Punjab

ਅਮਿਤ ਸ਼ਾਹ ਨੇ ਅਕਾਲੀ ਦਲ ਨਾਲ ਗਠਜੋੜ ਵੱਲ ਕੀਤਾ ਵੱਡਾ ਇਸ਼ਾਰਾ ! ਇਸ ਦਿਨ ਸੁਖਬੀਰ ਦਿੱਲੀ ਜਾਣਗੇ

ਬਿਉਰੋ ਰਿਪੋਰਟ : ਪੰਜਾਬ ਵਿੱਚ ਅਕਾਲੀ ਦਲ ਅਤੇ ਬੀਜੇਪੀ ਦੇ ਵਿਚਾਲੇ ਗਠਜੋੜ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਕਿਹਾ ਦੋਵਾਂ ਪਾਰਟੀਆਂ ਦੇ ਵਿਚਾਲੇ ਗੱਲਬਾਤ ਚੱਲ ਰਹੀ ਹੈ ਅਜੇ ਕੁਝ ਤੈਅ ਨਹੀਂ ਹੈ। ਇੱਕ ਨਿੱਝੀ ਚੈੱਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਅਮਿਤ ਸ਼ਾਹ ਨੇ ਇਹ ਬਿਆਨ ਦਿੱਤਾ ਹੈ । ਇਸ ਤੋਂ ਇੱਕ ਗੱਲ ਸਾਫ ਹੋ ਗਈ ਹੈ ਕਿ ਅਕਾਲੀ ਦਲ ਅਤੇ ਬੀਜੇਪੀ ਦੇ ਵਿਚਾਲੇ ਗਠਜੋੜ ਦੀ ਗੱਲ ਚੱਲ ਰਹੀ ਸੀ, ਪਹਿਲਾਂ ਦੋਵੇ ਹੀ ਪਾਰਟੀਆਂ ਖੁੱਲ ਕੇ ਕੁਝ ਵੀ ਨਹੀਂ ਬੋਲ ਰਹੀਆਂ ਸਨ ।

ਸੂਤਰਾਂ ਦੇ ਮੁਤਾਬਿਕ 12 ਫਰਵਰੀ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਪਹੁੰਚ ਰਹੇ ਹਨ ਜਿੱਥੇ ਉਹ ਬੀਜੇਪੀ ਦੇ ਅਦਰੂਨੀ ਕਮੇਟੀਆਂ ਦੇ ਨਾਲ ਮੀਟਿੰਗ ਕਰਨਗੇ ਜਿਸ ਤੋਂ ਬਾਅਦ ਹੀ ਅੰਤਿਮ ਫੈਸਲਾ ਹੋਵੇਗਾ । ਦਰਅਸਲ ਬੀਜੇਪੀ ਚਾਹੁੰਦੀ ਹੈ ਕਿ ਫਿਲਹਾਲ ਅਕਾਲੀ ਦਲ ਦੇ ਨਾਲ 2024 ਦੀਆਂ ਲੋਕਸਭਾ ਚੋਣਾਂ ਦੇ ਲਈ ਗਠਜੋੜ ਕਰ ਲਿਆ ਜਾਵੇ ਜਦਕਿ ਅਕਾਲੀ ਦਲ ਚਾਹੁੰਦੀ ਹੈ ਕਿ 2027 ਦੀਆਂ ਵਿਧਾਨਸਭਾ ਚੋਣਾਂ ਦੇ ਲਈ ਵੀ ਹੁਣ ਤੋਂ ਸੀਟਾਂ ਤੈਅ ਕੀਤੀਆਂ ਜਾਣ । ਅਕਾਲੀ ਦਲ ਦਾ ਮੰਨਣਾ ਹੈ ਕਿ ਜੇਕਰ ਹੁਣ ਸਮਝੌਤਾ ਨਾ ਹੋਇਆ ਤਾਂ 2027 ਵਿੱਚ ਸੀਟਾਂ ਨੂੰ ਲੈਕੇ ਵਿਵਾਦ ਹੋ ਸਕਦਾ ਹੈ ਅਤੇ ਗਠਜੋੜ ‘ਤੇ ਅਸਰ ਪਏਗਾ । ਇਸੇ ਲਈ ਅਕਾਲੀ ਦਲ ਚਾਹੁੰਦਾ ਹੈ ਕਿ ਲੋਕਸਭਾ ਅਤੇ ਵਿਧਾਨਸਭਾ ਦੇ ਲਈ ਹੁਣੇ ਹੀ ਸੀਟਾਂ ਤੈਅ ਹੋ ਜਾਣ । ਕੀ ਕੌਣ ਵੱਡੀ ਭੂਮਿਕਾ ਅਦਾ ਕਰੇਗਾ ।

ਲੋਕਸਭਾ ਦੇ ਲਈ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ 8-5 ਅਤੇ 7-6 ਦੇ ਫਾਰਮੂਲੇ ‘ਤੇ ਗੱਲ ਹੋ ਰਹੀ ਹੈ । ਯਾਨੀ ਅਕਾਲੀ ਦਲ ਬੀਜੇਪੀ ਲਈ 5 ਤੋਂ 6 ਸੀਟਾਂ ਛੱਡਣ ਨੂੰ ਤਿਆਰ ਹੈ । ਜਦਕਿ ਪਹਿਲਾਂ 3 ਸੀਟਾਂ ਗੁਰਦਾਸੁਪਰ,ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀ ਸੀਟ ਹੀ ਬੀਜੇਪੀ ਨੂੰ ਦਿੱਤੀ ਜਾਂਦੀ ਸੀ । ਪਰ ਵਿਧਾਨਸਭਾ ਲਈ ਅਕਾਲੀ ਦਲ ਵੱਡੀ ਭੂਮਿਕਾ ਚਾਹੁੰਦਾ ਹੈ । 2017 ਦੀਆਂ ਵਿਧਾਨਸਭਾ ਚੋਣਾਂ ਤੱਕ ਬੀਜੇਪੀ 23 ਸੀਟਾਂ ‘ਤੇ ਚੋਣ ਲੜਦੀ ਸੀ ਜਦਕਿ ਅਕਾਲੀ ਦਲ 94 ਸੀਟਾਂ ਤੇ ਉਮੀਦਵਾਰ ਖੜੇ ਕਰਦਾ ਸੀ । ਬੀਜੇਪੀ ਹੁਣ 23 ਦੀ ਥਾਂ ਅੱਧੋ-ਅੱਧ ਸੀਟਾਂ ਤੇ ਉਮੀਦਵਾਰ ਚਾਉਂਦਾ ਹੈ । ਹਾਲਾਂਕਿ ਬੀਜੇਪੀ ਨੂੰ ਵੀ ਪਤਾ ਹੈ ਕਿ ਅਕਾਲੀ ਦਲ ਤਿਆਰ ਨਹੀਂ ਹੋਵੇਗੀ । ਦੋਵਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ । ਇਸ ਲਈ 30 ਤੋਂ 35 ‘ਤੇ ਗੱਲ ਬਣ ਸਕਦੀ ਹੈ । ਸਿਰਫ਼ ਇੰਨਾਂ ਹੀ ਨਹੀਂ ਸੀਟਾਂ ਤੋਂ ਇਲਾਵਾ ਅਕਾਲੀ ਦਲ ਕੁਝ ਮੁੱਦਿਆਂ ‘ਤੇ ਵੀ ਬੀਜੇਪੀ ਤੋਂ ਸਹਿਮਤੀ ਮੰਗ ਰਿਹਾ ਹੈ।

ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅਕਾਲੀ ਦਲ ਨੇ ਆਪ ਹੀ ਵੱਡਾ ਬਣਾ ਲਿਆ ਹੈ,ਇਸ ਲਈ ਪਾਰਟੀ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਇਸ ਤੋਂ ਪਿੱਛੇ ਨਹੀਂ ਹੱਟ ਸਕਦੀ ਹੈ। ਹੁਣ ਬੀਜੇਪੀ ਲੋਕਸਭਾ ਚੋਣਾਂ ਤੋਂ ਪਹਿਲਾਂ ਇਸ ਮੁੱਦੇ ‘ਤੇ ਕਿਸ ਤਰ੍ਹਾਂ ਸਮਝੌਤਾ ਕਰੇਗੀ ਇਹ ਵੇਖਣ ਵਾਲੀ ਗੱਲ ਹੈ । ਹਾਲਾਂਕਿ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਅਮਿਤ ਸ਼ਾਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜਿਸ ਸ਼ਖਸ ਨੂੰ ਪਛਤਾਵਾ ਨਹੀਂ ਉਸ ਨੂੰ ਮੁਆਫੀ ਨਹੀਂ ਦਿੱਤੀ ਜਾ ਸਕਦੀ ਹੈ।