International

ਅਮਰੀਕਾ ‘ਚ ਈਸਾਈ ਸਕੂਲ ਵਿਚ ਤਿੰਨ ਵਿਦਿਆਰਥੀਆਂ ਸਮੇਤ 6 ਲੋਕਾਂ ਨਾਲ ਹੋਇਆ ਇਹ ਕਾਰਾ

America: Six people including three children killed in school shooting

ਅਮਰੀਕਾ ਵਿੱਚ ਇਨ੍ਹੀਂ ਦਿਨੀਂ ਗੋਲੀਬਾਰੀ ਦੀਆਂ ਘਟਨਾਵਾਂ (Shootings in America) ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਅਮਰੀਕਾ ਵਿੱਚ ਇੱਕ ਵਾਰ ਫਿਰ ਦਿਲ ਦਹਿਲਾਉਣ ਦੀ ਘਟਨਾ ਵਾਪਰੀ ਹੈ।

ਅਮਰੀਕਾ ਦੇ ਟੈਨੇਸੀ ਸੂਬੇ ਦੇ ਨੈਸ਼ਵਿਲ ਸ਼ਹਿਰ ਦੇ ਇਕ ਈਸਾਈ ਸਕੂਲ ਵਿਚ ਔਡਰੇ ਹੇਲ ਨਾਂ ਦੀ 28 ਸਾਲਾ ਔਰਤ ਨੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਵਿਦਿਆਰਥੀ ਵੀ ਸ਼ਾਮਲ ਹਨ। ਗੋਲੀ ਲੱਗਣ ਕਾਰਨ ਇਹ ਸਾਰੇ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹਮਲੇ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ 15 ਮਿੰਟਾਂ ਦੇ ਅੰਦਰ ਹੀ ਹਮਲਾਵਰ ਔਰਤ ਨੂੰ ਮਾਰ ਮੁਕਾਇਆ। ਖਬਰਾਂ ਮੁਤਾਬਕ ਜਿਸ ਸਕੂਲ ‘ਤੇ ਹਮਲਾ ਹੋਇਆ ਹੈ, ਉਸ ਦਾ ਨਾਂ ਦ ਕੌਵੈਂਟ ਸਕੂਲ ਦੱਸਿਆ ਜਾ ਰਿਹਾ ਹੈ। ਘਟਨਾ ਦੇ ਬਾਅਦ ਤੋਂ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਨੈਸ਼ਵਿਲ ਪੁਲਿਸ ਦੇ ਬੁਲਾਰੇ ਡੌਨ ਆਰੋਨ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸ਼ੱਕੀ ਕੋਲ ਦੋ ਰਾਈਫਲਾਂ ਅਤੇ ਇੱਕ ਹੈਂਡਗਨ ਸੀ।

ਗੋਲੀਬਾਰੀ ‘ਚ ਮਾਰੇ ਗਏ ਬੱਚਿਆਂ ਦੀ ਉਮਰ 9 ਸਾਲ ਹੈ। ਗੋਲੀਬਾਰੀ ਵਿੱਚ ਮਾਰੇ ਗਏ ਤਿੰਨ ਬਾਲਗਾਂ ਦੀ ਉਮਰ 60-61 ਦੇ ਕਰੀਬ ਹੈ।ਜਿਸ ਸਕੂਲ ਵਿੱਚ ਗੋਲੀਬਾਰੀ ਹੋਈ ਹੈ, ਉਹ ਨੈਸ਼ਵਿਲ ਦਾ ਇੱਕ ਪ੍ਰਾਈਵੇਟ ਸਕੂਲ ਹੈ ਜਿੱਥੇ 11 ਸਾਲ ਤੱਕ ਦੇ ਬੱਚੇ ਪੜ੍ਹਦੇ ਹਨ। ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਮਾਰਚ ਦੇ ਅੰਤ ਤੱਕ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਉਣ ਦੇ ਆਦੇਸ਼ ਦਿੱਤੇ ਹਨ।

ਪੁਲਿਸ ਮੁਤਾਬਕ ਹਮਲਾਵਰ ਟਰਾਂਸਜੈਂਡਰ ਹੈ

ਪੁਲਿਸ ਨੇ ਕਿਹਾ ਕਿ ਔਡਰੇ ਹੇਲ ਟਰਾਂਸਜੈਂਡਰ ਸੀ ਪਰ ਉਸਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਹ ਮਰਦ ਵਜੋਂ ਆਪਣੀ ਪਛਾਣ ਕਰਦੀ ਸੀ ਅਤੇ ਇੱਕ ਪੁਰਸ਼ ਦੇ ਤਰ੍ਹਾਂ ਰਹਿ ਰਹੀ ਸੀ। ਹਾਲਾਂਕਿ ਪੁਲਿਸ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਇਸੇ ਸਕੂਲ ਦੀ ਸਾਬਕਾ ਵਿਦਿਆਰਥਣ ਸੀ।

ਪੁਲਿਸ ਨੇ ਉਸ ਕੋਲ ਸਕੂਲ ਦੇ ਨਕਸ਼ੇ ਵੀ ਹਾਸਲ ਕਰ ਲਏ ਹਨ ਅਤੇ ਉਹ ਕਈ ਦਿਨਾਂ ਤੋਂ ਸਕੂਲ ਦਾ ਸਰਵੇਖਣ ਵੀ ਕਰ ਰਹੀ ਸੀ। ਪੁਲਿਸ ਨੇ ਦੱਸਿਆ ਕਿ ਉਸ ਦੇ ਕੋਲ ਮਿਲੇ ਕੁਝ ਕਾਗਜ਼ਾਂ ‘ਚ ਕਿਸੇ ਹੋਰ ਥਾਂ ਦਾ ਜ਼ਿਕਰ ਕੀਤਾ ਗਿਆ ਸੀ ਪਰ ਉਥੇ ਭਾਰੀ ਸੁਰੱਖਿਆ ਕਾਰਨ ਹਮਲਾ ਨਾ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਔਰਤ ਵੱਲੋਂ ਗੋਲੀ ਚਲਾਉਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਖਬਰਾਂ ਮੁਤਾਬਕ ਪੁਲਿਸ ਨੂੰ ਘਟਨਾ ਦੀ ਸੂਚਨਾ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਮਿਲੀ। ਦੋਸ਼ੀ ਸਕੂਲ ਦੀ ਇਮਾਰਤ ਦੇ ਸਾਈਡ ਦਰਵਾਜ਼ੇ ਰਾਹੀਂ ਦਾਖਲ ਹੋਇਆ ਸੀ। ਪੁਲਿਸ ਨੇ ਹਮਲਾਵਰ ਨੂੰ ਮੌਕੇ ‘ਤੇ ਹੀ ਮਾਰ ਦਿੱਤਾ। ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।