‘ਦ ਖ਼ਾਲਸ ਬਿਊਰੋ :- ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਮੈਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਸਮੇਤ ਕਈ ਅਕਾਲੀ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਦਿੱਲੀ ਵਿਖੇ ਭਾਜਪਾ ਵਿੱਚ ਸ਼ਾਮਲ ਹੋਏ। ਚੁਫ਼ੇਰਗੜ੍ਹੀਏ ਸਿਆਸਦਾਨ ਵਜੋਂ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਕਈ ਪਾਰਟੀਆਂ ਬਦਲੀਆਂ ਹਨ। ਉਨ੍ਹਾਂ ਨੇ ਪੰਜਾਬ ਭਲਾਈ ਪਾਰਟੀ ਬਣਾ ਕੇ ਸਿਆਸਤ ਵਿੱਚ ਪੈਰ ਧਰਿਆ ਅਤੇ ਮਰਹੂਮ ਹਰਕਿਸ਼ਨ ਸਿੰਘ ਸੁਰਜੀਤ ਦੇ ਸਹਾਰੇ ਨਾਲ ਕੇਂਦਰੀ ਮੰਤਰੀ ਬਣੇ। ਫੇਰ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਆਪਣਾ ਪੈਰ ਟਿਕਾਉਂਦੇ ਰਹੇ। ਇਕਦਮ ਅਕਾਲੀਆਂ ਦਾ ਸਾਥ ਛੱਡ ਕੇ ਯੂ.ਪੀ. ਦੀ ਅਖਿਲੇਸ਼ ਯਾਦਵ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਜਾ ਬਣੇ। ਅਜਕੱਲ੍ਹ ਉਹ ਸੁਖਦੇਵ ਸਿੰਘ ਢੀਂਡਸਾ ਦੇ ਇਰਦ-ਗਿਰਦ ਗੇੜੇ ਕੱਟ ਰਹੇ ਹਨ। ਉਨ੍ਹਾਂ ਦੀ ਧੀ ਅਮਨਜੋਤ ਦੀ ਵੀ ਇਹ ਪਹਿਲੀ ਛਾਲ ਹੈ ਅਤੇ ਉਹ ਅਕਾਲੀ ਦਲ ਛੱਡ ਕੇ ਭਾਜਪਾ ਦੇ ਬੇੜੇ ਵਿੱਚ ਜਾ ਸਵਾਰ ਹੋਏ ਹਨ।
ਗਾਇਕ ਹਰਭਜਨ ਮਾਨ ਵੀ ਰਾਮੂਵਾਲੀਆ ਪਰਿਵਾਰ ਵਿੱਚੋਂ ਹੈ। ਰਾਮੂਵਾਲੀਆ ਆਪ ਤਾਂ 2012 ਦੀ ਵਿਧਾਨ ਸਭਾ ਚੋਣ ਮੁਹਾਲੀ ਤੋਂ ਹਾਰ ਗਏ ਸਨ ਪਰ ਉਨ੍ਹਾਂ ਨੇ ਆਪਣੇ ਭਤੀਜੇ ਹਰਭਜਨ ਮਾਨ ਨੂੰ ਮੁਹਾਲੀ ਯੋਜਨਾ ਬੋਰਡ ਦਾ ਚੇਅਰਮੈਨ ਲਗਵਾ ਦਿੱਤਾ ਸੀ। ਪਰ ਹਰਭਜਨ ਮਾਨ ਨੂੰ ਅਹੁਦਾ ਮਨਜ਼ੂਰ ਨਾ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਪਿਛੋਕੜ ਵਾਲੇ ਕਈ ਸਥਾਨਕ ਪੱਧਰ ਦੇ ਹੋਰ ਆਗੂ ਵੀ ਸ਼ਾਮਲ ਹੋ ਗਏ ਹਨ। ਸੰਗਰੂਰ ਜ਼ਿਲ੍ਹੇ ਦਾ ਚੱਠਾ ਪਿੰਡ ਤੋਂ ਚੰਦ ਸਿੰਘ ਚੱਠਾ, ਗੁਰਪ੍ਰੀਤ ਸਿੰਘ, ਜਥੇਦਾਰ ਪ੍ਰੀਤਮ ਸਿੰਘ, ਚੇਤਨ ਮੋਹਨ ਜੋਸ਼ੀ ਤੇ ਜਿੰਦਰ ਦਕੋਹਾ ਸ਼ਾਮਲ ਹੋ ਗਏ ਹਨ।
ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਦੋਂ ਅਮਨਜੋਤ ਕੌਰ ਰਾਮੂਵਾਲੀਆ ਨੇ ਆਪਣੇ ਪਿਤਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਅਮਨਜੋਤ ਕੌਰ ਦੇ ਪਤੀ ਅਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਭਾਜਪਾ ਨੈਸ਼ਨਲ ਪਾਰਟੀ ਹੈ, ਜੋ ਦੇਸ਼ ਹਿੱਤ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਵਿੱਚ ਭਾਜਪਾ ਲਈ ਕੰਮ ਕਰਨਗੇ। ਬਲਵੰਤ ਸਿੰਘ ਰਾਮੂਵਾਲੀਆ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਣੀ ਵੱਖਰੀ ਰਾਜਨੀਤੀ ਹੈ, ਉਨ੍ਹਾਂ ਬਾਰੇ ਕੁੱਝ ਨਹੀਂ ਕਹਿ ਸਕਦੇ।