India Punjab

ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ‘ਆਪ’ ਮੁਖੀ ਅਰੋੜਾ ਨੂੰ ਨੋਟਿਸ! ਬਾਜਵਾ ਦੀ ਸ਼ਿਕਾਇਤ ’ਤੇ 2 ਮੰਤਰੀਆਂ ਵਿਰੁੱਧ FIR

ਬਿਊਰੋ ਰਿਪੋਰਟ: ਪੰਜਾਬ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਨੋਟਿਸ ਭੇਜ ਕੇ ਜਲਦੀ ਜਵਾਬ ਦੇਣ ਲਈ ਕਿਹਾ ਹੈ। ਦਰਅਸਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ’ਤੇ ਆਪ ਸਰਕਾਰ ਦੇ ਦੋ ਮੰਤਰੀਆਂ ਵਿਰੁੱਧ ਵੀਡੀਓ ਨੂੰ ਐਡਿਟ ਕਰਨ ਅਤੇ ਵਾਇਰਲ ਕਰਨ ਦੇ ਇਲਜ਼ਾਮ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਅਰੋੜਾ ਦੀ ਭੂਮਿਕਾ ਦੀ ਵੀ ਜਾਂਚ ਚੱਲ ਰਹੀ ਹੈ।

ਇਸ ਸ਼ਿਕਾਇਤ ’ਤੇ, ਪੰਜਾਬ ‘ਆਪ’ ਮੁਖੀ ਅਤੇ ਮੰਤਰੀ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਵੀਰਵਾਰ (11 ਜੁਲਾਈ) ਨੂੰ ਚੰਡੀਗੜ੍ਹ ਦੇ ਸੈਕਟਰ-3 ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ। ਇਹ ਮਾਮਲਾ ਧਾਰਾ 336(4), 356 ਅਤੇ 61(2) ਤਹਿਤ ਦਰਜ ਕੀਤਾ ਗਿਆ ਹੈ।

ਮਜੀਠੀਆ ਬਾਰੇ ਕੀਤੀ ਸੀ ਪੋਸਟ

ਦਰਅਸਲ ਕੁਝ ਦਿਨ ਪਹਿਲਾਂ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ ਸੀ। ਜਿਸ ਨੂੰ ‘ਆਪ’ ’ਤੇ ਐਡਿਟ ਅਤੇ ਪੋਸਟ ਕਰਨ ਦਾ ਇਲਜ਼ਾਮ ਹੈ।

ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ‘ਆਪ’ ਮੁਖੀ ਅਮਨ ਅਰੋੜਾ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀ ਪੂਰੀ ਮੀਡੀਆ ਟੀਮ, ਯਾਨੀ ‘ਆਪ’ ਪੰਜਾਬ ਦੇ ਸੋਸ਼ਲ ਮੀਡੀਆ ਨੂੰ ਸੰਭਾਲਣ ਵਾਲੇ, ਦੀ ਪੂਰੀ ਜਾਣਕਾਰੀ ਮੰਗੀ ਗਈ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਬਿਕਰਮ ਮਜੀਠੀਆ ਦੀ ਪੋਸਟ ਸੋਸ਼ਲ ਮੀਡੀਆ ’ਤੇ ਕਿਸਨੇ ਪਾਈ ਸੀ ਅਤੇ ਉਸ ਪੋਸਟ ਨਾਲ ਕਿੱਥੇ ਅਤੇ ਕਿਸਨੇ ਛੇੜਛਾੜ ਕੀਤੀ ਸੀ। ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਸਾਰਿਆਂ ਸਬੰਧੀ ਜਾਂਚ ਤੇਜ਼ ਕਰ ਦਿੱਤੀ ਹੈ।