ਮੁਬੰਈ : ਮਾਰਕੀਟ ਰੈਗੂਲੇਟਰੀ ਸੇਬੀ ਦੇ ਮੁਖੀ ਮਾਧਬੀ ਪੁਰੀ ਬੁਚ ਨੇ ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਸ਼ਨੀਵਾਰ ਨੂੰ ਹਿੰਡਨਬਰਗ ਨੇ ਮਧਾਬੀ ਅਤੇ ਉਸ ਦੇ ਪਤੀ ਧਵਲ ਬੁੱਚ ‘ਤੇ ਅਡਾਨੀ ਗਰੁੱਪ ਨਾਲ ਜੁੜੀ ਇਕ ਆਫਸ਼ੋਰ ਕੰਪਨੀ ‘ਚ ਹਿੱਸੇਦਾਰੀ ਦਾ ਦੋਸ਼ ਲਗਾਇਆ ਸੀ
ਸੇਬੀ ਦੇ ਚੇਅਰਪਰਸਨ ਨੇ ਦੋਸ਼ਾਂ ਨੂੰ “ਬੇਬੁਨਿਆਦ” ਅਤੇ “ਚਰਿੱਤਰ ਹੱਤਿਆ” ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਸੇਬੀ ਦੇ ਚੇਅਰਪਰਸਨ ਨੇ ਸਾਰੇ ਵਿੱਤੀ ਰਿਕਾਰਡ ਘੋਸ਼ਿਤ ਕਰਨ ਦੀ ਇੱਛਾ ਜ਼ਾਹਰ ਕੀਤੀ। ਉਸ ਨੇ ਆਪਣੇ ਪਤੀ ਧਵਲ ਬੁੱਚ ਨਾਲ ਸਾਂਝੇ ਬਿਆਨ ਵਿਚ ਕਿਹਾ, ‘ਸਾਡੀ ਜ਼ਿੰਦਗੀ ਅਤੇ ਵਿੱਤ ਇਕ ਖੁੱਲ੍ਹੀ ਕਿਤਾਬ ਹੈ।’
ਪਿਛਲੇ ਸਾਲ ਹਿੰਡਨਬਰਗ ਰਿਸਰਚ ਅਡਾਨੀ ਗਰੁੱਪ ‘ਤੇ ਵਿੱਤੀ ਬੇਨਿਯਮੀਆਂ ਦਾ ਦੋਸ਼ ਲਗਾ ਕੇ ਸੁਰਖੀਆਂ ‘ਚ ਆਈ ਸੀ। ਵ੍ਹਿਸਲਬਲੋਅਰ ਦਸਤਾਵੇਜ਼ਾਂ ਦੇ ਆਧਾਰ ‘ਤੇ, ਹਿੰਡਨਬਰਗ ਨੇ ਦਾਅਵਾ ਕੀਤਾ ਹੈ ਕਿ ਬੁੱਚ ਅਤੇ ਉਸਦੇ ਪਤੀ ਦੀ ਮਾਰੀਸ਼ਸ ਆਫਸ਼ੋਰ ਕੰਪਨੀ ‘ਗਲੋਬਲ ਡਾਇਨਾਮਿਕ ਅਪਰਚਿਊਨਿਟੀ ਫੰਡ’ ਵਿੱਚ ਹਿੱਸੇਦਾਰੀ ਹੈ।
ਹਿੰਡਨਬਰਗ ਨੇ ਦੋਸ਼ ਲਾਇਆ ਹੈ ਕਿ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੇ ਭਰਾ ਵਿਨੋਦ ਅਡਾਨੀ ਨੇ ਕਥਿਤ ਤੌਰ ‘ਤੇ ‘ਗਲੋਬਲ ਡਾਇਨਾਮਿਕ ਅਪਰਚਿਊਨਿਟੀਜ਼ ਫੰਡ’ ‘ਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਪੈਸੇ ਦੀ ਵਰਤੋਂ ਅਡਾਨੀ ਸਮੂਹ ਦੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਵਧਾਉਣ ਲਈ ਕੀਤੀ ਗਈ ਸੀ।
ਹਿੰਡਨਬਰਗ ਦਾ ਇਲਜ਼ਾਮ- ਸੇਬੀ ਮੁਖੀ ਨੇ ਅਡਾਨੀ ਗਰੁੱਪ ਖਿਲਾਫ ਕਾਰਵਾਈ ਨਹੀਂ ਕੀਤੀ
ਹਿੰਡਨਬਰਗ ਦਾ ਦੋਸ਼ ਹੈ ਕਿ ਸੇਬੀ ਨੇ ਅਡਾਨੀ ਸਮੂਹ ‘ਤੇ ਕੀਤੇ ਗਏ ਖੁਲਾਸਿਆਂ ਦੇ ਸਬੂਤ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਅਤੇ 40 ਤੋਂ ਵੱਧ ਸੁਤੰਤਰ ਮੀਡੀਆ ਜਾਂਚਾਂ ਵਿੱਚ ਇਹ ਸਾਬਤ ਹੋ ਰਿਹਾ ਹੈ। ਇਨ੍ਹਾਂ ਦੋਸ਼ਾਂ ਦੀ ਜਾਂਚ ਦੀ ਜ਼ਿੰਮੇਵਾਰੀ ਸੇਬੀ ਮੁਖੀ ‘ਤੇ ਸੀ ਪਰ ਇਸ ਦੇ ਉਲਟ ਸੇਬੀ ਨੇ ਉਨ੍ਹਾਂ ਨੂੰ 27 ਜੂਨ 2024 ਨੂੰ ਨੋਟਿਸ ਦੇ ਦਿੱਤਾ। ਹਿੰਡਨਬਰਗ ਨੇ ਜਨਵਰੀ 2023 ਵਿੱਚ ਅਡਾਨੀ ਸਮੂਹ ਦੇ ਖਿਲਾਫ ਸ਼ੇਅਰ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਗਾਏ ਸਨ।
ਇਸ ਦੌਰਾਨ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਹਿੰਡਨਬਰਗ ਰਿਪੋਰਟ ਦੇ ਸੰਦਰਭ ਵਿੱਚ ਆਖਿਆ ਕਿ ਉਨ੍ਹਾਂ ਨੂੰ ਹੁਣ ਸਮਝ ਲੱਗ ਗਈ ਹੈ ਕਿ ਸੰਸਦ ਦੇ ਦੋਵੇਂ ਸਦਨ ਸਮੇਂ ਤੋਂ ਪਹਿਲਾਂ ਕਿਉਂ ਉਠਾ ਦਿੱਤੇ ਗਏ।
ਅਡਾਨੀ ਗਰੁੱਪ ‘ਤੇ ਮਨੀ ਲਾਂਡਰਿੰਗ, ਸ਼ੇਅਰਾਂ ‘ਚ ਹੇਰਾਫੇਰੀ ਵਰਗੇ ਦੋਸ਼ ਲਾਏ ਗਏ ਸਨ।
24 ਜਨਵਰੀ, 2023 ਨੂੰ, ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ ਤੋਂ ਬਾਅਦ ਗਰੁੱਪ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ, ਬਾਅਦ ਵਿੱਚ ਰਿਕਵਰੀ ਹੋ ਗਈ ਸੀ। ਇਸ ਰਿਪੋਰਟ ਨੂੰ ਲੈ ਕੇ ਭਾਰਤੀ ਸਟਾਕ ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਵੀ ਹਿੰਡਨਬਰਗ ਨੂੰ 46 ਪੰਨਿਆਂ ਦਾ ਕਾਰਨ ਦੱਸੋ ਨੋਟਿਸ ਭੇਜਿਆ ਸੀ।
1 ਜੁਲਾਈ, 2024 ਨੂੰ ਪ੍ਰਕਾਸ਼ਿਤ ਇੱਕ ਬਲਾਗ ਪੋਸਟ ਵਿੱਚ, ਹਿੰਡਨਬਰਗ ਰਿਸਰਚ ਨੇ ਕਿਹਾ ਕਿ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਸੇਬੀ ਨੇ ਦੋਸ਼ ਲਗਾਇਆ ਹੈ ਕਿ ਹਿੰਡਨਬਰਗ ਦੀ ਰਿਪੋਰਟ ਵਿੱਚ ਪਾਠਕਾਂ ਨੂੰ ਗੁੰਮਰਾਹ ਕਰਨ ਦੇ ਇਰਾਦੇ ਨਾਲ ਕੁਝ ਗਲਤ ਬਿਆਨ ਹਨ, ਕੰਪਨੀ ਨੇ ਕਿਹਾ। ਇਸ ਦਾ ਜਵਾਬ ਦਿੰਦੇ ਹੋਏ ਹਿੰਡਨਬਰਗ ਨੇ ਖੁਦ ਸੇਬੀ ‘ਤੇ ਕਈ ਦੋਸ਼ ਲਗਾਏ ਸਨ।


 
																		