ਅਮਰੀਕਾ ‘ਚ ਆਏ ਭਿਆਨਕ ਬਰਫੀਲੇ ਤੂਫਾਨ ਕਾਰਨ ਲਗਭਗ 6 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਅਤੇ ਕਈ ਸੂਬਿਆਂ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਂਟਕੀ, ਵਰਜੀਨੀਆ, ਵੈਸਟ ਵਰਜੀਨੀਆ, ਕੰਸਾਸ, ਅਰਕਨਸਾਸ, ਨਿਊ ਜਰਸੀ ਅਤੇ ਮਿਸੂਰੀ ਸਮੇਤ ਕਈ ਰਾਜਾਂ ਨੇ ਐਮਰਜੈਂਸੀ ਘੋਸ਼ਿਤ ਕੀਤੀ ਹੈ।
ਬਰਫ ਜਮ੍ਹਾ ਹੋਣ ਕਾਰਨ ਇਨ੍ਹਾਂ ਰਾਜਾਂ ਦੇ ਲਗਭਗ ਸਾਰੇ ਹਾਈਵੇਅ ਬੰਦ ਹੋ ਗਏ ਹਨ। ਪ੍ਰਸ਼ਾਸਨ ਨੇ ਸੜਕ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਹਜ਼ਾਰਾਂ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ ਅਤੇ ਸਕੂਲ ਬੰਦ ਕਰ ਦਿੱਤੇ ਗਏ ਹਨ। ਭਾਰੀ ਬਰਫਬਾਰੀ ਅਤੇ ਘੱਟੋ-ਘੱਟ ਤਾਪਮਾਨ ਦਾ ਪਿਛਲੇ ਦਹਾਕੇ ਦਾ ਰਿਕਾਰਡ ਟੁੱਟ ਗਿਆ ਹੈ।
ਕੰਸਾਸ ਅਤੇ ਮਿਸੂਰੀ ਇਸ ਸਮੇਂ ਸਭ ਤੋਂ ਵੱਧ ਪ੍ਰਭਾਵਿਤ ਹਨ। ਕੁਝ ਇਲਾਕਿਆਂ ‘ਚ ਐਤਵਾਰ ਦੁਪਹਿਰ ਤੋਂ 10 ਇੰਚ ਤੱਕ ਬਰਫਬਾਰੀ ਹੋਈ ਹੈ। ਕੰਸਾਸ ਦੇ ਅਧਿਕਾਰੀ ਬ੍ਰਾਇਨ ਪਲੈਟ ਨੇ ਕਿਹਾ, “ਪਿਛਲੇ 32 ਸਾਲਾਂ ਵਿੱਚ ਮੈਂ 10 ਇੰਚ ਤੋਂ ਵੱਧ ਬਰਫ਼ਬਾਰੀ ਨਹੀਂ ਦੇਖੀ ਹੈ।”
ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਮੱਧ ਤੋਂ ਪੂਰਬੀ ਤੱਟ ਤੱਕ ਕਰੀਬ 30 ਅਮਰੀਕੀ ਰਾਜਾਂ ਵਿੱਚ ਸਥਿਤੀ ਗੰਭੀਰ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਦਾ ਕਾਰਨ ਪੋਲਰ ਵੌਰਟੇਕਸ (ਆਰਕਟਿਕ ਦੇ ਆਲੇ-ਦੁਆਲੇ ਠੰਡੀ ਹਵਾ ਦਾ ਵਹਾਅ) ਹੈ। ਵਾਸ਼ਿੰਗਟਨ ਡੀਸੀ ਅਤੇ ਫਿਲਾਡੇਲਫੀਆ ਸਮੇਤ ਕਈ ਵੱਡੇ ਸ਼ਹਿਰ ਭਾਰੀ ਬਰਫਬਾਰੀ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸੋਮਵਾਰ ਤੋਂ ਖਰਾਬ ਮੌਸਮ ਤੋਂ ਰਾਹਤ ਮਿਲਣ ਦੀ ਉਮੀਦ ਹੈ।