ਬਿਉਰੋ ਰਿਪੋਰਟ : ਅਮਰੀਕਾ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਲਗਾਤਾਰ ਤੇਜ਼ੀ ਨਾਲ ਵੱਧ ਰਹੀਆਂ ਹਨ । ਤਾਜ਼ਾ ਮਾਮਲਾ ਇੱਕ ਗ੍ਰੰਥੀ ਦੇ ਕਤਲ ਦਾ ਆਇਆ ਹੈ । ਉਹ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੇਲਮਾ ਟਾਊਨ ਦੇ ਗੁਰਦੁਆਰੇ ਵਿੱਚ ਕੀਰਤਨੀ ਸੀ । ਡਿਊਟੀ ਤੋਂ ਬਾਅਦ ਜਿਵੇਂ ਹੀ ਗ੍ਰੰਥੀ ਰਾਜ ਸਿੰਘ ਰਾਤ ਨੂੰ ਗੁਰੂ ਘਰ ਤੋਂ ਬਾਹਰ ਆਇਆ ਉਸ ‘ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ । ਜਦੋਂ ਤੱਕ ਕੋਈ ਬਾਹਰ ਆਉਂਦਾ ਹਮਲਾਵਰ ਫਰਾਰ ਹੋ ਚੁੱਕੇ ਸਨ ।
ਦੱਸਿਆ ਜਾ ਰਿਹਾ ਹੈ 29 ਸਾਲ ਦਾ ਗ੍ਰੰਥੀ ਰਾਜ ਸਿੰਘ ਰਾਤ ਸਾਢੇ 10 ਵਜੇ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ । ਹਰ ਰੋਜ਼ ਉਹ ਸੇਵਾ ਨਿਭਾਉਣ ਤੋਂ ਬਾਅਦ ਸੈਰ ਕਰਨ ਦੇ ਲਈ ਬਾਹਰ ਆਉਂਦਾ ਸੀ। ਪਰ ਬੀਤੀ ਰਾਤ ਜਿਵੇਂ ਹੀ ਉਹ ਬਾਹਰ ਆਇਆ ਉਸ ‘ਤੇ ਤਾਬੜ ਤੋੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ । ਗ੍ਰੰਥੀ ਰਾਜ ਸਿੰਘ ਦਾ ਪਿਛੋਕੜ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਨਾਲ ਸੀ । ਉਹ ਕਈ ਸਾਲਾਂ ਤੋਂ ਗੁਰੂ ਘਰ ਦੇ ਅੰਦਰ ਗ੍ਰੰਥੀ ਅਤੇ ਕੀਰਤਨੀ ਦੀ ਸੇਵਾ ਨਿਭਾ ਰਿਹਾ ਸੀ।
ਪੁਲਿਸ ਗੁਰੂ ਘਰ ਦੇ ਬਾਹਰ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ । ਹਮਲਾਵਰਾਂ ਨੇ ਗ੍ਰੰਥੀ ਰਾਜ ਸਿੰਘ ਨੂੰ ਕਿਉਂ ਨਿਸ਼ਾਨਾ ਬਣਾਇਆ ? ਕੀ ਇਹ ਕੋਈ ਨਸਲੀ ਹਮਲਾ ਸੀ ਜਾਂ ਫਿਰ ਲੁੱਟ ਦੇ ਇਰਾਦੇ ਨਾਲ ਉਸ ਨੂੰ ਨਿਸ਼ਾਨਾ ਬਣਾਇਆ ? ਪੁਲਿਸ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਹੈ। ਕੈਲੀਫੋਨੀਆ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ ਅਜਿਹੇ ਵਿੱਚ ਇਸ ਘਟਨਾ ਤੋਂ ਬਾਅਦ ਸੰਗਤ ਅਤੇ ਆਲੇ-ਦੁਆਲੇ ਰਹਿਣ ਵਾਲੇ ਭਾਰਤੀਆਂ ਦੀ ਚਿੰਤਾ ਵੱਧ ਗਈ ਹੈ।
ਲਗਾਤਾਰ ਭਾਰਤੀਆਂ ‘ਤੇ ਹੋ ਰਹੇ ਹਮਲਿਆਂ ‘ਤੇ ਕੁਝ ਦਿਨ ਪਹਿਲਾਂ ਅਮਰੀਕੀ ਪ੍ਰਸ਼ਾਸਨ ਨੇ ਵੀ ਚਿੰਤਾ ਜ਼ਾਹਿਰ ਕੀਤੀ ਸੀ ਅਤੇ ਕਿਹਾ ਸੀ ਕਿ ਅਸੀਂ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਕਦਮ ਚੁੱਕ ਰਹੇ ਹਾਂ ।