‘ਦ ਖ਼ਾਲਸ ਬਿਊਰੋ :- ਇਲਾਹਾਬਾਦ ਹਾਈ ਕੋਰਟ ਨੇ ਇੱਕ ਖ਼ੁਦਕੁਸ਼ੀ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਦਾਜ ਦਾ ਦਬਾਅ ਆਤਮ-ਹੱਤਿਆ ਲਈ ਮਜਬੂਰ ਕਰਨਾ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਸਬੂਤ ਹੋਣ ਉੱਤੇ ਹੀ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਕੇਸ ਦਰਜ ਹੋ ਸਕਦਾ ਹੈ। ਅਦਾਲਤ ਨੇ ਧਾਰਾ 306 ਆਈਪੀਸੀ ਤਹਿਤ ਦਾਇਰ ਚਾਰਜਸ਼ੀਟ ਰੱਦ ਕਰ ਦਿੱਤੀ। ਹਾਈ ਕੋਰਟ ਨੇ ਸੀਜੇਐੱਮ ਮੇਰਠ ਨੂੰ ਦਾਜ ਲਈ ਪਰੇਸ਼ਾਨ ਕਰਨ ਦੀ ਧਾਰਾ ਤਹਿਤ ਮੁਕੱਦਮਾ ਚਲਾਉਣ ਦੇ ਆਦੇਸ਼ ਦਿੱਤੇ ਹਨ।
ਮੇਰਠ ਦੇ ਅਨੰਦ ਸਿੰਘ ਅਤੇ ਹੋਰਾਂ ਦੀ ਪਟੀਸ਼ਨ ‘ਤੇ ਜਸਟਿਸ ਪੰਕਜ ਭਾਟੀਆ ਦੀ ਸਿੰਗਲ ਬੈਂਚ ਨੇ ਇਹ ਆਦੇਸ਼ ਦਿੱਤਾ ਹੈ। ਆਨੰਦ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਮੇਰਠ ਦੇ ਪ੍ਰਤਾਪਪੁਰ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਉਸ ਉੱਤੇ ਪੀੜਤ ਅਨੂ ਅਤੇ ਉਸ ਦੇ ਪਰਿਵਾਰ ‘ਤੇ ਵਿਆਹ ਲਈ ਦਬਾਅ ਪਾਉਣ ਦਾ ਦੋਸ਼ ਹੈ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਪਟੀਸ਼ਨਕਰਤਾ ਮੋਟੀ ਰਕਮ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਅਨੂ ਨੇ ਵਿਆਹ ਤੋਂ 15 ਦਿਨ ਪਹਿਲਾਂ ਆਪਣੇ ਆਪ ਨੂੰ ਅੱਗ ਲਗਾ ਲਈ। ਬਾਅਦ ਵਿੱਚ ਉਸ ਦੀ ਸਫਦਰਜੰਗ ਹਸਪਤਾਲ, ਦਿੱਲੀ ਵਿੱਚ ਮੌਤ ਹੋ ਗਈ।
ਜਦੋਂ ਕੋਰੋਨਾ ਕਾਰਨ ਪੰਜਾਬ ਸਮੇਤ ਦੇਸ਼ ਵਿੱਚ ਲਾਕਡਾਊਨ ਲੱਗਾ ਸੀ ਤਾਂ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਸੀ। ਘਰੇਲੂ ਹਿੰਸਾ ਦੇ ਅਜਿਹੇ ਬਹੁਤ ਹੀ ਮਾਮਲੇ ਸਾਹਮਣੇ ਆਏ ਸਨ, ਜਿਸਨੂੰ ਲੈ ਕੇ ਭਾਰੀ ਚਿੰਤਾ ਪੈਦਾ ਹੋ ਗਈ ਸੀ। ਹੁਣ ਵੀ ਘਰੇਲੂ ਹਿੰਸਾ ਦੇ ਅਜਿਹੇ ਮਾਮਲੇ ਦਿਲ ਨੂੰ ਪਸੀਜ ਦਿੰਦੇ ਹਨ।