Punjab

ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਾਥੀ ਤੇ ਤੱਕੜੀ ਗੱਠਜੋੜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ‘ਤੇ ਵਿਰੋਧੀ ਪਾਰਟੀਆਂ ਨੇ ਤਿੱਖੇ ਨਿਸ਼ਾਨੇ ਕੱਸੇ ਹਨ। ਵਿਰੋਧੀਆਂ ਨੇ ਕਿਹਾ ਕਿ ਇਹ ਭਾਈਵਾਲੀ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੈ। ਅਕਾਲੀ ਦਲ ਤਿਣਕੇ ਦਾ ਸਹਾਰਾ ਲੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਇਸ ਵੇਲੇ ਪੰਜਾਬ ਵਿੱਚ ਹੈ, ਇਸੇ ਕਰਕੇ ਉਸਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਕੀਤਾ ਹੈ। ਇਹ ਮੌਕਾਪ੍ਰਸਤੀ ਗੱਠਜੋੜ ਹੈ। ਇਸ ਗੱਠਜੋੜ ਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ ਹੈ। 2017 ਵਿੱਚ ਬਸਪਾ ਨੇ 111 ਸੀਟਾਂ ਲੜੀਆਂ ਸਨ ਅਤੇ ਮੁਸ਼ਕਿਲ ਨਾਲ ਉਸਨੂੰ 1.52 ਫੀਸਦ ਵੋਟ ਪਈ ਸੀ। 1996 ਵਿੱਚ ਵੀ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕੀਤਾ ਸੀ।

ਬਸਪਾ ਵਾਸਤੇ ਇਹ ਇੱਕ ਬਹੁਤ ਵੱਡਾ ਸੁਸਾਇਡ ਹੈ। ਉਨ੍ਹਾਂ ਨੇ ਇੱਕੋ ਇਹੋ ਜਿਹੀ ਪਾਰਟੀ ਦੇ ਨਾਲ ਗੱਠਜੋੜ ਕੀਤਾ ਹੈ ਜਿਹੜੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਤਾਂ ਗ੍ਰਾਊਂਡ ਖਿਸਕ ਚੁੱਕੀ ਹੈ ਅਤੇ ਇਹ ਆਪਣੀ ਗ੍ਰਾਊਂਡ ਲੱਭਦੀ ਫਿਰ ਰਹੀ ਹੈ। ਦੋਵੇਂ ਗੱਠਜੋੜ ਨੂੰ ਮੁਬਾਰਕਾਂ ਹਨ। ਪਰ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਵੇਖ ਚੁੱਕੇ ਹਨ, ਅਕਾਲੀ ਦਲ ਨੇ ਕੁੱਝ ਨਹੀਂ ਕੀਤਾ।

ਅਕਾਲੀ ਦਲ ਦੇ ਵਿਧਾਨ ਸਭਾ ਮੈਂਬਰ ਐੱਨ.ਕੇ.ਸ਼ਰਮਾ ਨੇ ਕਿਹਾ ਕਿ ਬੀਜੇਪੀ ਵਾਲੇ ਕਿਸੇ ਇੱਕ ਪਿੰਡ ਵਿੱਚ ਜਾ ਕੇ ਵੋਟ ਮੰਗ ਕੇ ਤਾਂ ਵੇਖਣ, ਇਨ੍ਹਾਂ ਨੂੰ 117 ਤਾਂ ਕੀ, 17 ਉਮੀਦਵਾਰ ਵੀ ਨਹੀਂ ਲੱਭਣੇ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਬਹੁਤ ਵਿਕਾਸ ਕੀਤਾ ਹੈ।

ਉੱਧਰ ਬੀਜੇਪੀ ਨੇ ਵੀ ਪੰਜਾਬ ਵਿੱਚ 117 ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਪੰਜਾਬ ਬੀਜੇਪੀ ਇੰਚਾਰਜ ਦੁਸ਼ਿਅੰਤ ਗੌਤਮ ਨੇ ਕਿਹਾ ਕਿ ਅਸੀਂ 117 ਸੀਟਾਂ ‘ਤੇ ਚੋਣਾਂ ਲੜਾਂਗੇ ਅਤੇ ਸਾਡੀ ਪਾਰਟੀ ਜਿੱਤੇਗੀ ਵੀ।