Punjab

ਹਾਈਵੇਅ ‘ਤੇ ‘ਹਾਈ ਸਪੀਡ’ ਨੇ ਜ਼ਿੰਦਗੀ ਦੀ ਰਫ਼ਤਾਰ ‘ਤੇ ਹਮੇਸ਼ਾ ਲਈ ਬ੍ਰੇਕ ਲੱਗਾ ਦਿੱਤੀ !

ਬਿਊਰੋ ਰਿਪੋਰਟ : ਸ਼ੁੱਕਰਵਾਰ ਦਾ ਦਿਨ ਹਾਦਸਿਆਂ ਦਾ ਦਿਨ ਬਣ ਗਿਆ । ਇੱਕ ਤੋਂ ਬਾਅਦ ਇੱਕ 3 ਹਾਦਸਿਆਂ ਵਿੱਚ 17 ਲੋਕਾਂ ਦੀ ਮੌਤ ਹੋ ਗਈ ਅਤੇ 37 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਕੋਈ ਜਨਮ ਦਿਨ ਪਾਰਟੀ ਤੋਂ ਘਰ ਪਰਤ ਰਿਹਾ ਸੀ ਤਾਂ ਕੋਈ ਧਾਰਮਿਕ ਥਾਵਾਂ ਤੋਂ ਆ ਰਿਹਾ ਸੀ । ਫਰੀਦਾਬਾਦ ਵਿੱਚ ਹੋਇਆ ਹਾਦਸਾ ਤਾਂ ਇੰਨਾਂ ਜ਼ਿਆਦਾ ਭਿਆਨਕ ਸੀ 6 ਨੌਜਵਾਨਾਂ ਨੂੰ ਗੱਡੀ ਤੋਂ ਬਾਹਰ ਆਉਣ ਤਾਂ ਮੌਕਾ ਹੀ ਨਹੀਂ ਮਿਲਿਆ ਉਨ੍ਹਾਂ ਦੀ ਗੱਡੀ ਵਿੱਚ ਹੀ ਮੌਤ ਹੋ ਗਈ । ਦੋਸਤ ਦਾ ਜਨਮ ਦਿਨ ਮਨਾਉਣ ਦੇ ਲਈ ਉਹ ਗੁਰੂਗਰਾਮ ਜਾ ਰਹੇ ਸਨ । ਸਾਰੇ ਦੋਸਤ ਆਲਟੋ ਕਾਰ ਵਿੱਚ ਸਵਾਰ ਹੋ ਜਾ ਰਹੇ ਸਨ ਪਰ ਟਰੱਕ ਨਾਲ ਟੱਕਰ ਲੱਗਣ ਦੀ ਵਜ੍ਹਾ ਗੱਡੀ ਦਾ ਬੁਰਾ ਹਾਲ ਹੋ ਗਿਆ ਅਤੇ 6 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਗੱਡੀ ਦੀ ਹਾਲਤ ਵੇਖ ਕੇ ਹਾਦਸੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਗੱਡੀ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ । ਸਾਰੇ ਨੌਜਵਾਨਾਂ ਦੀ ਉਮਰ 18 ਤੋਂ 26 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ । ਦੂਜਾ ਭਿਆਨਕ ਹਾਦਸਾ ਅੰਬਾਲਾ ਦੇ ਨਜ਼ਦੀਕ ਹੋਇਆ ।

ਅੰਬਾਲਾ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ

ਅੰਬਾਲਾ ਵਿੱਚ ਮਜ਼ਦੂਰਾਂ ਨਾਲ ਭਰੀ ਹੋਈ ਬੱਸ ਜਾ ਰਹੀ ਸੀ । ਜਿਵੇ ਹੀ ਬੱਸ ਸ਼ਾਹਜਾਦਪੁਰ ਦੇ ਪਿੰਡ ਕੱਕੜ ਮਾਜਰਾ ਦੇ ਕੋਲ ਪਹੁੰਚੀ ਪਿੱਛੋ ਟਰਾਲੇ ਨੇ ਬੱਸ ਨੂੰ ਟੱਕਰ ਮਾਰੀ । ਬੱਸ ਪਲਟ ਗਈ ਅਤੇ 8 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ । ਇਸ ਹਾਦਸੇ ਵਿੱਚ 20 ਤੋਂ ਵੱਧ ਮਜ਼ਦੂਰ ਬੁਰੀ ਤਰ੍ਹਾਂ ਨਾਲ ਜਖ਼ਮੀ ਦੱਸੇ ਜਾ ਰਹੇ ਹਨ ਜਿੰਨਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਸਿਵਲ ਹਸਪਤਾਲ ਵਿੱਚ ਪਹੁੰਚੇ 5 ਵਿੱਚੋ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿੰਨਾਂ ਨੂੰ PGI ਵਿੱਚ ਰੈਫਰ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ 1 ਸਾਲ ਦਾ ਬੱਚਾ ਵੀ ਹਾਦਸੇ ਦੌਰਾਨ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਇਆ ਹੈ ਜਿਸ ਦਾ ਇਲਾਜ ਅੰਬਾਲ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ । ਇਸ ਤੋਂ ਇਲਾਵਾ ਪਾਣੀਪਤ ਵਿੱਚ ਸ਼ਰਧਾਲੂਆਂ ਨਾਲ ਭਰੀ ਟਰਾਲੀ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਵਿੱਚ ਕਈ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ।

ਪਾਣੀਪਤ ਵਿੱਚ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ

ਪਾਣੀਪਤ ਵਿੱਚ ਸ਼ੁੱਕਰਵਾਰ ਸਵੇਰ ਵੇਲੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਜਾ ਰਹੀ ਸੀ । ਇੱਕ ਅਣਪਛਾਤੀ ਗੱਡੀ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਵਜ੍ਹਾ ਕਰਕੇ 3 ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 16 ਸ਼ਰਧਾਲੂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਹਨ । ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਹਾਦਸਾ ਤਕਰੀਬਨ ਸਵਾ ਪੰਜ ਵਜੇ ਹੋਆ ਜਦੋਂ ਸ਼ਰਧਾਲੂ ਸ੍ਰੀ ਸ਼ਾਮ ਬਾਬੂ ਦੇ ਦਰਸ਼ਨ ਕਰ ਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ । ਸਾਰੇ ਇੱਕ ਹੀ ਟਰਾਲੀ ਵਿੱਚ ਸਵਾਰ ਸਨ । ਦੱਸਿਆ ਜਾ ਰਿਹਾ ਹੈ ਕਿ ਅਣਪਛਾਤੀ ਗੱਡੀ ਵੱਲੋਂ ਟੱਕਰ ਮਾਰਨ ਦੀ ਵਜ੍ਹਾ ਕਰਕੇ ਟਰੈਕਟਰ ਟਰਾਲੀ ਦਾ ਬੈਲੰਸ ਨਹੀਂ ਬਣ ਸਕਿਆ ਅਤੇ ਉਹ ਪਲਟ ਗਈ ਜਿਸ ਦੀ ਵਜ੍ਹਾ ਕਰਕੇ 3 ਮਹਿਲਾਵਾਂ ਦੀ ਮੌਤ ਹੋ ਗਈ ।