ਬਿਉਰੋ ਰਿਪੋਰਟ : ਅਮਰੀਕਾ ਦੇ ਨਿਊਯਾਰਕ ਦੀ ਪੁਲਿਸ ਵਿੱਚ ਸਿੱਖ ਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ਦੀ ਘਟਨਾ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਖਤ ਨੋਟਿਸ ਲਿਆ ਹੈ। ਗਿਆਨੀ ਰਘਬੀਰ ਸਿੰਘ ਨੇ ਜਾਰੀ ਇੱਕ ਬਿਆਨ ਵਿੱਚ ਆਖਿਆ ਹੈ ਕਿ ਅਮਰੀਕਾ ਦੀ ਸਰਬਪੱਖੀ ਉੱਨਤੀ ਵਿਚ ਸਿੱਖਾਂ ਦੇ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।
ਜਥੇਦਾਰ ਸਾਹਿਬ ਨੇ ਕਿਹਾ ਕਿ ਅਮਰੀਕਾ ਦੀ ਰਾਜਨੀਤੀ ਤੋਂ ਲੈ ਕੇ ਸੁਰੱਖਿਆ,ਤਕਨੀਕੀ ਅਤੇ ਵਿਗਿਆਨ ਦੇ ਖੇਤਰ ਤੱਕ ਸਿੱਖਾਂ ਨੇ ਆਪਣੀ ਲਿਆਕਤ,ਮਿਹਨਤ ਅਤੇ ਇਮਾਨਦਾਰੀ ਦੇ ਨਾਲ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਮੁਲਕ ਵਿਚ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਅਤੇ ਰਹੁ-ਰੀਤਾਂ ਹੁਣ ਜਾਣ-ਪਛਾਣ ਦਾ ਮੁਥਾਜ ਨਹੀਂ ਰਹੀਆਂ। ਬਹੁਤ ਦੇਰ ਪਹਿਲਾਂ ਹੀ ਅਮਰੀਕਾ ਦੀ ਫੌਜ ਅਤੇ ਸਿਵਲ ਸੇਵਾਵਾਂ ਵਿਚ ਆਪਣੇ ਸਿੱਖੀ ਸਰੂਪ ਦੇ ਨਾਲ ਸੇਵਾਵਾਂ ਕਰਨ ਦੀ ਕਾਨੂੰਨੀ ਲੜਾਈ ਸਿੱਖ ਜਿੱਤ ਚੁੱਕੇ ਹਨ। ਜਿਸ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਦੇ ਨਾਲ ਹਰ ਖੇਤਰ ਵਿਚ ਵਿਚਰਨ ਦੀ ਖੁੱਲ੍ਹ ਦਿੱਤੀ ਜਾ ਚੁੱਕੀ ਹੈ ਪਰ ਹੁਣ ਨਿਊਯਾਰਕ ਪੁਲਿਸ ਵਲੋਂ ਇਕ ਸਿੱਖ ਜਵਾਨ ਨੂੰ ਦਾੜ੍ਹੀ ਰੱਖਣ ਤੋਂ ਰੋਕਣਾ ਹੈਰਾਨੀਜਨਕ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਵੀ ਅਮਰੀਕਾ ਦੀ ਨਿਊਯਾਰਕ ਪੁਲਿਸ ਕੋਲ ਆਪਣੇ ਕੂਟਨੀਤਕ ਚੈਨਲਾਂ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ ਹਨ ਤਾਂ ਜੋ ਨਿਊਯਾਰਕ ਪੁਲਿਸ ਆਪਣੇ ਫੈਸਲੇ ਵਿਚ ਦਰੁਸਤੀ ਕਰਕੇ ਸਿੱਖ ਜਵਾਨ ਨੂੰ ਸਿੱਖੀ ਸਰੂਪ ਵਿਚ ਰਹਿ ਕੇ ਸੇਵਾਵਾਂ ਨਿਭਾਉਣ ਦੀ ਖੁੱਲ੍ਹ ਦੇ ਸਕੇ।