ਚੰਡੀਗੜ੍ਹ : ਮਿਹਨਤ ਅੱਗੇ ਹੱਦਾਂ ਸਰਹੱਦਾਂ ਵੀ ਰੁਕਾਵਟ ਨਹੀਂ ਬਣ ਸਕਦੀਆਂ ਹਨ। ਇਸ ਕਹਾਵਤ ਨੂੰ ਇਥੋਂ ਦੇ ਖਿੱਪਲ ਪਰਵਾਰ ਦੇ ਹੋਣਹਾਰ ਨੌਜਵਾਨ ਅਮਰਿੰਦਰ ਸਿੰਘ ਨੇ ਵਿਦੇਸ਼ੀ ਧਰਤੀ ’ਤੇ ਜਾ ਕੇ ਸੱਚ ਕਰ ਵਿਖਾਇਆ ਹੈ। ਰਾਮਪੁਰਾ ਫੂਲ (ਬਠਿੰਡਾ) ਦੇ ਭਾਰਤੀਆ ਮਾਡਲ ਸਕੂਲ ਤੋਂ ਦਸਵੀਂ ਬਾਰ੍ਹਵੀਂ ਤੇ ਗਰੈਜੂਏਸ਼ਨ ਤੋਂ ਬਾਅਦ ਫ਼ਤਿਹਗੜ੍ਹ ਸਾਹਿਬ ਤੋਂ ਅੰਤਰਰਾਸ਼ਟਰੀ ਬਿਜ਼ਨਸ ਵਿਚ ਐੱਮ ਬੀ ਏ ਕਰ ਕੇ ਪਰਵਾਰ ਸਮੇਤ ਹੈਮਿਲਟਨ (ਨਿਊਜ਼ੀਲੈਂਡ) ਜਾ ਵਸੇ ਅਮਰਿੰਦਰ ਨੇ ਮਿਹਨਤ ਮੁਸ਼ੱਕਤ ਨੂੰ ਤਰਜੀਹ ਦਿੱਤੀ। ਪੁਲਿਸ ਵਿਭਾਗ ਵਿਚ ਬਤੌਰ ਕਸਵੱਟੀ ਅਫ਼ਸਰ ਪਦ ਉੱਨਤ ਹੋ ਕੇ ਬਾਖ਼ੂਬੀ ਸੇਵਾਵਾਂ ਦਿੱਤੀਆਂ ਤਾਂ ਉਥੋਂ ਦੀਆਂ ਅਖ਼ਬਾਰਾਂ ਵਿਚ ਅਮਰਿੰਦਰ ਪਿੱਪਲ ਦਾ ਨਾਮ ਚਮਕਿਆ।
ਜਾਣਕਾਰੀ ਅਨੁਸਾਰ ਬਤੌਰ ਕਸਟੱਡੀ ਅਫ਼ਸਰ ਇਸ ਪੰਜਾਬੀ ਨੌਜਵਾਨ ਨੇ ਅਪਰਾਧ ਨਾਲ ਜੁੜੇ ਵਿਅਕਤੀਆਂ ਦੀ ਅਜਿਹੀ ਕੌਂਸਲਿੰਗ ਕੀਤੀ ਕਿ ਉਨ੍ਹਾਂ ਅਪਰਾਧ ਦੀ ਕੜੀ ਤੋੜਨ ਦਾ ਕੰਮ ਕੀਤਾ। ਅਮਰਿੰਦਰ ਉਕਤ ਕੰਮ ਅਪਣੇ ਗੁਰੂਆਂ ਦੀ ਸਿਖਿਆ ‘ਸਰਬੱਤ ਦਾ ਭਲਾ’ ਨੂੰ ਲੜ ਬੰਨ੍ਹ ਉਥੋਂ ਦੇ ਕਥਿਤ ਮੁਲਜ਼ਮਾਂ ਦੇ ਪਰਵਾਰ, ਵਪਾਰ ਤੇ ਕੰਮਕਾਜ ਆਦਿ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕਾਊਂਸਲਿੰਗ ਕਰਦਾ ਹੈ। ਨਤੀਜੇ ਸਾਰਥਕ ਆਉਣ ਲੱਗੇ ਤਾਂ ਨਿਊਜ਼ੀਲੈਂਡ ਦੀਆਂ ਅਖ਼ਬਾਰਾਂ ਵਿਚ ਪੰਜਾਬੀ ਨੌਜਵਾਨ ਸੁਰਖੀਆਂ ਵਿਚ ਆਇਆ।
ਨਤੀਜਨ, ਅਮਰਿੰਦਰ ਸਿੰਘ ਨਿਊਜ਼ੀਲੈਂਡ ਵਿਖੇ ਆਪਣੀ ਪਤਨੀ ਤੇ ਬੱਚਿਆਂ ਸਮੇਤ ਆਪਣੀ ਮਾਤਾ ਪਰਮਜੀਤ ਕੌਰ (ਸੇਵਾਮੁਕਤ ਬੈਂਕ ਮੈਨੇਜਰ) ਤੇ ਭਰਾ ਬਲਜਿੰਦਰ ਸਿੰਘ ਖਿੱਪਲ ਨਾਲ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। ਅਸਲ ਵਿਚ ਬਚਪਨ ਵਿਚ ਆਰਮੀ ਅਫ਼ਸਰ ਬਣਨ ਦੀ ਤਾਂਘ ਹੀ ਉਸ ਨੂੰ ਵਿਦੇਸ਼ੀ ਧਰਤੀ ’ਤੇ ਪੁਲਿਸ ਵਿਭਾਗ ਵਿਚ ਖਿੱਚ ਲਿਆਈ। ਉਸ ਦੀ ਇਸ ਪ੍ਰਾਪਤੀ ਤੋਂ ਰਾਮਪੁਰਾ ਫੁੱਲ ਤੋਂ ਉਸ ਦਾ ਮਾਮਾ ਪਰਵਾਰ (ਚਾਉਕੇ ਜਵੈਲਰਜ਼) ਤੇ ਦੋਸਤ-ਮਿੱਤਰ ਮਾਣ ਮਹਿਸੂਸ ਕਰਦੇ ਹਨ।