ਬਿਊਰੋ ਰਿਪੋਰਟ : ਅਮਰੀਕਾ ਦੇ ਸ਼ਹਿਰ ਫ੍ਰੇਸਨੋ ਵਿੱਚ ਡਾਕਟਰੀ ਦੀ ਪੜਾਈ ਪੂਰੀ ਕਰਕੇ ਡਿਗਰੀ ਲੈਣ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਵਿੱਚ ਪਾਰਟੀ ਕਰਨ ਜਾ ਰਹੇ ਪਿਉ-ਪੁੱਤ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਹੈ।
ਨੌਜਵਾਨ ਡਾਕਟਰ ਦੀ ਮਾਂ ਹਾਦਸੇ ਵਿੱਚ ਗੰਭੀਰ ਤੌਰ ‘ਤੇ ਜ਼ਖਮੀ ਹੋਈ ਹੈ । ਮ੍ਰਿਤਕ ਪਿਤਾ ਦਾ ਨਾਂ ਕੁਲਵਿੰਦਰ ਸਿੰਘ ਅਤੇ ਪੁੱਤਰ ਦਾ ਨਾਂ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ । ਇਹ ਦੋਵੇ ਭੁੱਲਥ ਦੇ ਨਜ਼ਦੀਕ ਪਿੰਡ ਬੋਪਾਰਾਏ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ।
ਕਾਰ ਦਾ ਟਾਇਰ ਨਿਕਲਣ ਦੀ ਵਜ੍ਹਾ ਕਰਕੇ ਹਾਦਸਾ
ਕੁਲਵਿੰਦਰ ਸਿੰਘ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਭਰਾ ਪਿਛਲੇ 15 ਸਾਲ ਤੋਂ ਅਮਰੀਕਾ ਵਿੱਚ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਰਹਿੰਦਾ ਸੀ । ਕੁਲਵਿੰਦਰ ਸਿੰਘ ਆਪਣੇ ਪੁੱਤਰ ਸੁਖਵਿੰਦਰ ਸਿੰਘ ਅਤੇ ਪਤਨੀ ਬਲਵੀਰ ਕੌਰ ਦੇ ਨਾਲ ਪੁੱਤਰ ਦੀ ਡਾਕਟਰੀ ਦੀ ਪੜਾਈ ਪੂਰੀ ਹੋਣ ‘ਤੇ ਡਿਗਰੀ ਦੀ ਖੁਸ਼ੀ ਵਿੱਚ ਕਾਰ ‘ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਦੂਜੀ ਗੱਡੀ ਦਾ ਟਾਇਰ ਖੁੱਲ ਗਿਆ ਅਤੇ ਉਹ ਕੁਲਵਿੰਦਰ ਸਿੰਘ ਦੀ ਗੱਡੀ ਵਿੱਚ ਜਾਕੇ ਵਜੀ,ਜਿਸ ਦੀ ਵਜ੍ਹਾ ਕਰਕੇ ਪਿਉ-ਪੁੱਤਰ ਦੀ ਮੌਤ ਹੋ ਗਈ ।
ਮਾਂ ਹਸਪਤਾਲ ਵਿੱਚ ਦਾਖਲ
ਜਾਣਕਾਰੀ ਦੇ ਮੁਤਾਬਿਕ ਜਿਸ ਵੇਲੇ ਦੂਜੀ ਗੱਡੀ ਨੇ ਕੁਲਵਿੰਦਰ ਸਿੰਘ ਦੀ ਗੱਡੀ ਨੂੰ ਟੱਕਰ ਮਾਰੀ ਉਨ੍ਹਾਂ ਦੀ ਗੱਡੀ ਕਈ ਵਾਰ ਪਲਟੀ,ਪੁੱਤਰ ਸੁਖਵਿੰਦਰ ਸਿੰਘ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪਿਤਾ ਕੁਲਵਿੰਦਰ ਸਿੰਘ ਨੇ ਹਸਪਤਾਲ ਵਿੱਚ ਇਲਾਜ ਦੇ ਦੌਰਾਨ 2 ਦਿਨ ਬਾਅਦ ਦਮ ਤੋੜਿਆ। ਭਰਾ ਹਰਜਿੰਦਰ ਸਿੰਘ ਨੇ ਦੱਸਿਆ ਸੜਕ ਹਾਦਸੇ ਵਿੱਚ ਪਤਨੀ ਬਲਬੀਰ ਕੌਰ ਗੰਭੀਰ ਰੂਪ ਵਿੱਚ ਜਖ਼ਮੀ ਹੋਈ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਅਮਰੀਕਾ ਵਿੱਚ ਹੋਏ ਸੜਕੀ ਹਾਦਸੇ ਵਿੱਚ ਐਡਵੋਕੇਟ ਕੁਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਕਾਰਨ ਪੂਰੇ ਪਿੰਡ ਵਿੱਚ ਸੋਗ ਹੈ । ਘਰ ਵਾਲਿਆਂ ਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਹੈ ਕਿ ਪਿਉ-ਪੁੱਤ ਚੱਲੇ ਗਏ ਹਨ । ਘਰ ਵਾਲਿਆਂ ਦਾ ਕਹਿਣਾ ਹੈ ਕਿ ਪਿਉ ਹਮੇਸ਼ਾ ਪੁੱਤਰ ਨੂੰ ਡਾਕਟਰ ਦੇ ਰੂਪ ਵਿੱਚ ਵੇਖਣਾ ਚਾਹੁੰਦਾ ਸੀ ਹੁਣ ਜਦੋਂ ਇਹ ਸੁਪਣਾ ਸੱਚ ਹੋ ਗਿਆ ਤਾਂ ਸਿਰੇ ਚਰਨ ਤੋਂ ਪਹਿਲਾਂ ਇਸ ਨੂੰ ਕਿਸੇ ਦੀ ਨਜ਼ਰ ਲੱਗ ਗਈ।