ਬਿਉਰੋ ਰਿਪੋਰਟ : ਅਮਰੀਕਾ ਵਿੱਚ 3 ਦਿਨਾਂ ਦੇ ਅੰਦਰ ਤੀਜੇ ਧਾਰਮਿਕ ਨਸਲੀ ਹਮਲੇ ਅਤੇ ਧਮਕੀ ਦੀ ਖ਼ਬਰ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਤਾਜ਼ਾ ਮਾਮਲਾ ਨਿਊ ਜਰਸੀ ਦੇ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਨੂੰ ਲੈਕੇ ਹੈ । ਮੇਅਰ ਰਵੀ ਸਿੰਘ ਭੱਲਾ ਨੂੰ ਈ-ਮੇਲ ਦੇ ਜ਼ਰੀਏ ਨਫ਼ਰਤ ਟਿੱਪਣੀਆਂ ਅਤੇ ਧਮਕੀਆਂ ਦਿੱਤੀਆਂ ਗਈਆਂ ਹਨ । ਧਮਕੀ ਭਰੀ ਮੇਲ ਵਿੱਚ ਲਿਖਿਆ ਗਿਆ ਹੈ ਕਿ ਉਨ੍ਹਾਂ ਦਾ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ ।
2017 ਵਿੱਚ ਮੇਅਰ ਦੀ ਕੁਰਸੀ ਸੰਭਾਲਣ ਵਾਲੇ ਰਵੀ ਸਿੰਘ ਭੱਲਾ ਨੂੰ ਸਭ ਤੋਂ ਪੱਤਰ ਆਇਆ ਹੈ ਕਿ ਉਹ ਮੇਅਰ ਦੀ ਕੁਰਸੀ ਛੱਡਣ । ਫਿਰ ਦੂਜੇ ਪੱਤਰ ਵਿੱਚ ਉਨ੍ਹਾਂ ਨੂੰ ਕਤਲ ਦੀ ਧਮਕੀ ਦਿੱਤੀ ਗਈ। ਤੀਜੇ ਪੱਤਰ ਵਿੱਚ ਕਿਹਾ ਗਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਨਾਲ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਇਹ ਅਖੀਰਲੀ ਵਾਰ ਤੁਹਾਨੂੰ ਸਮਝਾਇਆ ਜਾ ਰਿਹਾ ਹੈ ਕਿ ਤੁਸੀਂ ਆਪਣੇ ਅਹੁਦੇ ਤੋਂ ਫ਼ੌਰਨ ਅਸਤੀਫ਼ਾ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਪਤਨੀ ਅਤੇ ਬੱਚਿਆਂ ਨੂੰ ਮਾਰ ਦੇਵਾਂਗੇ।
ਪਰਿਵਾਰ ਨੂੰ ਦਿੱਤੀ ਗਈ ਸੁਰੱਖਿਆ
ਜਦੋਂ ਰਵੀ ਸਿੰਘ ਭੱਲਾ ਨੇ ਸਾਰੀਆਂ ਧਮਕੀਆਂ ਨੂੰ ਨਜ਼ਰ ਅੰਦਾਜ਼ ਕੀਤਾ ਤਾਂ ਹੁਣ ਈ-ਮੇਲ ਦੇ ਜ਼ਰੀਏ ਨਵੀਂ ਧਮਕੀ ਦਿੱਤੀ ਗਈ ਹੈ ਕਿ ਹੁਣ ਸਮਾਂ ਆ ਗਿਆ ਤੁਹਾਨੂੰ ਮਾਰ ਦਿੱਤਾ ਜਾਵੇਗਾ। ਰਵੀ ਸਿੰਘ ਭੱਲਾ ਨੇ ਦੱਸਿਆ ਪੱਤਰ ਵਿੱਚ ਲਿਖਿਆਂ ਹੋਰ ਚੀਜ਼ਾਂ ਉਸ ਤੋਂ ਭਿਆਨਕ ਹਨ । ਰਵੀ ਸਿੰਘ ਭੱਲਾ ਮੁਤਾਬਕ ਉਹ 22 ਸਾਲ ਤੋਂ ਹੋਬੋਕਨ ਸ਼ਹਿਰ ਵਿੱਚ ਰਹਿ ਰਹੇ ਹਨ ਪਰ ਇਸ ਤਰ੍ਹਾਂ ਨਫ਼ਰਤ ਦੇ ਮਾਹੌਲ ਉਨ੍ਹਾਂ ਨੇ ਪਹਿਲਾਂ ਕਦੇ ਵੀ ਨਹੀਂ ਵੇਖਿਆ ਸੀ ਕਿ ਉਨ੍ਹਾਂ ਸਮੇਤ ਪੂਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸ ਧਮਕੀਆਂ ਨੂੰ ਏਜੰਸੀਆਂ ਨੇ ਸੰਜੀਦਗੀ ਨਾਲ ਲੈਂਦੇ ਹੋਏ ਭੱਲਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ 24 ਘੰਟੇ ਸੁਰੱਖਿਆ ਦਿੱਤੀ ਹੈ । ਉਨ੍ਹਾਂ ਦੇ 2 ਬੱਚਿਆਂ ਜੋ ਕਿ 15 ਅਤੇ 11 ਸਾਲ ਦੇ ਹਨ ਉਨ੍ਹਾਂ ਨੂੰ ਸਕੂਲ ਵਿੱਚ ਵੀ ਪੂਰੀ ਸੁਰੱਖਿਆ ਦਿੱਤੀ ਗਈ ਹੈ ।
ਨਿਊ ਜਰਸੀ ਵਿੱਚ ਜੰਮੇ ਅਤੇ ਵੱਡੇ ਹੋਏ ਰਵੀ ਸਿੰਘ ਭੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ,ਉਨ੍ਹਾਂ ਦ ਭਰਾ ਅਤੇ ਕੁਝ ਸ਼ਹਿਰ ਦੇ ਸਾਥੀਆਂ ਨੂੰ ਵੀ ਜਿਨਸੀ ਅਤੇ ਧਮਕੀ ਭਰੀ ਸਮੱਗਰੀ ਵਾਲੇ ਪੈਕੇਜ ਮਿਲੇ ਹਨ । ਕੁਝ ਲੋਕਾਂ ਨੂੰ ਫੜਿਆ ਗਿਆ ਹੈ ਪਰ ਧਮਕੀ ਭਰੇ ਪੱਤਰਾਂ ਦੇ ਪਿੱਛੇ ਵਾਲਾ ਵਿਅਕਤੀ ਅਜੇ ਵੀ ਫ਼ਰਾਰ ਹੈ । ਮੇਅਰ ਰਵੀ ਸਿੰਘ ਭੱਲਾ ਨੇ ਕਿਹਾ ਨਫ਼ਰਤ ਦੀ ਉਨ੍ਹਾਂ ਦੇ ਸ਼ਹਿਰ ਵਿੱਚ ਕੋਈ ਥਾਂ ਨਹੀਂ ਹੈ ਉਹ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹਨ ਅਤੇ ਖੜੇ ਰਹਿਣਗੇ।
ਸਿੱਖ ਅਮਰੀਕਾ ਵਿੱਚ ਨਫਰਤੀ ਹਿੰਸਾ ਦੂਜੇ ਨੰਬਰ ‘ਤੇ ਸ਼ਿਕਾਰ
ਭੱਲਾ ਨੇ ਕਿਹਾ 9/11 ਤੋਂ ਬਾਅਦ ਵੀ ਸਿੱਖ ਭਾਈਚਾਰੇ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਸੀ ਕਿਉਂਕਿ ਲੋਕ ਤਾਲੀਬਾਨ ਅਤੇ ਸਾਡੇ ਵਿੱਚ ਫਰਕ ਨਹੀਂ ਕਰ ਪਾ ਰਹੇ ਸਨ ਪਰ ਸਿੱਖਿਆ ਦੇ ਜ਼ਰੀਏ ਇਸ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਗਿਆ ਸੀ ।
ਰਵੀ ਸਿੰਘ ਭੱਲਾ ਨੇ ਬੀਤੇ ਦਿਨ ਨਿਊਯਾਰਕ ਸਿਟੀ ਵਿੱਚ 19 ਸਾਲ ਦੇ ਸਿੱਖ ਨੌਜਵਾਨ ਦੇ ਹਮਲੇ ਬਾਰੇ ਦੱਸ ਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਉਸ ਨੂੰ ਪਹਿਲਾਂ ਪੱਗ ਉਤਾਰਨ ਦੇ ਲਈ ਕਿਹਾ ਗਿਆ ਅਤੇ ਫਿਰ ਮੂੰਹ ‘ਤੇ ਪੰਚ ਮਾਰੇ ਗਏ ਇਹ ਨਸਲੀ ਨਫ਼ਰਤ ਦਾ ਹੀ ਨਤੀਜਾ ਹੈ। ਬੀਤੇ ਦਿਨ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਏਜੰਸੀ FBI ਦੇ ਨਵੇਂ ਡਾਟਾ ਮੁਤਾਬਿਕ ਸਿੱਖ ਅਮਰੀਕਾ ਵਿੱਚ ਦੂਜੀ ਅਜਿਹੀਆਂ ਧਰਮ ਹੈ, ਜਿਸ ਨੂੰ ਸਭ ਤੋਂ ਵੱਧ ਨਫਰਤੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। 2022 ਵਿੱਚ ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ 198 ਹੇਟ ਕ੍ਰਾਈਮ ਦੇ ਮਾਮਲੇ ਸਾਹਮਣੇ ਆਏ ਸਨ ।