ਬਿਉਰੋ ਰਿਪੋਰਟ : SFJ ਦੇ ਮੁਖੀ ਗੁਰਪਤਵੰਤ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੇ ਖਿਲਾਫ ਅਮਰੀਕਾ ਦੀ ਸਰਕਾਰ ਨੇ ਸਖਤ ਸਟੈਂਡ ਲੈ ਲਿਆ ਹੈ । ਨਿਊਯਾਰਕ ਦੀ ਜ਼ਿਲ੍ਹਾਂ ਅਦਾਲਤ ਵਿੱਚ ਨਿਖਿਲ ਗੁਪਤਾ ਦੇ ਵਕੀਲ ਨੇ ਉਸ ਦੇ ਖਿਲਾਫ ਲਗਾਏ ਗਏ ਇਲਜ਼ਾਮਾਂ ਦੇ ਸਬੂਤਾਂ ਦੀ ਮੰਗ ਕੀਤੀ । ਜਿਸ ‘ਤੇ ਜੱਜ ਵਿਕਟਰ ਮੈਰੀਉ ਨੇ 8 ਜਨਵਰੀ ਨੂੰ ਤਿੰਨ ਦਿਨ ਦੇ ਅੰਦਰ ਵਕੀਲ ਨੂੰ ਸਬੂਤ ਦੇਣ ਲਈ ਅਮਰੀਕਾ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ। ਜਿਸ ਦਾ ਜਵਾਬ ਅਮਰੀਕਾ ਸਰਕਾਰ ਨੇ ਹੁਣ ਦੇ ਦਿੱਤਾ ਹੈ। ਅਦਾਲਤ ਵਿੱਚ ਦਿੱਤੇ ਗਏ ਜਵਾਬ ਵਿੱਚ ਕਿਹਾ ਗਿਆ ਹੈ ਨਿਖਿਲ ਗੁਪਤਾ ਇਸ ਵੇਲੇ ਚੈੱਕਰੀਪਬਲਿਕ ਦੀ ਜੇਲ੍ਹ ਵਿੱਚ ਹੈ ਜਦੋਂ ਉਸ ਨੂੰ ਨਿਊਯਾਰਕ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਹੀ ਕੇਸ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ।
ਅਮਰੀਕਾ ਦੀ ਸਰਕਾਰ ਨੇ ਇਹ ਵੀ ਦੱਸਿਆ ਹੈ ਕਿ ਅਸੀਂ ਚੈੱਕਰੀਪਬਲਿਕ ਤੋਂ ਉਸ ਦੀ ਸਪੁਰਦਗੀ ਮੰਗੀ ਹੈ ਅਤੇ ਉਸ ‘ਤੇ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ । ਅਮਰੀਕਾ ਦੇ ਅਟਾਰਨੀ ਡੈਮਿਅਨ ਵਿਲੀਅਮਜ਼ ਨੇ ਕਿਹਾ ਕਿ ਨਿਖਿਲ ਗੁਪਤਾ ਇਸ ਵੇਲੇ ਆਪਣੇ ਖਿਲਾਫ ਲੱਗੇ ਇਲਜ਼ਾਮਾਂ ਦਾ ਸਬੂਤ ਲੈਣ ਦਾ ਹੱਕਦਾਰ ਨਹੀਂ ਹੈ । ਅਪਰਾਧਿਕ ਮੁਕਦਮਿਆਂ ਵਿੱਚ ਸੰਘੀ ਨਿਯਮ ਚੱਲਦੇ ਹਨ। ਇਸ ਲਈ ਜ਼ਿਲ੍ਹਾਂ ਅਦਾਲਤ ਦੇ ਆਦੇਸ਼ ਨੂੰ ਨਹੀਂ ਮੰਨਿਆ ਜਾ ਸਕਦਾ ਹੈ,ਜਦੋਂ ਤੱਕ ਮੁਲਜ਼ਮ ਅਮਰੀਕਾ ਵਿੱਚ ਨਾ ਆ ਜਾਵੇ ।
52 ਸਾਲ ਦੇ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕਰੀਪਬਲਿਕ ਵਿੱਚ ਅਮਰੀਕਾ ਦੇ ਕਹਿਣ ‘ਤੇ ਗ੍ਰਿਫਤਾਰੀ ਕੀਤਾ ਗਿਆ ਸੀ। ਉਸ ‘ਤੇ ਇਲਜ਼ਾਮ ਸੀ ਕਿ ਇੱਕ ਭਾਰਤੀ ਏਜੰਟ ਦੇ ਕਹਿਣ ‘ਤੇ ਉਸ ਨੇ ਅਮਰੀਕਾ ਦੇ ਇੱਕ ਸ਼ਖਸ ਨੂੰ ਗੁਰਪਤਵੰਤ ਸਿੰਘ ਪੰਨੂ ਦੀ ਸੁਪਾਰੀ ਦਿੱਤੀ ਸੀ। ਪਰ ਉਹ ਸ਼ਖ਼ਸ ਅਮਰੀਕਾ ਦਾ ਖ਼ੁਫਿਆ ਏਜੰਟ ਨਿਕਲਿਆ ਜਿਸ ਨੇ ਸਾਰੀ ਜਾਣਕਾਰੀ ਖੁਫਿਆ ਵਿਭਾਗ ਨਾਲ ਸਾਂਝੀ ਕੀਤੀ ਜਿਸ ਤੋਂ ਬਾਅਦ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਹੋਈ ਸੀ। ਇਸ ਮਾਮਲੇ ਦੀ ਜਾਂਚ FBI ਵੱਲੋਂ ਕੀਤੀ ਜਾ ਰਹੀ ਹੈ ਅਤੇ ਨਵਬੰਰ ਮਹੀਨੇ ਵਿੱਚ ਅਦਾਲਤ ਨੇ ਚਾਰਜਸ਼ੀਟ ਵੀ ਫਰੇਮ ਕਰ ਦਿੱਤੇ ਸਨ । ਜਿਸ ਤੋਂ ਬਾਅਦ ਅਮਰੀਕਾ ਦੀ ਸ਼ਿਕਾਇਤ ‘ਤੇ ਭਾਰਤ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਖਿਲ ਗੁਪਤਾ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਕੇ ਮੰਗ ਕੀਤੀ ਸੀ ਕਿ ਉਹ ਭਾਰਤ ਸਰਕਾਰ ਨੂੰ ਨਿਖਿਲ ਗੁਪਤਾ ਦੇ ਕਾਉਂਸਲੇਟ ਐਕਸੈਸ ਮੰਗਣ ਦੇ ਆਦੇਸ਼ ਦੇਵੇ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਸੀਂ ਦੂਜੇ ਦੇਸ਼ ਦੀ ਅਦਾਲਤ ਬਾਰੇ ਕੋਈ ਵੀ ਆਦੇਸ਼ ਜਾਰੀ ਨਹੀਂ ਕਰ ਸਕਦੇ ਹਾਂ। ਹਾਲਾਂਕਿ ਅਮਰੀਕਾ ਵਿੱਚ ਭਾਰਤੀ ਸਫੀਰ ਨੂੰ ਨਿਖਿਲ ਗੁਪਤਾ ਦਾ ਕਾਉਂਸਲੇਟ ਐਕਸੈਸ ਮਿਲਿਆ ਸੀ ਅਤੇ ਉਸ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਸੀ ।