ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਪੂਰਾ ਜੋਰ ਲਗਾਇਆ ਹੋਇਆ ਹੈ। ਅਮਿਤ ਸ਼ਾਹ ਵੱਲੋਂ ਲੁਧਿਆਣਾ ਵਿੱਚ ਰੈਲੀ ਕਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਵੋਟਾਂ ਮੰਗੀਆਂ ਗਈਆਂ। ਅਮਿਤ ਸ਼ਾਹ ਨੇ ਕਿਹਾ ਕਿ ਉਹ ਪੰਜਾਬ ਦੀ ਧਰਤੀ ਨੂੰ ਨਮਸਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਟਿੱਡ ਭਰਨ ਦੇ ਨਾਲ-ਨਾਲ ਦੇਸ਼ ਦੀ ਰੱਖਿਆ ਕਰਨ ਵਿੱਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਲਈ ਕੁਰਬਾਨੀਆਂ ਕਰਕੇ ਦੇਸ਼ ਨੂੰ ਸੁਰੱਖਿਅਤ ਰੱਖਿਆ ਹੋਇਆ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਲੋਕ ਹਿੰਦੂ ਸਿੱਖ ਵਿੱਚ ਦਰਾੜ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਹਿੰਦੂ ਧਰਮ ਨੌਵੇਂ ਗੁਰੂ ਤੇਗ ਬਹਾਦਰ ਜੀ ਕਰਕੇ ਹੀ ਬਚਿਆ ਹੈ।
ਅਮਿਤ ਸ਼ਾਹ ਨੇ ਕਿਹਾ ਕਿ 5 ਚਰਨਾਂ ਦੀਆਂ ਚੋਣਾਂ ਵਿੱਚ ਭਾਜਪਾ 310 ਸੀਟਾਂ ਜਿੱਤ ਚੁੱਕੀ ਹੈ ਅਤੇ 7ਵੇਂ ਚਰਨ ਤੋਂ ਬਾਅਦ ਭਾਜਪਾ 400 ਪਾਰ ਜਾਵੇਗੀ।
ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਮੇਰਾ ਪੰਜ ਸਾਲ ਪੁਰਾਣਾ ਦੋਸਤ ਹੈ। ਤੁਸੀਂ ਇਸ ਨੂੰ ਜਿਤਾ ਕੇ ਭੇਜੋ ਇਸ ਨੂੰ ਮੈਂ ਦਿੱਲੀ ਵਿੱਚ ਵੱਡਾ ਬੰਦਾ ਬਣਾਵਾਗਾਂ।
ਰੈਲੀ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ 1 ਜੂਨ ਨੂੰ ਜੇਲ੍ਹ ਵਿੱਚ ਜਾਵੇਗਾ ਅਤੇ 6 ਜੂਨ ਨੂੰ ਰਾਹੁਲ ਗਾਂਧੀ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਜਾਣਗੇ। ਉਨ੍ਹਾਂ ਰਾਹੁਲ ਤੇ ਤੰਜ ਕੱਸਦਿਆਂ ਕਿਹਾ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਪਿਛਲੇ 23 ਸਾਲਾ ਤੋਂ ਬਿਨ੍ਹਾਂ ਛੁੱਟੀ ਲਏ ਕੰਮ ਕਰ ਰਹੇ ਹਨ ਪਰ ਰਾਹੁਲ ਗਾਂਧੀ ਵਿਦੇਸ਼ ‘ਚ ਛੁੱਟੀਆਂ ਮਨਾਉਂਦੇ ਹਨ।
ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣ ਦੇ ਨਾਲ-ਨਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਹੈ ਅਤੇ ਹੋਰ ਕਈ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਜ਼ਾਦੀ ਸਮੇਂ ਅਤੇ 1971 ਵਿੱਚ ਕਰਤਾਰਪੁਰ ਲੈ ਸਕਦੀ ਸੀ ਪਰ ਉਨ੍ਹਾਂ ਜਾਣਬੁੱਝ ਕੇ ਨਹੀਂ ਲਿਆ। ਇਹ ਕਾਂਗਰਸ CAA ਦਾ ਵਿਰੋਧ ਕਰ ਰਹੀ ਹੈ। ਕਾਂਗਰਸ ਹਿੰਦੂ ਸਿੱਖਾਂ ਨੂੰ ਨਾਗਰਿਕਤਾਂ ਦੇਣ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲ ਤੱਕ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ। ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਐਨਸੀਬੀ ਦੇ ਦਫਤਰ ਖੋਲੇ ਜਾਣਗੇ।
ਇਸ ਮੌਕੇ ਉਨ੍ਹਾਂ ਭਗਵੰਤ ਮਾਨ ‘ਤੇ ਤੰਜ ਕੱਸਦਿਆਂ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦਾ ਪਾਇਲਟ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ – ਗੋਲੀ ਲੱਗਣ ਕਾਰਨ ਇਕ ਦੀ ਹੋਈ ਮੌਤ, ਪਰਿਵਾਰ ਨੇ ਦਿੱਤਾ ਧਰਨਾ