‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਜੋ ਹਾਲਾਤ ਬਣੇ ਹਨ, ਉਸ ਲਈ ਅਫਗਾਨ ਲੀਡਰ ਜਿੰਮੇਦਾਰ ਹਨ, ਜਿਹੜੇ ਦੇਸ਼ ਨੂੰ ਛੱਡ ਕੇ ਭੱਜ ਗਏ ਹਨ। ਇੰਨਾਂ ਹੀ ਨਹੀਂ, ਅਫਗਾਨ ਦੇ ਸੈਨਿਕਾਂ ਨੇ ਅਮਰੀਕੀ ਸੈਨਿਕਾਂ ਤੋਂ ਸਿਖਲਾਈ ਲੈ ਕੇ ਵੀ ਲੜਨ ਦੀ ਹਿੰਮਤ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਫੈਸਲੇ ਉੱਤੇ ਅਟਲ ਹਾਂ।ਬਾਇਡਨ ਇਕ ਟੈਲੀਵਿਜ਼ਨ ਸ਼ੋਅ ਵਿੱਚ ਸੰਬੋਧਨ ਕਰ ਰਹੇ ਹਨ।
ਬਾਇਡਨ ਨੇ ਕਿਹਾ ਕਿ ਜਦੋਂ ਅਫਗਾਨ ਹੀ ਲੜਨਾ ਨਹੀਂ ਚਾਹੁੰਦਾ ਤਾਂ ਫਿਰ ਅਮਰੀਕੀਆਂ ਨੂੰ ਵੀ ਇਸ ਲੜਾਈ ਵਿੱਚ ਪੈ ਕੇ ਆਪਣੀ ਜਾਨ ਨਹੀਂ ਗਵਾਉਣੀ ਚਾਹੀਦੀ। ਹਾਲਾਂਕਿ ਬਾਇਡਨ ਨੇ ਇਹ ਵੀ ਕਿਹਾ ਕਿ ਜੇਕਰ ਉਸਦੇ ਅਮਰੀਕੀਆਂ ਨੂੰ ਕੁੱਝ ਹੋਇਆ ਤਾਂ ਨਤੀਜੇ ਬਹੁਤ ਬੁਰੇ ਨਿਕਲਣਗੇ।
ਆਪਣੇ ਫੈਸਲੇ ਦਾ ਜਿਕਰ ਕਰਦਿਆਂ ਬਾਇਡਨ ਨੇ ਕਿਹਾ ਕਿ ਤਾਲੀਬਾਨ ਨਾਲ ਗੱਲਬਾਤ ਉਨ੍ਹਾਂ ਨੇ ਡੋਨਾਲਡ ਟਰੰਪ ਦੇ ਕਾਰਜਕਾਲ ਵੇਲੇ ਸ਼ੁਰੂ ਕੀਤੀ ਸੀ, ਇਸ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਘੱਟ ਕੀਤੀ ਗਈ। ਇਕ ਵੇਲੇ ਜਿੱਥੇ ਅਫਗਾਨਿਸਤਾਨ ਵਿੱਚ 15 ਹਜ਼ਾਰ 500 ਅਮਰੀਕੀ ਸੈਨਿਕ ਤੈਨਾਤ ਸਨ, ਉੱਥੇ ਹੀ ਸਮਝੌਤੇ ਤੋਂ ਬਾਅਦ ਸੈਨਿਕਾਂ ਦੀ ਗਿਣਤੀ ਘੱਟ ਕਰਕੇ 2500 ਕਰ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਦਾ ਕੋਈ ਸਹੀ ਸਮਾਂ ਨਹੀਂ ਸੀ, ਜਿਸ ਤਰ੍ਹਾਂ ਦੀ ਉਮੀਦ ਕੀਤੀ ਗਈ ਸੀ, ਉਸ ਤੋਂ ਵੀ ਤੇਜੀ ਨਾਲ ਅਮਰੀਕਾ ਨੇ ਅਫਗਾਨਿਸਤਾਨ ਵਿੱਚੋਂ ਆਪਣੇ ਸੈਨਿਕਾਂ ਦੀ ਮੌਜੂਦਗੀ ਖਤਮ ਕਰ ਦਿੱਤੀ ਹੈ।
ਬਾਇਡਨ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਕਿਹਾ ਸੀ ਕਿ ਉਹ ਤਾਲਿਬਾਨ ਨਾਲ ਗੱਲ ਕਰੇ ਪਰ ਮੇਰੀ ਗੱਲ ਨਹੀਂ ਮੰਨੀ ਗਈ।
ਉਨ੍ਹਾਂ ਕਿਹਾ ਕਿ ਅਮਰੀਕਾ ਅਫਗਾਨ ਦੇ ਨਾਗਰਿਕਾਂ ਦੀ ਮਦਦ ਕਰਨੀ ਬੰਦ ਨਹੀਂ ਕਰੇਗਾ, ਅਸੀਂ ਡਿਪਲੋਮੇਸੀ ਨਾਲ ਕੰਮ ਲਵਾਂਗੇ।ਬਾਇਡਨ ਨੇ ਚੇਤਾਵਨੀ ਦਿੱਤੀ ਕਿ ਤਾਲਿਬਾਨ ਨੂੰ ਅਸੀਂ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਅਮਰੀਕੀ ਸੈਨਿਕਾਂ ਉੱਤੇ ਹਮਲਾ ਕੀਤਾ ਗਿਆ ਜਾਂ ਫਿਰ ਅਮਰੀਕੀ ਅਭਿਆਨ ਉੱਤੇ ਕੋਈ ਅਸਰ ਪਿਆ ਤਾਂ ਅਮਰੀਕਾ ਤੁਰੰਤ ਇਸਦਾ ਜਵਾਬ ਦੇਵੇਗਾ।