab

DGP ਦੇ ਬੁਜ਼ਦਿਲ,ਕਾਇਰ ਵਾਲੇ ਬਿਆਨ ‘ਤੇ ਭੜਕੇ ਅੰਮ੍ਰਿਤਪਾਲ ਸਿੰਘ !

ਬਿਉਰੋ ਰਿਪੋਰਟ : ਅਜਨਾਲਾ ਥਾਣੇ ‘ਤੇ ਹੋਈ ਹਿੰਸਾ ਨੂੰ ਲੈਕੇ ਪੰਜਾਬ ਪੁਲਿਸ ਸਖ਼ਤ ਹੋ ਗਈ ਹੈ । ਡੀਜੀਪੀ ਗੌਰਵ ਯਾਦਵ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਪੰਜਾਬ ਪੁਲਿਸ ‘ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ । ਪਰ ਪੰਜਾਬ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹੋਏ ਕੋਈ ਵੀ ਸਖ਼ਤ ਕਦਮ ਨਹੀਂ ਚੁੱਕਿਆ । ਉਨ੍ਹਾਂ ਨੇ ਕਿਹਾ ਇਹ ਬੁਜ਼ਦਿਲੀ ਅਤੇ ਕਾਇਰਤਾ ਵਾਲਾ ਕਦਮ ਸੀ । ਡੀਜੀਪੀ ਨੇ ਕਿਹਾ ਇਸ ਹਿੰਸਕ ਘਟਨਾ ਵਿੱਚ ਸਾਡੇ 6 ਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ। ਪੁਲਿਸ ਸਾਰੀ ਫੁਟੇਜ ਚੈੱਕ ਕਰ ਰਹੀ ਹੈ। ਸਾਰਿਆਂ ਦੀ ਪੱਛਾਣ ਕੀਤੀ ਜਾਵੇਗੀ ਉਸ ਤੋਂ ਬਾਅਦ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਕਿਹਾ ਗਿਆ ਸੀ ਕਿ ਸ਼ਾਂਤੀ ਨਾਲ ਪ੍ਰਦਰਸ਼ਨ ਕਰਨਾ ਹੈ । ਪ੍ਰਦਰਸ਼ਨ ਕਰਨ ਦਾ ਸਭ ਨੂੰ ਅਧਿਕਾਰ ਹੈ ਪਰ ਜਿਸ ਤਰ੍ਹਾਂ ਨਾਲ ਹਿੰਸਕ ਪ੍ਰਦਰਸ਼ਨ ਕੀਤਾ ਗਿਆ ਉਸ ਨੂੰ ਬਿਲਕੁਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਉਧਰ ਭਾਈ ਅੰਮ੍ਰਿਤਪਾਲ ਸਿੰਘ ਨੇ ਡੀਜੀਪੀ ਦੇ ਬਿਆਨ ‘ਤੇ ਸਖ਼ਤ ਟਿੱਪਣੀ ਕੀਤੀ ਹੈ ।

ਡੀਜੀਪੀ ਦੇ ਬਿਆਨ ‘ਤੇ ਭਾਈ ਅੰਮ੍ਰਿਤਪਾਲ ਸਿੰਘ ਸਖਤ ਟਿੱਪਣੀ

ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਡੀਜੀਪੀ ਨੂੰ ਬਿਆਨ ਦੇਣ ਤੋਂ ਪਹਿਲਾਂ ਸੋਚ ਸਮਝ ਲੈਣਾ ਚਾਹੀਦਾ ਹੈ,ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਅਜਨਾਲਾ ਮਾਮਲੇ ਵਿੱਚ ਨਜਾਇਜ਼ ਪਰਚੇ ਦਰਜ ਕੀਤੇ ਤਾਂ ਮੁੜ ਤੋਂ ਪ੍ਰਦਰਸ਼ਨ ਕਰਾਂਗੇ। ਅੰਮ੍ਰਿਤਪਾਲ ਸਿੰਘ ਨੇ ਕਿਹਾ ਪੁਲਿਸ ਨੇ ਪਹਿਲਾਂ ਝੂਠਾ ਪਰਚਾ ਕਰਕੇ ਵੇਖ ਲਿਆ ਹੈ । ਮੈਂ ਉਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਉਨ੍ਹਾਂ ਲੋਕਾਂ ਨੂੰ ਫੜਨ ਜਿੰਨਾਂ ਨੇ ਸਾਜਿਸ਼ ਦੇ ਤਹਿਤ ਝੂਠੇ ਪਰਚੇ ਕੀਤੇ ਸਨ । ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਪੁਲਿਸ ਨੇ ਨੌਜਵਾਨਾਂ ਨੂੰ ਘਰੋ ਬਾਹਰ ਕਰਕੇ ਗੈਂਗਸਟਰ ਪੈਦਾ ਕੀਤੇ ਅਤੇ ਹੁਣ ਖਾੜਕੂ ਪੈਦਾ ਕਰਨਾ ਚਾਉਂਦੇ ਹਨ । ਉਧਰ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਅਜਨਾਲਾ ਹਿੰਸਾ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ ।

ਸੀਐੱਮ ਮਾਨ ਦਾ ਅਜਨਾਲਾ ਹਿੰਸਾ ‘ਤੇ ਬਿਆਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਅਜਨਾਲਾ ਹਿੰਸਾ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਪੰਜਾਬ ਦੇ ਲੋਕ ਸਦਭਾਵਨਾ ਅਤੇ ਸ਼ਾਂਤੀ ਚਾਉਂਦੇ ਹਨ । ਸਰਕਾਰ ਕਿਸੇ ਵੀ ਸੂਰਤ ਵਿੱਚ ਇਸ ਨੂੰ ਵਿਗੜਨ ਨਹੀਂ ਦੇਵੇਗੀ ਅਤੇ ਸ਼ਾਂਤੀ ਬਣਾਉਣ ਦਾ ਵਚਨ ਦਿੰਦੀ ਹੈ । ਉਨ੍ਹਾਂ ਕਿਹਾ ਸਾਡਾ ਟੀਚਾ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਆ ਹੈ ਜਿਸ ਦੇ ਲਈ ਕਾਨੂੰਨੀ ਹਾਲਾਤਾਂ ‘ਤੇ ਪੂਰੀ ਤਰ੍ਹਾਂ ਕੰਟਰੋਲ ਹੈ ।

ਹਮਲੇ ਲਈ ਤਿਆਰ ਹੋਵੇਗੀ ਪੁਲਿਸ

DGP ਗੌਰਵ ਯਾਦਵ ਨੇ ਕਿਹਾ ਇਸ ਤਰ੍ਹਾਂ ਦੇ ਹਾਲਾਤਾਂ ਨਾਲ ਨਜਿੱਠਣ ਦੇ ਲਈ ਵੱਖਰੀ ਤਿਆਰੀ ਕੀਤੀ ਜਾਵੇਗੀ । ਚੰਡੀਗੜ੍ਹ ਸਰਹੱਦ ‘ਤੇ ਵੀ ਨਿਹੰਗਾਂ ਨੇ ਘੋੜੇ ‘ਤੇ ਸਵਾਰ ਹੋਕੇ ਹਮਲਾ ਕੀਤਾ ਸੀ । ਇਹ ਅਲਾਰਮਿੰਗ ਸਥਿਤੀ ਹੈ ਅਤੇ ਇਸ ਦੇ ਲਈ ਨਵੀਂ ਰਣਨੀਤੀ ਦੀ ਜ਼ਰੂਰਤ ਹੈ । ਉਨ੍ਹਾਂ ਕਿਹਾ ਪੰਜਾਬ ਪੁਲਿਸ ਇਸ ਵੇਲੇ ਗੈਂਗਸਟਰਾਂ ਦੇ ਨਾਲ ਲੜ ਰਹੀ ਹੈ । ਇਹ ਸਮਾਂ ਹੈ ਸ਼ਾਂਤੀ ਬਣਾਉਣ ਦਾ,ਪੰਜਾਬ ਦੇ ਮਾਹੌਲ ਨੂੰ ਵਾਰ-ਵਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਹੁਣ ਵੀ ਅਜਿਹਾ ਹੀ ਹੋ ਰਿਹਾ ਹੈ । ਅਜਿਹਾ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ ।