ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਆਨੰਦਪੁਰ ਸਾਹਿਬ ਸਥਿਤ ਗੁਰਦੁਆਰਾ ਸਰਾਂ ਵਿੱਚ ਇੱਕ ਮਹਿਲਾ ਦੇ ਠਹਿਰਾਅ ਨਾਲ ਜੁੜੇ ਚਰਚਿਤ ਮਾਮਲੇ ’ਤੇ ਵਿਸਥਾਰਪੂਰਵਕ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਸਬ-ਕਮੇਟੀ ਦੀ ਮੁੱਢਲੀ ਜਾਂਚ ਰਿਪੋਰਟ ਜਨਤਕ ਕਰਦਿਆਂ ਕਿਹਾ ਕਿ ਕੁਝ ਅਸਮਾਜਿਕ ਤੱਤ ਤੇ ਸਿਆਸੀ ਵਿਰੋਧੀ ਸੰਸਥਾ ਤੇ ਗੁਰਦੁਆਰਾ ਪ੍ਰਬੰਧ ਦੀ ਸਾਖ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਧਾਮੀ ਨੇ ਦੱਸਿਆ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਚਾਰ ਮੈਂਬਰੀ ਸਬ-ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਸਰਦਾਰ ਕੁਲਦੀਪ ਸਿੰਘ ਤੇਗ, ਸਰਦਾਰ ਦਲਜੀਤ ਸਿੰਘ ਭਿੰਡਰ, ਬੀਬੀ ਕੁਲਵਿੰਦਰ ਕੌਰ ਤੇ ਸਰਦਾਰ ਗੁਰਬਖ਼ਸ਼ ਸਿੰਘ ਖਾਲਸਾ ਸ਼ਾਮਲ ਸਨ। ਸਕੱਤਰ ਕੁਲਵਿੰਦਰ ਸਿੰਘ ਰਾਮਦਾਸ ਨੂੰ ਕੋਆਰਡੀਨੇਟਰ ਬਣਾਇਆ ਗਿਆ ਸੀ। ਕਮੇਟੀ ਨੂੰ 15 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਤੇ ਉਸ ਨੇ ਮੁੱਢਲੀ ਰਿਪੋਰਟ ਸੌਂਪ ਦਿੱਤੀ ਹੈ।
ਪ੍ਰੈੱਸ ਕਾਨਫਰੰਸ ਵਿੱਚ ਧਾਮੀ ਨੇ ਸਰਾਂ ਦਾ ਮੂਲ ਰਜਿਸਟਰ ਤੇ ਦਸਤਾਵੇਜ਼ ਮੀਡੀਆ ਸਾਹਮਣੇ ਰੱਖੇ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਕਰਮਚਾਰੀਆਂ ਨੇ ਰਜਿਸਟਰ ਵਿੱਚ ਹੇਰਾਫੇਰੀ ਕੀਤੀ। ਐਂਟਰੀ ਨੰਬਰ 246 ਤੋਂ ਬਾਅਦ 247 ਨੂੰ ਕੱਟ ਕੇ 248 ਕੀਤਾ ਗਿਆ ਤੇ ਵਾਧੂ ਲਾਈਨਾਂ ਜੋੜੀਆਂ ਗਈਆਂ। 246 ਤੋਂ 281 ਤੱਕ ਦੀਆਂ ਐਂਟਰੀਆਂ ਵਿੱਚ ਕੱਟ-ਛਾਂਟ ਕੀਤੀ ਗਈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਮਹਿਲਾ ਛੇ ਮਹੀਨੇ ਲਗਾਤਾਰ ਉੱਥੇ ਰਹੀ। ਧਾਮੀ ਨੇ ਇਸ ਨੂੰ ਫੈਬਰੀਕੇਟਡ ਰਿਕਾਰਡ ਦੱਸਿਆ ਤੇ ਕਿਹਾ ਕਿ ਲਿਖਾਈ ਦੀ ਜਾਂਚ ਕਰਵਾਈ ਗਈ ਹੈ ਤੇ ਹੈਂਡਰਾਈਟਿੰਗ ਮਾਹਿਰਾਂ ਤੋਂ ਵੀ ਪੁਸ਼ਟੀ ਕੀਤੀ ਜਾਵੇਗੀ।
ਮਹਿਲਾ ਦੇ ਠਹਿਰਾਅ ਤੇ ਭੁਗਤਾਨ ਦਾ ਰਿਕਾਰਡ
ਉਨ੍ਹਾਂ ਮਹਿਲਾ ਦੇ ਠਹਿਰਾਅ ਤੇ ਭੁਗਤਾਨ ਦਾ ਰਿਕਾਰਡ ਵੀ ਸਾਂਝਾ ਕੀਤਾ। ਦਸੰਬਰ ਵਿੱਚ ਉਹ 7 ਤੋਂ 9 ਤਾਰੀਖ ਤੱਕ ਕਮਰਾ ਨੰਬਰ 38 ਵਿੱਚ ਠਹਿਰੀ ਤੇ 1,000 ਰੁਪਏ ਜਮ੍ਹਾਂ ਕਰਵਾਏ। ਇਸ ਤੋਂ ਬਾਅਦ ਵੀ ਛੋਟੇ-ਛੋਟੇ ਸਮੇਂ ਲਈ ਠਹਿਰੀ ਤੇ ਕਿਰਾਇਆ ਅਦਾ ਕੀਤਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸਰਾਂ ਵਿੱਚ ਵੀ ਮਾਰਚ ਤੋਂ ਜੁਲਾਈ ਤੱਕ ਕੁੱਲ 8 ਵਾਰ ਸੀਮਤ ਸਮੇਂ ਲਈ ਠਹਿਰੀ, ਜਿਸ ਦਾ ਰਿਕਾਰਡ ਮੌਜੂਦ ਹੈ। ਧਾਮੀ ਨੇ ਸਵਾਲ ਉਠਾਇਆ ਕਿ ਜਦੋਂ ਹੋਰ ਥਾਵਾਂ ’ਤੇ ਐਂਟਰੀਆਂ ਹਨ ਤਾਂ ਉਹ ਇੱਕੋ ਸਮੇਂ ਆਨੰਦਪੁਰ ਸਾਹਿਬ ਵਿੱਚ ਛੇ ਮਹੀਨੇ ਕਿਵੇਂ ਰਹਿ ਸਕਦੀ ਸੀ।
ਬਹਿਰੀਨ ਵਾਲੀ ਬੀਬੀ ਨੂੰ ਕੋਈ VIP ਸਹੂਲਤ ਨਹੀਂ ਦਿੱਤੀ ਗਈ
ਉਨ੍ਹਾਂ VIP ਸਹੂਲਤਾਂ, ਗੱਡੀ ਜਾਂ ਡਰਾਈਵਰ ਦੇਣ ਦੇ ਦਾਅਵਿਆਂ ਨੂੰ ਵੀ ਰੱਦ ਕੀਤਾ ਤੇ ਕਿਹਾ ਕਿ SGPC ਵੱਲੋਂ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ ਗਈ। ਜੇ ਕਿਸੇ ਕਰਮਚਾਰੀ ਨੇ ਨਿੱਜੀ ਪੱਧਰ ’ਤੇ ਗਲਤੀ ਕੀਤੀ ਹੈ ਤਾਂ ਵਿਭਾਗੀ ਕਾਰਵਾਈ ਚੱਲ ਰਹੀ ਹੈ।
ਮਹਿਲਾ ਨੂੰ ਇਲਾਜ ਲਈ ਦਿੱਤੀ 1 ਲੱਖ ਰੁਪਏ ਦੀ ਸਹਾਇਤਾ ਬਾਰੇ ਧਾਮੀ ਨੇ ਕਿਹਾ ਕਿ ਉਸ ਨੇ ਸਿਹਤ ਖ਼ਰਾਬ ਹੋਣ ਤੇ ਮਾਨਸਿਕ ਤਣਾਅ ਲਈ ਅਰਜ਼ੀ ਦਿੱਤੀ ਸੀ। ਅੰਤ੍ਰਿੰਗ ਕਮੇਟੀ ਨੇ ਨਿਯਮਾਂ ਅਨੁਸਾਰ ਧਰਮਾਰਥ ਫੰਡ ਵਿੱਚੋਂ ਸਹਾਇਤਾ ਮਨਜ਼ੂਰ ਕੀਤੀ। SGPC ਅਜਿਹੀ ਮਦਦ ਲੋੜਵੰਦਾਂ ਨੂੰ ਕਰਦੀ ਰਹੀ ਹੈ।
ਧਾਮੀ ਨੇ ਮੀਡੀਆ ਟ੍ਰਾਇਲ ਤੇ ਸਿਆਸੀ ਸਾਜ਼ਿਸ਼ ਖਿਲਾਫ਼ ਚੇਤਾਵਨੀ ਦਿੱਤੀ ਤੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਇੱਕਤਰਫ਼ਾ ਬਿਆਨਾਂ ’ਤੇ ਅਧਾਰਿਤ ਖ਼ਬਰਾਂ ਤੋਂ ਬਚਿਆ ਜਾਵੇ। ਉਨ੍ਹਾਂ ਮੁੜ CBI ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ SGPC ਸੰਗਤ ਪ੍ਰਤੀ ਜਵਾਬਦੇਹ ਹੈ ਤੇ ਦੋਸ਼ੀਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ।

