India

ਅੱਧ ਅਸਮਾਨੇ ਲਟਕੇ ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਿਮਾਚਲ ਪ੍ਰਦੇਸ਼ ਵਿੱਚ ਠੰਡੀਆਂ ਵਾਦੀਆਂ ਦਾ ਆਨੰਦ ਲੈਣ ਗਏ 11 ਲੋਕ ਅੱਜ ਹਵਾ ਵਿੱਚ ਲਟਕ ਕੇ ਰਹਿ ਗਏ। ਇਹ ਸੈਲਾਨੀ ਟਿੰਬਰ ਟਰੇਲ ਹੋਟਲ ਤੋਂ ਉੱਚੀਆਂ ਪਹਾੜੀਆਂ ਉੱਤੇ ਬਣੇ ਇੱਕ ਹੋਰ ਹੋਟਲ ਦੀ ਸੈਰ ਕਰਨ ਤੋਂ ਬਾਅਦ ਉੱਪਰ ਤੋਂ ਥੱਲੇ ਨੂੰ ਆ ਰਹੇ ਸਨ ਕਿ ਟਰਾਲੀ ਰਾਹ ਵਿੱਚ ਅਟਕ ਗਈ। ਫਸੇ ਲੋਕਾਂ ਨੂੰ ਕੱਢਣ ਲਈ ਰੈਸਕਿਊ ਅਪਰੇਸ਼ਨ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਬੰਧਨ ਦੇ ਪ੍ਰਮੁੱਖ ਸਕੱਤਰ ਓਂਕਾਰ ਚੰਦ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

NDRF ਟੀਮ ਦੀ ਮਦਦ ਦੇ ਨਾਲ ਲੋਕਾਂ ਨੂੰ ਰੱਸੀ ਦੇ ਨਾਲ ਟਿੰਬਰ ਟਰੇਲ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। NDRF ਟੀਮ ਵੱਲੋਂ ਟਿੰਬਰ ਟਰੇਲ ਦੇ ਕੋਲ ਇੱਕ ਛੋਟੀ ਜਿਹੀ ਟਰਾਲੀ ਲਿਜਾਈ ਗਈ ਸੀ, ਜਿਸ ਵਿੱਚ ਰੈਸਕਿਊ ਟੀਮ ਮੌਜੂਦ ਸੀ। ਫਿਰ ਲੋਕਾਂ ਨੂੰ ਰੱਸੀ ਦੇ ਸਹਾਰੇ ਥੱਲੇ ਭੇਜਿਆ ਗਿਆ। ਕਰੀਬ ਛੇ ਘੰਟੇ ਲੋਕ ਹਵਾ ਵਿੱਚ ਲਟਕੇ ਰਹੇ। ਟਿੰਬਰ ਟਰੇਲ ਵਿੱਚ ਫਸੇ ਲੋਕਾਂ ਵਿੱਚ ਕਈ ਬਜ਼ੁਰਗ ਵੀ ਸ਼ਾਮਿਲ ਸਨ। ਕਰੀਬ ਕਰੀਬ 500 ਤੋਂ 700 ਮੀਟਰ ਤੱਕ ਦੀ ਉੱਚਾਈ ਉੱਤੇ ਫਸੇ ਲੋਕਾਂ ਨੇ ਜ਼ਮੀਨ ਉੱਤੇ ਆ ਕੇ ਸੁੱਖ ਦਾ ਸਾਹ ਲਿਆ। ਹੇਠਾਂ ਲੋਕਾਂ ਦਾ ਮੈਡੀਕਲ ਵੀ ਕੀਤਾ ਗਿਆ ਅਤੇ ਖਾਣ ਪੀਣ ਲਈ ਸਮਾਨ ਵੀ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਵੀ ਮੌਕੇ ਉੱਤੇ ਤਾਇਨਾਤ ਸੀ।

ਯਾਤਰੀਆਂ ਨੇ ਹੇਠਾਂ ਆ ਕੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟਰਾਲੀ ਫਸ ਗਈ ਸੀ ਤਾਂ ਉਹਨਾਂ ਨੇ ਮੈਨੇਜਮੈਂਟ ਦੇ ਨਾਲ ਸੰਪਰਕ ਕੀਤਾ ਪਰ ਬਾਅਦ ਵਿੱਚ ਮੈਨੇਜਮੈਂਟ ਦੇ ਨਾਲ ਸੰਪਰਕ ਟੁੱਟ ਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਦੋ ਤਿੰਨ ਮੀਡੀਆ ਚੈਨਲਾਂ ਦੇ ਨੰਬਰ ਲੱਭ ਕੇ ਉਨ੍ਹਾਂ ਨੂੰ ਵੀਡੀਓ ਬਣਾ ਕੇ ਭੇਜੀ ਅਤੇ ਮਦਦ ਦੀ ਗੁਹਾਰ ਲਾਈ। ਉਨ੍ਹਾਂ ਨੇ ਦੱਸਿਆ ਕਿ ਟਿੰਬਰ ਟਰਾਲੀ ਵਿੱਚ ਪੰਜ ਔਰਤਾਂ ਅਤੇ ਪੰਜ ਪੁਰਸ਼ਾਂ ਸਮੇਤ ਇੱਕ ਨੌਜਵਾਨ ਸ਼ਾਮਿਲ ਸੀ। ਟਰਾਲੀ ਵਿੱਚ ਫਸੇ ਲੋਕਾਂ ਦਾ ਡਰ ਨਾਲ ਬੁਰਾ ਹਾਲ ਸੀ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਫੋਨ ਵੀ ਆਇਆ ਸੀ ਅਤੇ ਉਨ੍ਹਾਂ ਨੇ ਖੁਦ ਘਟਨਾ ਵਾਲੇ ਸਥਾਨ ਉੱਤੇ ਆਉਣ ਦਾ ਭਰੋਸਾ ਦਿੱਤਾ ਸੀ।

ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸੇ ਤਰ੍ਹਾਂ ਦੀ ਘਟਨਾ 29 ਸਾਲ ਪਹਿਲਾਂ ਚੰਡੀਗੜ੍ਹ ਤੋਂ ਸਿਰਫ਼ 25 ਤੋਂ 28 ਕਿਲੋਮੀਟਰ ਦੂਰ ਕਾਲਕਾ ਦੇ ਟਿੰਬਰ ਟਰੇਲ ਵਿੱਚ ਵਾਪਰੀ ਸੀ। ਉਦੋਂ ਕੇਬਲ ਕਾਰ ‘ਚ 11 ਲੋਕ ਫਸ ਗਏ ਸਨ। ਇਸ ਹਾਦਸੇ ‘ਚ ਇਕ ਦੀ ਮੌਤ ਹੋ ਗਈ ਸੀ, ਜਦਕਿ ਫੌਜ ਦੀ ਮਦਦ ਨਾਲ ਬਾਕੀ 10 ਲੋਕਾਂ ਨੂੰ ਬਚਾ ਲਿਆ ਗਿਆ ਸੀ।