‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਦੀ ਨਵੀਂ ਫਿਲਮ ਪੁਆੜਾ ਦਾ ਵਿਵਾਦ ਠੱਲਣ ਦਾ ਨਾਂ ਨਹੀਂ ਲੈ ਰਿਹਾ। ਸੋਸ਼ਲ਼ ਮੀਡੀਆ ਤੇ ਕੁੱਝ ਸਮਾਜਿਕ ਚਿੰਤਕ ਐਮੀ ਵਿਰਕ ਦੀ ਫਿਲਮ ਨੂੰ ਖੇਤੀ ਕਾਨੂੰਨਾਂ ਦੇ ਨਾਂ ਜੋੜ ਕੇ ਇਸ ਲਈ ਗਲਤ ਠਹਿਰਾ ਰਹੇ ਹਨ ਕਿ ਐਮੀ ਦੀ ਫਿਲਮ ਜੀ ਮੀਡੀਆ ਦੀ ਸਪੋਂਸਰ ਹੈ ਤੇ ਜੀ ਮੀਡੀਆ ਸ਼ੁਰੂ ਤੋਂ ਹੀ ਕਿਸਾਨਾਂ ਦੇ ਅੰਦੋਲਨ ਖਿਲਾਫ ਖਬਰਾਂ ਚਲਾ ਕੇ ਮਾੜਾ ਪ੍ਰਚਾਰ ਕਰ ਰਿਹਾ ਹੈ।ਫਿਲਮ ਦੇ ਵੱਡੇ ਪਰਦੇ ਉੱਤੇ ਆਉਣ ਤੋਂ ਬਾਅਦ ਐਮੀ ਵਿਰਕ ਲਗਾਤਾਰ ਲੋਕਾਂ ਦੇ ਨਿਸ਼ਾਨੇ ਉੱਤੇ ਹੈ ਤੇ ਲੋਕ ਐਮੀ ਵਿਰਕ ਨੂੰ ਚੰਗਾ ਮਾੜਾ ਕਹਿ ਰਹੇ ਹਨ।
ਜਿਕਰਯੋਗ ਹੈ ਕਿ ਐਮੀ ਦੇ ਹੱਕ ਵਿੱਚ ਨਿਤਰੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਐਮੀ ਨੇ ਫਿਲਮ ਉਦੋਂ ਸਾਇਨ ਕੀਤੀ ਸੀ, ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਸ਼ੁਰੂ ਵੀ ਨਹੀਂ ਸੀ ਹੋਇਆ ਤੇ ਫਿਲਮ ਮਾਹਿਰ ਇਹ ਵੀ ਮੰਨਦੇ ਹਨ ਕਿ ਸਾਇਨ ਕਰਕੇ ਕਰਾਰ ਤੋਂ ਮੁਕਰਨਾ ਵੀ ਐਮੀ ਨੂੰ ਮਹਿੰਗਾ ਪੈ ਸਕਦਾ ਸੀ।
ਹਾਲਾਂਕਿ ਲੋਕ ਇਹ ਵੀ ਕਹਿ ਰਹੇ ਹਨ ਕਿ ਐਮੀ ਦੇ ਉਨ੍ਹਾਂ ਚੰਗੇ ਕੰਮਾਂ ਨੂੰ ਅੱਖੋ ਪਰੋਖੇ ਨਹੀਂ ਕਰਨਾ ਚਾਹੀਦਾ ਜਿਹੜੇ ਉਸਨੇ ਪਹਿਲੇ ਦਿਨ ਤੋਂ ਹੀ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਲਈ ਕੀਤੇ ਹਨ।
ਉੱਧਰ ਸੰਯੁਕਤ ਕਿਸਾਨ ਮੋਰਚਾ ਦਾ ਵੀ ਇਕ ਪੋਸਟਰ ਸੋਸ਼ਲ ਮੀਡੀਆ ਉੱਤੇ ਐਮੀ ਦੀ ਗਲਤੀ ਨੂੰ ਮਾਫ ਕਰਨ ਦੀ ਗੱਲ ਕਰ ਰਹਿ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੰਦੇ ਨੂੰ ਐਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ।ਮੰਨ ਲੳ @ammyvirk ਤੋਂ ਗਲਤੀ ਹੋਈ ਵੀ ਐ, ਪਰ ਇਸ ਸਟੇਟਮੈਂਟ ਤੋਂ ਬਾਅਦ ਗੱਲ ‘ਤੇ ਮਿੱਟੀ ਪਾਉਣੀ ਚਾਹੀਦੀ ਐ।ਇੱਕ ਗ਼ਲਤੀ ਕਰਕੇ ਬੰਦੇ ਦੇ ਦੂਜੇ ਚੰਗੇ ਕੰਮਾਂ ਨੂੰ ਅੱਖੋਂ ਪਰੋਖੇ ਕਰਨਾ ਵੀ ਗਲਤ ਐ।ਨਵੇਂ ਨਾਲ ਜੁੜਨ ਜਾਂ ਨਾ ਪਰ ਜਿਹੜੇ ਆਪਣੇ ਨੇ ਤੇ ਨਾਲ ਖੜੇ ਨੇ ਓਹਨਾ ਨੂੰ ਨਾ ਟੁੱਟਣ ਦਈਏ।
ਐਮੀ ਵਿਰਕ ਦੀ ਸਟੇਟਮੈਂਟ….
” ਕਾਰਪੋਰੇਟ ਦੇ ਖਿਲਾਫ ਹਾਂ, ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਨਾਲ ਖੜ੍ਹਾ ਸੀ, ਖੜ੍ਹਾ ਰਹਾਂਗਾ…ਕਿਸਾਨਾਂ ਕਰਕੇ ਹੀ ਇਸ ਮੁਕਾਮ ਉੱਤੇ ਪਹੁੰਚਿਆ…ਇਹ ਫਿਲਮਾਂ ਧਰਨੇ ਤੋਂ ਪਹਿਲਾਂ ਬਣ ਗਈਆਂ ਸੀ ਹੁਣ ਨਹੀਂ ਕੀਤੀਆਂ ਸਾਇਨ। ਕਿਸਾਨਾਂ ਵਿਰੁੱਧ ਬੋਲਣ ਵਾਲਿਆਂ ਨਾਲ ਜਿੰਦਗੀ ‘ਚ ਕਦੇ ਨਹੀਂ ਕਰਾਂਗਾ ਕੰਮ। ”
- ਐਮੀ ਵਿਰਕ