India Punjab

ਕਿਸਾਨਾਂ ਅੱਗੇ ਝੁਕਿਆ ਅੰਬਾਲਾ ਪ੍ਰਸ਼ਾਸਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਰੇ ਕਿਸਾਨ ਜੇਲ੍ਹ ਤੋਂ ਬਾਹਰ ਆ ਗਏ ਹਨ। ਕਿਸਾਨਾਂ ਵੱਲੋਂ ਅੰਬਾਲਾ ਐੱਸਪੀ ਦਫ਼ਤਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਸੀ। ਕਿਸਾਨਾਂ ਨੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਸੀ। ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡ ਲਾਏ ਗਏ ਸਨ। ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਬੀਜੇਪੀ ਲੀਡਰ ਨੂੰ ਪਿੰਡਾਂ ਵਿੱਚ ਪ੍ਰੋਗਰਾਮ ਨਹੀਂ ਕਰਨ ਦੇਣਗੇ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ‘ਤੇ ਲੋਕ ਥੂਹ-ਥੂਹ ਕਰਨਗੇ ਕਿ ਉਸਨੇ ਆਪਣੇ ਇਲਾਕੇ ਵਿੱਚ ਕਿਵੇਂ ਦਾ ਕੰਮ ਕੀਤਾ ਹੈ। ਕਿਸਾਨਾਂ ਨੇ ਅੰਬਾਲਾ ਬਲਾਕ ਨੰਬਰ 1, 2 ਦੇ ਸਾਰੇ ਕਿਸਾਨਾਂ ਨੂੰ 15 ਅਗਸਤ ਨੂੰ ਸਵੇਰੇ 9 ਵਜੇ ਆਪਣੇ ਮੋਟਰਸਾਈਕਲ, ਗੱਡੀਆਂ, ਟਰੈਕਟਰ, ਆਪਣੇ-ਆਪਣੇ ਵਾਹਨਾਂ ‘ਤੇ ਅੰਬਾਲਾ ਦੀ ਅਨਾਜ ਮੰਡੀ ਪਹੁੰਚਣ ਲਈ ਕਿਹਾ। ਉੱਥੇ ਕਿਸਾਨਾਂ ਵੱਲੋਂ ਤਿਰੰਗਾ ਯਾਤਰਾ ਕੱਢੀ ਜਾਵੇਗੀ।

ਦਰਅਸਲ, ਅੰਬਾਲਾ ਵਿੱਚ ਪੁਲਿਸ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਚੁੱਕ ਦਿੱਤਾ ਹੈ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਖਿੱਚ-ਧੂਹ ਹੋਈ, ਜਿਸ ਤੋਂ ਬਾਅਦ ਪੁਲਿਸ ਕਿਸਾਨਾਂ ਨੂੰ ਧਰਨੇ ਤੋਂ ਧੂਹ ਕੇ ਲੈ ਗਈ। ਪੁਲਿਸ ਨੇ ਕੱਲ੍ਹ ਕੁੱਝ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਨੂੰ ਛੁਡਾਉਣ ਲਈ ਅੱਜ ਸਵੇਰੇ ਤੋਂ ਹੀ ਕਿਸਾਨਾਂ ਵੱਲੋਂ ਅੰਬਾਲਾ-ਦਿੱਲੀ ਹਾਈਵੇਅ ਜਾਮ ਕੀਤਾ ਗਿਆ। ਕਿਸਾਨਾਂ ਨੂੰ ਜਿਨ੍ਹਾਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਕੱਲ੍ਹ ਦੇਰ ਸ਼ਾਮ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਵਿਰੋਧ ਕਰ ਰਹੇ ਸਨ।