‘ਦ ਖ਼ਾਲਸ ਬਿਊਰੋ :- ਸੰਯੁਕਤ ਰਾਸ਼ਟਰ ਅਮਰੀਕਾ ‘ਚ ਵਸੇ ਹੋਏ ਭਾਰਤੀ ਜਿਹੜੇ ਪੜ੍ਹਾਈ ਕਰਨ ਜਾਂ ਕੰਮ ਕਰਨ ਲਈ ਉੱਥੇ ਰਹਿ ਰਹੇ ਹਨ, ਅਮਰੀਕੀ ਸਰਕਾਰ ਹੁਣ ਉਨ੍ਹਾਂ ਵਿੱਚੋਂ ਕੁੱਲ 33,593 ਭਾਰਤੀ ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕਰ ਰਹੀ ਹੈ। ਡਿਪੋਰਟ ਹੋਣ ਵਾਲੇ ਭਾਰਤੀਆਂ ‘ਚੋਂ ਬਹੁਤੇ ਪੰਜਾਬੀ ਹਨ।
ਟਰੰਪ ਪ੍ਰਸ਼ਾਸਨ ਤੋਂ ਇਹ ਜਾਣਕਾਰੀ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਨੇ ‘ਫਰੀਡਮ ਆਫ਼ ਇਨਫਰਮੇਸ਼ਨ ਐਕਟ’ ਦੇ ਤਹਿਤ ਮੰਗੀ ਗਈ ਸੀ। ਇਸ ਸੂਚੀ ਵਿੱਚ ਜੇਲ੍ਹਾਂ ਜਾਂ ਹੋਰ ਕੈਂਪਾਂ ‘ਚ ਬੰਦ ਭਾਰਤੀ ਲੋਕਾਂ ਦੀ ਜਾਣਕਾਰੀ ਵੀ ਦਿੱਤੀ ਗਈ। ਅਮਰੀਕੀ ਪ੍ਰਸ਼ਾਸਨ ਵੱਲੋਂ ਇਹਨਾਂ ਲੋਕਾਂ ਵਿੱਚੋਂ ਡਿਪੋਰਟ ਕਰਨ ਦੀ ਕਾਰਵਾਈ 6 ਜੂਨ 2020 ਤੋਂ ਚੱਲ ਰਹੀ ਹੈ।
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਇਹ ਜਾਣਕਾਰੀ ਜੁਲਾਈ 2019 ‘ਚ ਮੰਗੀ ਸੀ। ਕਾਊਂਟੀ ਡਿਟੈਂਸ਼ਨ ਸੈਂਟਰ ‘ਚ 121 ਭਾਰਤੀਆਂ ਨੂੰ ਬੰਦ ਕੀਤਾ ਹੋਇਆ ਹੈ, ਜਦਕਿ ਜੈਕਸਨ ਪਾਰਿਸ਼ ਕੋਰੈਕਸ਼ਨਲ ਸੈਂਟਰ ‘ਚ 38, ਕਾਰਨਿਸ ਕਾਊਂਟੀ ਰੈਜ਼ੀਡੈਂਸ਼ਲ ਸੈਂਟਰ ‘ਚ 41, ਲਾਸਿਲੇ ਕੋਰੈਕਸ਼ਨ ਸੈਂਟਰ ਵਿੱਚ 40, ਵੀਨ ਇੰਸਟੀਚਿਊਟ ‘ਚ 66 ਤੇ ਬਾਕੀ ਅਮਰੀਕਾ ਦੀਆਂ ਹੋਰ ਵੱਖ-ਵੱਖ ਜੇਲਾਂ ‘ਚ ਬੰਦ ਕੀਤਾ ਹੋਇਆ ਹੈ।
ਇਸ ਸੂਚੀ ’ਚ ਉਨ੍ਹਾਂ ਪੰਜਾਬੀਆਂ ਦੀ ਗਿਣਤੀ ਵੀ ਕਾਫ਼ੀ ਦੱਸੀ ਜਾ ਰਹੀ ਹੈ, ਜਿਹੜੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਏ ਸਨ। ਅਮਰੀਕਾ ਨਾਲ ਲੱਗਦੀ ਮੈਕਸੀਕੋ ਦੀ ਸਰਹੱਦ ਰਾਹੀਂ ਵੀ ਆਪਣੀਆਂ ਜ਼ਿੰਦਗੀਆਂ ਦਾਅ ’ਤੇ ਲਾ ਕੇ ਕਈ ਪੰਜਾਬੀ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖਲਾ ਹੁੰਦੇ ਹਨ। ਅਜਿਹੀ ਕੋਸ਼ਿਸ਼ ਕਰਦਿਆਂ ਹੀ ਦਸੂਹਾ-ਮੁਕੇਰੀਆਂ ਇਲਾਕੇ ਦੇ ਤਿੰਨ ਨੌਜਵਾਨ, ਕਪੂਰਥਲਾ ਤੇ ਅੰਮ੍ਰਿਤਸਰ ’ਚੋਂ ਵੀ ਕੁੱਝ ਨੌਜਵਾਨ ਅਮਰੀਕਾ ਜਾਣ ਲਈ ਰਸਤੇ ‘ਚ ਹੀ ਕਿਧਰੇ ਲਾਪਤਾ ਹੋ ਗਏ ਸਨ। ਦੋ ਸਾਲ ਬਾਅਦ ਵੀ ਇਨ੍ਹਾਂ ਦੇ ਮਾਪਿਆਂ ਨੂੰ ਆਪਣੇ ਪੁੱਤਾਂ ਦਾ ਕੋਈ ਪਤਾ ਨਹੀਂ ਲੱਗਾ।