‘ਦ ਖ਼ਾਲਸ ਬਿਊਰੋ :- ਦੋ ਦਿਨ ਪਹਿਲਾਂ ਬਣੇ ਰਾਜ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਮੌਜੂਦਾ ਕਾਂਗਰਸ ਪ੍ਰਧਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਹੋਣ ਦੇ ਦੋਸ਼ ਲਾਏ ਹਨ। ਕਾਂਗਰਸ ਦੀ ਸ਼ੈਅ ’ਤੇ ਨਵੀਂ ਪਾਰਟੀ ਕਾਇਮ ਕਰਨ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਢੀਂਡਸਾ ਨੇ ਕਿਹਾ ਕਿ ਸੂਬੇ ‘ਚ ਸਾਲ 2017 ‘ਚ ਜਦੋਂ ਤੋਂ ਕੈਪਟਨ ਸਰਕਾਰ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਹੋਂਦ ’ਚ ਆਈ, ਉਦੋਂ ਤੋਂ ਹੀ ਸੁਖਬੀਰ ਬਾਦਲ ਦੀਆਂ ਟਰਾਂਸਪੋਰਟ ਕੰਪਨੀਆਂ ਤੇ ਕੇਬਲ ਦਾ ਧੰਦਾ ਬੇਰੋਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਗੁੰਡਾਗਰਦੀ ਦੇ ਵਿਰੋਧ ‘ਚ ਦੂਜੇ ਕਾਂਗਰਸੀ ਨੇਤਾਵਾਂ ਤੇ ਮੰਤਰੀਆਂ ਵੱਲੋਂ ਵਿਰੋਧ ਕੀਤਾ ਗਿਆ ਤੇ ਨਾਲ ਹੀ ਕੈਪਟਨ ਵੱਲੋਂ ਬਾਦਲਾਂ ‘ਤੇ ਸਖ਼ਤ ਕਾਰਵਾਈ ਕਰਨ ਦਾ ਦਬਾਅ ਪਾਇਆ ਗਿਆ, ਪਰ ਬਾਵਜੂਦ ਇਸ ਦੇ ਕੈਪਟਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੈਪਟਨ ਤੇ ਸੁਖਬੀਰ ਬਾਦਲ ਰਲੇ ਹੋਏ ਸਨ।
ਢੀਂਡਸਾ ਨੇ ਅੱਗੇ ਦੱਸਿਆ ਕਿ ਦਲੀਲਪੂਰਨ ਤੇ ਸਹੀ ਸੋਚ ਵਾਲੇ ਅਕਾਲੀ ਜਦੋਂ ਪੰਜਾਬ ਤੇ ਪੰਥ ਦੇ ਭਲੇ ਦੀ ਗੱਲ ਕਰਦੇ ਹਨ ਤਾਂ ਬਾਦਲਾਂ ਵੱਲੋਂ ਅਜਿਹੇ ਆਗੂਆਂ ’ਤੇ ਝੱਟ ਹੀ ਕਾਂਗਰਸ ਪਾਰਟੀ ਨਾਲ ਰਲੇ ਹੋਣ ਦਾ ਦੋਸ਼ ਲਾ ਦਿੱਤਾ ਜਾਂਦਾ ਹੈ ਜਦੋਂ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਕਾਂਗਰਸ ਸਰਕਾਰ ਨਾਲ ਕੌਣ ਰਲਿਆ ਹੋਇਆ ਹੈ। ਜੇਕਰ ਬਾਦਲਾਂ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਨਾ ਹੋਇਆ ਹੁੰਦਾ ਤਾਂ ਟਰਾਂਸਪੋਰਟ ਤੇ ਕੇਬਲ ਦੇ ਕਾਰੋਬਾਰ ਸਮੇਤ ਹੋਰ ਧੰਦੇ ਬਿਲਕੁਲ ਨਹੀਂ ਚੱਲ ਸਕਦੇ ਸਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ’ਤੇ ਦੋਸ਼ ਲਾਉਣ ਤੋਂ ਪਹਿਲਾਂ ਅਕਾਲੀ ਦਲ ਦੇ ਨੇਤਾਵਾਂ ਨੂੰ ਆਪਣੀ ਮੰਜੀ ਹੇਠ ਹੀ ਸੋਟਾ ਫੇਰ ਲੈਣਾ ਚਾਹੀਦਾ ਹੈ।
ਨਵੀਂ ਬਣੀ ਪਾਰਟੀ ਅਕਾਲੀ ਦਲ ਦੀ ਸਥਿਤੀ ਬਾਰੇ ਗੱਲ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਸਾਰੀ ਜ਼ਿੰਦਗੀ ਪਾਰਟੀ ਦੇ ਲੇਖੇ ਲਾਈ ਹੈ। ਇਸ ਲਈ ਇੱਕ ਗੱਲ ਕਹਿਣਾ ਚਾਵਾਂਗੇ “ਕਿ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗੇ”, ਉਨ੍ਹਾਂ ਕਿਹਾ ਕਿ ਪਰਟੀ ਵੱਲੋਂ ਪੰਜਾਬ ਦੀ ਬਿਹਤਰੀ ਲਈ ਸਾਰੇ ਵਰਗਾਂ ਨਾਲ ਗੱਲਬਾਤ ਕਰਕੇ ਏਜੰਡਾ ਜਾਰੀ ਕੀਤਾ ਜਾਵੇਗਾ। ਖੇਤੀ ਮਾਹਿਰਾਂ, ਨੌਜਵਾਨ ਵਰਗ, ਦਲਿਤਾਂ ਤੇ ਵਪਾਰੀਆਂ ਦੇ ਹਿਤਾਂ ਲਈ ਬਾਕਾਇਦਾ ਸਭ ਦੀ ਰਾਏ ਲਏ ਜਾਣ ਤੋਂ ਬਾਅਦ ਹੀ ਕੋਈ ਏਜੰਡਾ ਜਾਰੀ ਕੀਤਾ ਜਾਵੇਗਾ।
ਚੋਣਾਂ ’ਚ ਤੀਜਾ ਬਦਲ ਦੇਣ ਦਾ ਭਰੋਸਾ
ਪੰਜਾਬ ਦੀ ਗੰਭੀਰ ਸਿਆਸੀ, ਆਰਥਿਕ ਤੇ ਸਮਾਜਿਕ ਸਥਿਤੀ ਨੂੰ ਵੇਖਦਿਆਂ ਢੀਂਡਸਾ ਨੇ ਕਿਹਾ ਕਿ ਸੂਬੇ ਦੇ ਲੋਕ ਇਸ ਸਮੇਂ ਭ੍ਰਿਸ਼ਟਾਚਾਰ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ, ਤੇ ਮੌਜੂਦਾ ਸਰਕਾਰੀ ਵਿਵਸਥਾ ਤੇ ਸਥਾਪਤ ਪਾਰਟੀਆਂ ਤੋਂ ਨਿਰਾਸ਼ ਹਨ। ਇਸ ਲਈ ਲੋਕਾਂ ਨੂੰ ਨਵੀ ਯੋਜਨਾ ਦੇਣ ਦੀ ਲੋੜ ਹੈ ਤੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਮਖਿਆਲ ਪਾਰਟੀਆਂ ਨਾਲ ਗੱਠਜੋੜ ਕਰਕੇ ਲੋਕਾਂ ਨੂੰ ਇੱਕ ਤੀਜਾ ਬਦਲ ਦੇਣ ਦਾ ਯਤਨ ਕੀਤਾ ਜਾਵੇਗਾ।