International

ਔਖੇ ਦਿਨ ਦੇਖ ਰਹੇ ਭਾਰਤ ਦੀ ਸੇਵਾ ਦਾ ਮੁੱਲ ਮੋੜੇਗਾ ਅਮਰੀਕਾ, ਦੂਜੇ ਮੁਲਕਾਂ ਨੇ ਬਾਂਹ ਫੜਨ ਲਈ ਹਾਮੀ ਭਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਅਮਰੀਕਾ ਦੀ ਕੀਤੀ ਗਈ ਸੇਵਾ ਦਾ ਮੁੱਲ ਹੁਣ ਅਮਰੀਕਾ ਕਰਨ ਲਈ ਤਿਆਰ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਆਪਣੇ ਟਵੀਟ ਰਾਹੀਂ ਭਰੋਸਾ ਦਿੱਤਾ ਹੈ ਕਿ ਭਾਰਤ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕੋਵਿਡ ਦੀ ਦੂਜੀ ਲਹਿਰ ਦੇ ਵਿਚਕਾਰ ਭਾਰਤ ਅਤੇ ਭਾਰਤੀ ਨਾਗਰਿਕਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਕੋਰੋਨੋਵਾਇਰਸ ਸੰਕਟ ਨਾਲ ਨਜਿੱਠਣ ਲਈ ਮਦਦਗਾਰ ਸਿਹਤ ਸਹੂਲਤਾਂ ਦੀ ਸਪਲਾਈ ਜਾਰੀ ਰੱਖੀ ਜਾਵੇਗੀ। ਬਾਈਡਨ ਨੇ ਟਵੀਟ ਵਿੱਚ ਕਿਹਾ ਹੈ ਕਿ ਜਿਵੇਂ ਭਾਰਤ ਨੇ ਲੋੜ ਪੈਣ ਸਮੇਂ ਅਮਰੀਕਾ ਦੀ ਮਦਦ ਲਈ ਕਦਮ ਵਧਾਇਆ ਸੀ, ਉਸੇ ਤਰ੍ਹਾਂ ਇਸ ਔਖੀ ਘੜੀ ਸਮੇਂ ਭਾਰਤ ਦੇ ਨਾਲ ਹਾਂ।

ਉੱਧਰ, ਯੂਐਸ ਐਨਐਸਏ ਦੇ ਟਵੀਟ ਉੱਤੇ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਹੈਂਡਲ ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਮਹਾਂਮਾਰੀ ਦੇ ਸ਼ੁਰੂਆਤੀ ਪੜਾਅ ਦੌਰਾਨ ਭਾਰਤ ਨੇ ਉਨ੍ਹਾਂ ਦੇ ਹਸਪਤਾਲਾਂ ‘ਤੇ ਦਬਾਅ ਦੇ ਸਮੇਂ ਸਹਾਇਤਾ ਕੀਤੀ ਸੀ। ਹੁਣ ਅਮਰੀਕਾ ਵੀ ਲੋੜ ਦੇ ਸਮੇਂ ਭਾਰਤ ਦੀ ਮਦਦ ਕਰਨ ਲਈ ਦ੍ਰਿੜ ਹੈ।

ਕਮਲਾ ਹੈਰਿਸ ਨੇ ਵੀ ਕੀਤੀ ਅਰਦਾਸ

ਅਮਰੀਕੀ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ‘ਮਦਦ ਕਰਨ ਦੇ ਨਾਲ-ਨਾਲ ਅਸੀਂ ਭਾਰਤ ਦੇ ਨਾਗਰਿਕਾਂ ਅਤੇ ਦਲੇਰ ਸਿਹਤ ਕਰਮਚਾਰੀਆਂ ਲਈ ਵੀ ਅਰਦਾਸ ਕਰਦੇ ਹਾਂ। ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਾਂ ਨੇ ਕਿਹਾ ਕਿ ਉਹ ਅਜੋਕੇ ਸਮੇਂ ਵਿੱਚ ਇਸ ਮੁੱਦੇ ‘ਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਨਗਲਾ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਵਿੱਚ ਰਹੀ ਹੈ।

ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਅਗਵਾਈ ਵਿਚ ਅਮਰੀਕੀ ਪ੍ਰਸ਼ਾਸਨ ਨੇ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿਚ ਭਾਰਤ ਨੂੰ ਐਮਰਜੈਂਸੀ ਸਹਾਇਤਾ ਦਿੱਤੀ ਹੈ ਅਤੇ ਨਾਲ ਹੀ ਕੋਵਿਸ਼ਿਲਡ ਟੀਕੇ ਦੀ ਭਾਰਤੀ ਨਿਰਮਾਤਾ ਨੂੰ ਤੁਰੰਤ ਕੱਚਾ ਮਾਲ ਮੁਹੱਈਆ ਕਰਵਾਉਣ ਵਿੱਚ ਦਿਨ ਰਾਤ ਕੰਮ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਅਤੇ ਉਸ ਦੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਵਿਚਕਾਰਾਲੇ ਹੋਈ ਗੱਲਬਾਤ ਤੋਂ ਬਾਅਦ ਅਮਰੀਕਾ ਨੇ ਇਹ ਫੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਣ ਭਾਰਤ ਵਿੱਚ ਸਥਿਤੀ ਬਹੁਤ ਹੀ ਚਿੰਤਾਜਨਕ ਹੋ ਰਹੀ ਹੈ। ਇਸ ਲਈ ਦੂਜੇ ਦੇਸ਼ ਭਾਰਤ ਦੀ ਮਦਦ ਲਈ ਅੱਗੇ ਆ ਰਹੇ ਹਨ। ਬੀਤੇ ਦਿਨੀ ਗੁਆਂਢੀ ਦੇਸ਼ ਪਾਕਿਸਤਾਨ ਦੇ ਲੋਕਾਂ ਨੇ ਵੀ ਕੋਰੋਨਾ ਨਾਲ ਲੜ ਰਹੇ ਭਾਰਤੀਆਂ ਨਾਲ ਲਈ ਅਰਦਾਸ ਕੀਤੀ ਸੀ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨੇ ਵੀ ਆਪਣੀਆਂ ਸੰਵੇਦਨਾਵਾਂ ਜ਼ਾਹਿਰ ਕਰਦਿਆਂ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ।

ਭਾਰਤ ਨੂੰ ਮਜ਼ਬੂਤ ਰਹਿਣ ਦਾ ਦਿੱਤਾ ਸੰਦੇਸ਼

ਦੁਬਈ ਨੇ ਆਪਣੀ ਮਸ਼ਹੂਰ ਇਮਾਰਤ ਬੁਰਜ ਖ਼ਲੀਫ਼ਾ ਉੱਤੇ ਭਾਰਤ ਨੂੰ ਸੁਨੇਹਾ ਦਿੰਦਿਆਂ ਹੈਸ਼ਟੈਗ #StayStrongIndia ਦੀ ਵਰਤੋਂ ਕੀਤੀ ਹੈ ਅਤੇ ਤਿਰੰਗਾ ਝੰਡਾ ਲਹਿਰਾ ਕੇ ਆਪਣੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਵੀ ਟਵਿੱਟਰ ਉੱਤੇ ਟੌਪ ਟ੍ਰੈਂਡ #PakistanStandsWithIndia ਰਿਹਾ ਹੈ, ਜਿਸ ਤਹਿਤ ਪਾਕਿਸਤਾਨ ਦੇ ਆਮ ਲੋਕਾਂ ਤੋਂ ਲੈ ਕੇ ਸਿਆਸਤਦਾਨ ਅਤੇ ਮਸ਼ਹੂਰ ਹਸਤੀਆਂ ਨੇ ਭਾਰਤ ਨਾਲ ਖੜ੍ਹੇ ਰਹਿਣ ਦੀ ਬਚਨਬੱਧਤਾ ਜਾਹਿਰ ਕੀਤੀ ਹੈ।

ਕਈ ਦੇਸ਼ਾਂ ਨੇ ਭਾਰਤ ਦੀ ਮਦਦ ਕਰਨ ਦਾ ਕੀਤਾ ਐਲਾਨ
ਕੋਰੋਨਾ ਵਾਇਰਸ ਨਾਲ ਲੜ ਰਹੇ ਭਾਰਤ ਨੂੰ ਮਦਦ ਦੇਣ ਲਈ ਬ੍ਰਿਟੇਨ ਨੇ 600 ਤੋਂ ਵੱਧ ਵੈਂਟੀਲੇਟਰ ਸਣੇ ਹੋਰ ਮੈਡੀਕਲ ਉਪਕਰਨ ਭਾਰਤ ਲਈ ਰਵਾਨਾ ਕਰ ਦਿੱਤੇ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਖਿਆ ਹੈ ਕਿ ਅਸੀਂ ਭਾਰਤ ਨਾਲ ਦੋਸਤ ਅਤੇ ਭਾਈਵਾਲ ਦੇ ਤੌਰ ‘ਤੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।

ਅਮਰੀਕਾ ਨੇ ਕੋਵੀਸ਼ੀਲਡ ਵੈਕਸੀਨ ਦੇ ਉਤਪਾਦਨ ਲਈ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਲਈ ਸਹਿਮਤੀ ਜਤਾਈ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ।

ਉੱਧਰ, ਸਾਊਦੀ ਅਰਬ ਨੇ ਵੀ ਕੋਰੋਨਾ ਖ਼ਿਲਾਫ਼ ਜੰਗ ਵਿੱਚ ਭਾਰਤ ਦੀ ਮਦਦ ਕਰਨ ਲਈ ਕਦਮ ਚੁੱਕਿਆ ਹੈ। ਰਿਆਦ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸਾਊਦੀ ਅਰਬ ਨੇ ਭਾਰਤ ਦੀ ਅਡਾਨੀ ਅਤੇ ਲਿੰਡੇ ਕੰਪਨੀਆਂ ਨਾਲ ਮਿਲ ਕੇ 800 ਮਿਟ੍ਰਿਕ ਟਨ ਲਿਕਵਿਡ ਆਕਸੀਜਨ ਦੀ ਖੇਪ ਭਾਰਤ ਭੇਜੀ ਹੈ। ਇਹ ਖੇਪ ਸਾਊਦੀ ਅਰਬ ਤੋਂ ਸਮੁੰਦਰ ਦੇ ਰਾਹ ਤੋਂ ਆ ਰਹੀ ਹੈ।

ਜਰਮਨੀ ਨੇ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ ਨੂੰ ਮਦਦ ਦੇਣ ਲਈ ਹਾਮੀ ਭਰੀ ਹੈ। ਇਸ ਦੇ ਲਈ ਇੱਕ ‘ਸਹਾਇਤਾ ਮਿਸ਼ਨ’ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਰਮਨੀ ਦੀ ਚਾਂਸਰ ਐਂਗੇਲਾ ਮਾਰਕੇਲ ਨੇ ਇਕ ਸੰਦੇਸ਼ ਵਿੱਚ ਕਿਹਾ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਜਰਮਨੀ ਭਾਰਤ ਦੇ ਨਾਲ ਖੜ੍ਹਾ ਹੈ ਅਤੇ ਕੋਰੋਨਾ ਮਹਾਂਮਾਰੀ ਨਾਲ ਜੰਗ ਵਿੱਚ ਮਦਦ ਲਈ ਇੱਕ ‘ਸਹਾਇਤਾ ਮਿਸ਼ਨ ਭੇਜਣ ਦੀ ਤਿਆਰੀ ਕਰ ਰਿਹਾ ਹੈ।

ਸ਼੍ਰੀਲੰਕਾ ਵਿੱਚ ਮੌਜੂਦ ਚੀਨੀ ਦੂਤਾਵਾਸ ਨੇ ਕਿਹਾ ਕਿ ਮਹਾਂਮਾਰੀ ਦੇ ਔਖੇ ਸਮੇਂ ‘ਚ ਚੀਨ ਭਾਰਤ ਦੇ ਨਾਲ ਹੈ। ਦੂਤਾਵਾਸ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਲਈ ਹੌਂਗ ਕੌਂਗ ਤੋਂ 800 ਆਕਸੀਜਨ ਕੰਸੈਂਟ੍ਰੇਟਰ ਭੇਜੇ ਗਏ ਹਨ ਅਤੇ ਆਉਣ ਵਾਲੇ ਸੱਤ ਦਿਨਾਂ ਵਿੱਚ ਹੋਰ 10 ਹਜ਼ਾਰ ਕੰਸੈਂਟ੍ਰੇਟਰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਫ੍ਰਾਂਸਿਸੀ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਕਿਹਾ ਕਿ ਮਹਾਂਮਾਰੀ ਨਾਲ ਲੜ ਰਹੇ ਭਾਰਤ ਦੇ ਲਈ ਉਹ ਆਉਣ ਵਾਲੇ ਦਿਨਾਂ ਵਿੱਚ ਆਕਸੀਜਨ ਵੈਂਟੀਲੇਟਰ ਭੇਜਣਗੇ।
ਇਸ ਤੋਂ ਪਹਿਲਾਂ ਯੂਰਪੀ ਕਮਿਸ਼ਨ ਨੇ ਕਿਹਾ ਸੀ ਕਿ ਉਹ ਭਾਰਤ ਵੱਲੋਂ ਮਦਦ ਦੀ ਗੁਜ਼ਾਰਿਸ਼ ਮਿਲਣ ਤੋਂ ਬਾਅਦ ਜਲਦ ਤੋਂ ਜਲਦ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਪਲਾਈ ਭੇਜਣ ਦੀ ਤਿਆਰੀ ਕਰ ਰਿਹਾ ਹੈ।