International

ਅਮਰੀਕਾ ਵਿੱਚ ਗਨ ਕਲਚਰ ਉੱਤੇ ਰੋਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਮਰੀਕਾ ਦੀ ਗੰਨ ਇੰਡਸਟਰੀ ਵਿਚ ਇਨ੍ਹਾਂ ਦਿਨਾਂ ਭਾਜੜਾਂ ਪਈਆਂ ਹੋਈਆਂ ਹਨ। ਰਾਸ਼ਟਰਪਤੀ ਜੋਅ ਬਾਈਡਨ ਦੀ ਡੈਮੋਕਰੇਟਿਕ ਪਾਰਟੀ ਵਾਲੇ ਰਾਜਾਂ ਵਿਚ ਸਖਤ ਕਾਨੂੰਨ ਲਾਗੂ ਹੋਣ ਕਾਰਨ ਬੰਦੂਕ ਨਿਰਮਾਤਾਵਾਂ ਨੂੰ ਅਪਣਾ ਕੰਮਕਾਜ ਸਮੇਟ ਕੇ ਹੋਰ ਰਾਜਾਂ ਵਿਚ ਸ਼ਿਫਟ ਹੋਣਾ ਪੈ ਰਿਹਾ ਹੈ। ਅਜਿਹੇ ਵਿਚ ਤਮਾਮ ਬੰਦੂਕ ਨਿਰਮਾਤ ਸਾਬਕਾ ਰਾਸ਼ਟਰਪਤੀ ਟਰੰਪ ਦੀ ਪਾਰਟੀ ਰਿਪਬਲਿਕਨ ਦੇ ਰਾਜ ਵਾਲੇ ਸੂਬਿਆਂ ਵਿਚ ਅਪਣਾ ਟਿਕਾਣਾ ਬਣਾ ਰਹੇ ਹਨ। ਅਜਿਹੇ ਵਿਚ ਇਹ ਇੰਡਸਟਰੀ ਅਪਣੇ ਨਾਲ ਅਰਬਾਂ ਡਾਲਰ ਦਾ ਰਾਜਸਵ ਅਤੇ ਹਜ਼ਾਰਾਂ ਨੌਕਰੀਆਂ ਵੀ ਲੈ ਜਾ ਰਹੀ ਹੈ। ਇੰਡਸਟਰੀ ਆਉਂਦੇ ਦੇਖ ਰਿਪਬਲਿਕਨ ਸ਼ਾਸਿਤ ਰਾਜਾਂ ਨੇ ਗੰਨ ਇੰਡਸਟਰੀ ਨੂੰ ਛੋਟ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ।


ਦਰਅਸਲ, ਕਈ ਡੈਮੋਕਰੇਟਿਕ ਰਾਜਾਂ ਨੇ ਕੜੇ ਬੰਦੂਕ ਕੰਟਰੋਲ ਕਾਨੂੰਨ ਪਾਸ ਕੀਤੇ ਹਨ। ਇਸ ਨਾਲ ਇਨ੍ਹਾਂ ਰਾਜਾਂ ਵਿਚ ਬੰਦੂਕਾਂ ਦੀ ਵਿਕਰੀ ਨਾਜਾਇਜ਼ ਐਲਾਨ ਕਰ ਦਿੱਤੀ ਗਈ ਹੈ। ਗੰਨ ਇੰਡਸਟਰੀ ਦੇ ਦੂਜੇ ਰਾਜਾਂ ਵਿਚ ਜਾਣ ਨਾਲ ਇਹ ਸਾਫ ਸੰਕੇਤ ਮਿਲ ਰਹੇ ਹਨ ਕਿ ਇਹ ਲੌਬੀ ਕਿੰਨੀ ਮਜ਼ਬੂਤ ਹੈ ਕਿਉਂਕਿ ਅਮਰੀਕਾ ਵਿਚ ਬੰਦੂਕਾਂ ਦੀ ਵਿਕਰੀ ਇਤਿਹਾਸਕ ਉਚੇ ਪੱਧਰ ’ਤੇ ਬਣੀ ਹੋਈ ਹੈ। ਅਮਰੀਕਾ ਵਿਚ 2020 ਵਿਚ 2.3 ਕਰੋੜ ਬੰਦੂਕਾਂ ਵਿਕੀਆਂ ਜੋ 2019 ਦੇ ਮੁਕਾਬਲੇ 70 ਪ੍ਰਤੀਸ਼ਤ ਜ਼ਿਆਦਾ ਹਨ। ਮਾਹਰਾਂ ਦਾ ਕਹਿਣਾ ਹੈ ਕਿ 2021 ਵਿਚ ਇਹ ਅੰਕੜਾ ਵੱਧ ਕੇ ਦੁੱਗਣਾ ਹੋ ਸਕਦਾ ਹੈ। ਸਭ ਤੋਂ ਕੜੇ ਨਿਯਮ ਨਿਊਯਾਰਕ ਸਿਟੀ ਅਤੇ ਸੂਬੇ ਨੇ ਲਾਗੂ ਕੀਤੇ ਹਨ। ਨਵੇਂ ਕਾਨੂੰਨ ਮੁਤਾਬਕ ਲੋਕ ਹੁਣ ਬੰਦੂਕ ਲੈ ਕੇ ਘਰ ਤੋਂ ਨਹੀਂ ਨਿਕਲ ਸਕਣਗੇ। ਕੋਈ ਵੀ ਵਿਅਕਤੀ ਖੁਲ੍ਹੇਆਮ ਗੰਨ ਲੈ ਕੇ ਨਹੀਂ ਘੁੰਮ ਸਕੇਗਾ। ਅਸਾਲਟ ਰਾਇਫਲਸ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।


ਹੁਣ ਉਥੇ 21 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਜਾਂ ਅਮਰੀਕੀ ਨਾਗਰਿਕ ਹੀ ਗੰਨ ਖਰੀਦ ਸਕਣਗੇ। ਐਲੀਅਨ ਰਜਿਸਟਰੇਸ਼ਨ ਕਾਰਡਧਾਰੀ ਲੋਕ ਹੀ ਬੰਦੂਕ ਖਰੀਦ ਸਕਣਗੇ। ਇਸੇ ਤਰ੍ਹਾਂ ਨਿਊਯਾਰਕ ਸਿਟੀ ਦਾ ਗੰਨ ਲਾਇਸੰਸ ਦੂਜੇ ਸ਼ਹਿਰ ਵਿਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਟੈਕਸਸ ਰਾਜ ਵਿਚ ਗੰਨ ਖਰੀਦਣ ਦੇ ਲਈ ਪਰਮਿਟ ਦੀ ਜ਼ਰੂਰਤ ਨਹੀਂ ਹੈ।


ਨਿਊੁਯਾਰਕ ਦੀ 205 ਸਾਲ ਪੁਰਾਣੀ ਗੰਨ ਕੰਪਨੀ ਰੈਮਿੰਗਟਨ ਅਟਲਾਂਟਾ ਦੇ ਜੌਰਜੀਆ ਸ਼ਿਫਟ ਹੋ ਰਹੀ ਹੈ। ਉਹ ਉਥੇ 10 ਕਰੋੜ ਡਾਲਰ ਨਿਵੇਸ਼ ਕਰੇਗੀ। 1852 ਵਿਚ ਸਥਾਪਨ ਗੰਨ ਕੰਪਨੀ ਸਮਿਥ ਐਂਡ ਵੇਸਨ ਨੇ ਮੈਸਾਚੁਸੈਟਸ ਛੱਡ ਕੇ ਟੈਨੇਸੀ ਜਾਣ ਦਾ ਫੈਸਲਾ ਲਿਆ ਹੈ। ਮੈਸਾਚੁਸੈਟਸ ਵਿਚ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਉਸ ਦਾ ਰਾਜਸਵ 60 ਫੀਸਦੀ ਡਿੱਗਿਆ ਹੈ। ਹੋਰ ਗੰਨ ਕੰਪਨੀਆਂ ਨਾਰਥ ਕੈਰੋਲਿਨਾ, ਸਾਊਥ ਕੈਰੋਲਿਨਾ, ਕੇਂਟਕੀ, ਪੈਂਸਿਲਵੇਨਿਆ ਜਾ ਰਹੀਆਂ ਹਨ।