ਬਿਉਰੋ ਰਿਪੋਰਟ : ਅਮਰੀਕਾ ਜਾਣ ਵਾਲੇ ਲੋਕਾਂ ਨੂੰ ਹੋਰ ਜੇਬ੍ਹ ਢਿੱਲੀ ਕਰਨੀ ਪਏਗੀ। ਸਰਕਾਰ ਨੇ ਸਾਰੇ ਵੀਜ਼ਾ ਦੀ ਫੀਸ ਤਿੰਨ ਗੁਣਾ ਵਧਾ ਦਿੱਤੀ ਹੈ । H1B,L-1,EB-5 ਵਰਗੀਆਂ ਗੈਰ ਪ੍ਰਵਾਸੀ ਵੀਜ਼ਾ ਦੀ ਫੀਸ ਵਿੱਚ 8 ਸਾਲ ਬਾਅਦ ਵਾਧਾ ਕੀਤਾ ਗਿਆ ਹੈ,ਇਸ ਤੋਂ ਪਹਿਲਾਂ 2016 ਵਿੱਚ ਫੀਸ ਵਧਾਈ ਗਈ ਸੀ। ਵਧੀ ਹੋਈ ਫੀਸ 1 ਅਪ੍ਰੈਲ ਤੋਂ ਲਾਗੂ ਹੋਵੇਗੀ । ਨਵੀਂ ਫੀਸ ਦਰ ਮੁਤਾਬਿਕ ਫਾਰਮ I-129 ਤਹਿਤ H1B ਵੀਜ਼ਾ ਦੀ ਫੀਸ 460 ਡਾਲਰ ਤੋਂ ਵਧਾ ਕੇ 780 ਡਾਲਰ ਕਰ ਦਿੱਤੀ ਗਈ ਹੈ। H1B ਰਜਿਸਟ੍ਰੇਸ਼ਨ ਫੀਸ ਅਗਲੇ ਸਾਲ 10 ਡਾਲਰ ਤੋਂ ਵਧਾ ਕੇ 215 ਡਾਲਰ ਕਰ ਦਿੱਤੀ ਜਾਵੇਗੀ L-1 ਵੀਜ਼ਾ ਦੀ ਫੀਸ 460 ਡਾਲਰ ਤੋਂ ਵਧਾ ਕੇ 1,385 ਡਾਲਰ ਅਤੇ EB-5 ਵੀਜ਼ਾ ਦੀ ਫੀਸ 3,675 ਤੋਂ ਵਧਾ ਕੇ 11,160 ਡਾਲਰ ਕਰ ਦਿੱਤੀ ਗਈ ਹੈ ।
H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੀ ਇਜਾਜ਼ਤ ਦਿੰਦਾ ਹੈ। ਜਿੰਨਾਂ ਕੰਮਾਂ ਵਿੱਚ ਤਕਨੀਕੀ ਮਾਹਿਰਾਂ ਦੀ ਜ਼ਰੂਰਤ ਹੁੰਦੀ ਹੈ । ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਮੁਲਕਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਦੀ ਨਿਯੁਕਤੀ ਦੇ ਲਈ ਇਸੇ ਵੀਜ਼ੇ ਦੀ ਵਰਤੋਂ ਕਰਦੀ ਹੈ । 1990 ਵਿੱਚ ਅਮਰੀਕੀ ਸਰਕਾਰ ਨੇ EB-5 ਪ੍ਰੋਗਰਾਮ ਤਿਆਰ ਕੀਤਾ ਸੀ,ਜਿਸ ਦੇ ਮੁਤਾਬਿਕ ਵਿਦੇਸ਼ੀ ਨਿਵੇਸ਼ਕ ਅਮਰੀਕੀ ਕਾਰੋਬਾਰ ਵਿੱਚ ਘੱਟੋ-ਘੱਟ 5 ਲੱਖ ਡਾਲਰ ਦਾ ਨਿਵੇਸ਼ ਕਰਕੇ ਪਰਿਵਾਰ ਸਮੇਤ ਵੀਜ਼ਾ ਹਾਸਲ ਕਰ ਸਕਦਾ ਹੈ । L-1 ਵੀਜ਼ਾ ਅਮਰੀਕਾ ਵਿੱਚ ਇੱਕ ਗੈਰ ਪ੍ਰਵਾਸੀ ਸ਼੍ਰੇਣੀ ਦਾ ਵੀਜ਼ਾ ਹੈ,ਇਸ ਮਲਟੀਨੈਸ਼ਨਲ ਕੰਪਨੀਆਂ ਨੂੰ ਆਪਣੇ ਵਿਦੇਸ਼ੀ ਦਫਤਰਾਂ ਤੋਂ ਕੁਝ ਮੁਲਾਜ਼ਮਾਂ ਨੂੰ ਆਰਜੀ ਤੌਰ ‘ਤੇ ਅਮਰੀਕਾ ਵਿੱਚ ਕੰਮ ਕਰਨ ਲਈ ਦਿੱਤਾ ਜਾਂਦਾ ਹੈ।