ਬਿਉਰੋ ਰਿਪੋਰਟ: ਫਰੀਦਕੋਟ ਵਿੱਚ ਗੁਰਪ੍ਰੀਤ ਸਿੰਘ ਕਤਲ ਕਾਂਡ ਸਬੰਧੀ ਪੰਜਾਬ ਪੁਲਿਸ ਦੇ ਦਾਅਵਿਆਂ ਨੂੰ ਝੂਠਾ ਦੱਸਦਿਆਂ ਕਥਿਤ ਗੈਂਗਸਟਰ ਅਰਸ਼ ਡੱਲਾ ਦੀ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ “ਵਾਰਿਸ ਪੰਜਾਬ ਦੇ” ਦੇ ਮੁਖੀ ਅਤੇ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਸ਼ਮੂਲੀਅਤ ਬਾਰੇ ਕੀਤੇ ਗਏ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਗਿਆ ਹੈ।
ਇਹ ਆਡੀਓ ਡੀਜੀਪੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਡੀਓ ਵਿੱਚ ਆਪਣੀ ਪਛਾਣ ਡੱਲਾ ਵਜੋਂ ਕਰਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਉਕਤ ਘਟਨਾ ਨੂੰ ਉਸ ਨੇ ਅੰਜਾਮ ਦਿੱਤਾ ਹੈ ਨਾ ਕਿ ਕਿਸੇ ਹੋਰ ਵਿਅਕਤੀ ਨੇ। ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਕੋਈ ਭੂਮਿਕਾ ਨਹੀਂ ਹੈ। ’ਦ ਖ਼ਾਲਸ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਆਡੀਓ ਵਿੱਚ ਡੱਲੇ ਨੇ ਕੀ ਕਿਹਾ?
ਵਾਇਰਲ ਹੋ ਰਹੀ ਕਥਿਤ ਆਡੀਓ ਵਿੱਚ ਆਪਣੀ ਪਛਾਣ ਅਰਸ਼ ਡੱਲਾ ਵਜੋਂ ਦੱਸ ਰਹੇ ਵਿਅਕਤੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਉਸ ਦੇ ਕਤਲ ਕੇਸ ਵਿੱਚ ਜੋੜਿਆ ਜਾ ਰਿਹਾ ਹੈ, ਇਹ ਪੂਰੀ ਤਰ੍ਹਾਂ ਨਾਲ ਨਾਜਾਇਜ਼ ਹੈ। ਇਹ ਵਾਰਦਾਤ ਮੈਂ ਖ਼ੁਦ ਆਪਣੀ ਜ਼ਿੰਮੇਵਾਰੀ ’ਤੇ ਕਰਵਾਈ ਹੈ। ਹੋਰ ਕਿਸੇ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਡੱਲਾ ਨੇ ਅੱਗੇ ਕਿਹਾ- ਉਸ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਜਦੋਂ ਅਸੀਂ 6 ਮਹੀਨੇ ਪਹਿਲਾਂ ਫੋਨ ਕੀਤਾ ਸੀ ਤਾਂ ਮੈਨੂੰ ਗਾਲ੍ਹਾਂ ਦਿੱਤੀਆਂ ਗਈਆਂ। ਗੁਰਪ੍ਰੀਤ ਨੇ ਔਰਤਾਂ ਦੀਆਂ ਗਲਤ ਫੋਟੋਆਂ ਐਡਿਟ ਕੀਤੀਆਂ ਸਨ। ਇਸੇ ਲਈ ਉਸਨੂੰ ਫੋਨ ਕੀਤਾ ਸੀ। ਮੈਨੂੰ ਇਸ ਬਾਰੇ ਸ਼ਿਕਾਇਤ ਮਿਲੀ ਸੀ। ਜਿਸ ਕਾਰਨ ਅਸੀਂ ਇਸਦਾ ਕੰਮ ਕਰ ਦਿੱਤਾ। ਡੱਲਾ ਨੇ ਕਿਹਾ ਕਿ ਗੁਰਪ੍ਰੀਤ ਕੋਈ ਕੌਮ ਦਾ ਦਰਦੀ ਨਹੀਂ ਸੀ, ਜੇਕਰ ਅਜਿਹਾ ਹੁੰਦਾ ਤਾਂ ਬੇਅਦਬੀ ਕਰਨ ਵਾਲਿਆਂ ਨੂੰ ਜਾ ਕੇ ਮਾਰ ਦਿੰਦਾ।
ਡੱਲਾ ਨੇ ਅੱਗੇ ਕਿਹਾ- ਸਾਨੂੰ ਕਿਸੇ ਦੇ ਮੈਡਲ ਦੀ ਲੋੜ ਨਹੀਂ, ਅਸੀਂ ਬੁਰੇ ਹਾਂ ਅਤੇ ਬੁਰੇ ਹੀ ਰਹਾਂਗੇ। ਅਸੀਂ ਆਪਣੀ ਕੌਮ ਲਈ ਜੋ ਵੀ ਕਰ ਸਕਦੇ ਹਾਂ, ਕਰਾਂਗੇ। ਦੀਪ ਸਿੱਧੂ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਦਾ ਸੀ ਅਤੇ ਗੁਰਪ੍ਰੀਤ ਉਨ੍ਹਾਂ ਲੋਕਾਂ ਨੂੰ ਗਲਤ ਕਹਿੰਦਾ ਸੀ ਜੋ ਸਮਾਜ ਲਈ ਕੰਮ ਕਰ ਰਹੇ ਹਨ।
ਇੰਸਟਾਗ੍ਰਾਮ ’ਤੇ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਡੱਲੇ ਦੀ ਧਮਕੀ
ਇਸ ਕਥਿਤ ਆਡੀਓ ਵਿੱਚ ਡੱਲਾ ਨੇ ਕਿਹਾ ਕਿ ਅਸੀਂ ਇੰਸਟਾਗ੍ਰਾਮ ’ਤੇ ਵੀਡੀਓ ਬਣਾਉਂਦੇ ਹਨ, ਉਨ੍ਹਾਂ ਵਿੱਚੋਂ ਵੀ ਇੱਕ-ਅੱਧੇ ਦੀ ਵਾਰੀ ਅਸੀਂ ਲਾ ਦੇਵਾਂਗੇ। ਇਹ ਧਮਕੀ ਸੁੱਖ ਰਤੀਆ ਅਤੇ ਕੋਮਲ ਕੌਰ ਦਾ ਨਾਂ ਲੈ ਕੇ ਦਿੱਤੀ ਗਈ ਸੀ। ਇਸ ਦੇ ਨਾਲ ਹੀ ਕੁੱਲ੍ਹੜ ਪੀਜ਼ਾ ਜੋੜੇ ਦਾ ਨਾਂ ਲਏ ਬਿਨਾਂ ਡੱਲੇ ਨੇ ਕਿਹਾ ਕਿ ਅਸੀਂ ਸਾਰਿਆਂ ਦੇ ਪੀਜ਼ੇ ਖਲਾਰ ਦੇਵਾਂਗੇ। ਸਾਨੂੰ ਉਨ੍ਹਾਂ ਨੂੰ ਮਾਰਨਾ ਪਵੇਗਾ, ਨਹੀਂ ਤਾਂ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਸਮਝਾ ਲਵੇ ਕਿ ਉਹ ਸੋਸ਼ਲ ਮੀਡੀਆ ’ਤੇ ਗੰਦ ਨਾ ਫੈਲਾਉਣ।