Punjab

ਤਰਨ ਤਾਰਨ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਕਿਸ ‘ਤੇ ਖੇਡਿਆ ਦਾਅ, ਕਾਂਗਰਸ ਦੀ ਸਥਿਤੀ ਇਕ ਅਨਾਰ ਸੌ ਬਿਮਾਰ ਵਰਗੀ, ਅਕਾਲੀ ਦਲ ਤੋਂ ‘ਆਪ’ ‘ਚ ਆਏ ਸੰਧੂ ਨੂੰ ਕੀ ਮਿਲੇਗੀ ਟਿਕਟ?, ਤਰਨ ਤਾਰਨ ਦੇ ਸਾਰੇ ਉਮੀਦਵਾਰਾਂ ਦੀ ਮੁੰਕਮਲ ਜਾਣਕਾਰੀ

ਬਿਉਰੋ ਰਿਪੋਰਟ –  ਤਰਨ ਤਾਰਨ ਜ਼ਿਮਨੀ ਚੋਣ ਵੱਲ ਸਾਰੇ ਪੰਜਾਬੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਕਿਉਂਕਿ ਇਸ ਨੂੰ 2027 ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਤਰਨ ਤਾਰਨ ਹਲਕਾ ਉਹ ਇਲ਼ਾਕਾ ਜਿੱਥੇ ਹਮੇਸ਼ਾ ਅਕਾਲੀ ਦਲ ਦੀ ਪਕੜ ਮਜ਼ਬੂਤ ਰਹੀ ਹੈ ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰ ਪਿਆ ਹੈ। ਇਹ ਉਹੀ ਹਲਕਾ ਹੈ ਜਿੱਥੇ ਜਦੋਂ 1947 ਵਿਚ ਆਬਾਦੀ ਦੇ ਹਿਸਾਬ ਨਾਲ ਪੰਜਾਬ ਦੀ ਵੰਡ ਕੀਤੀ ਜਾ ਰਹੀ ਸੀ ਤੇ ਕੇਵਲ ਸਿੱਖਾਂ ਦੀ ਸਾਂਝੇ ਪੰਜਾਬ ਵਿਚ ਸਭ ਤੋਂ ਆਬਾਦੀ ਸਿੱਖਾਂ ਤਰਨ ਤਾਰਨ ਤਹਿਸੀਲ ਵਿਚ ਸੀ। ਹੁਣ ਇਸ ਹਲਕੇ ਵਿਚ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਇਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਅੱਜ ਵੀ ਇਸ ਹਲਕੇ ਵਿਚ ਸਿੱਖਾਂ ਦੀ ਬਹੁਗਿਣਤੀ ਹੈ ਪਰ ਫਿਰ ਵੀ ਇੱਥੋਂ ਦੇ ਲੋਕਾਂ ਨੇ ਕਦੇ ਵੀ ਧਰਮ ਜਾਤ ਦੀ ਰਾਜਨੀਤੀ ਨਹੀਂ ਕੀਤੀ, ਜਿਸ ਦਾ ਸਬੂਤ ਸੰਨ 2017  ਵਿਚ ਇੱਥੋਂ ਦੇ ਲੋਕਾਂ ਨੇ ਡਾ. ਧਰਮਬੀਰ ਅਗਨੀਹੋਤਰੀ ਦਾ ਦਿੱਤਾ ਸੀ।  ਅੱਜ ਤਹਾਨੂੰ ਅਸੀਂ ਦੱਸਾਂਗੇ ਕਿ ਤਰਨ ਤਾਰਨ ਜ਼ਿਮਨੀ ਚੋਣ ਕਿਹੜਾ ਉਮੀਦਵਾਰ ਚੋਣ ਲੜ ਰਿਹਾ ਹੈ

ਜਿਵੇਂ ਕੀ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਹਲਕਾ ਜ਼ਿਆਦਾਤਰ ਅਕਾਲੀ ਦਲ ਦੇ ਹੱਕ ਵਿਚ ਹੀ ਝੁੱਕਦਾ ਰਿਹਾ ਹੈ, ਇੱਥੋਂ ਅਕਾਲੀ ਦਲ ਕਈ ਵਾਰ ਚੋਣ ਜਿੱਤ ਚੁੱਕਾ ਹੈ। ਅਕਾਲੀ ਦਲ ਦੇ ਪੁਰਾਣੇ ਤੇ ਸੀਨੀਅਰ ਲੀਡਰਾਂ ਵਿਚੋਂ ਇਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਸਿੰਘ ਲਾਲਪੁਰਾ ਇੱਥੋਂ ਤਿੰਨ ਵਾਰ ਜਿੱਤ ਚੁੱਕੇ ਨੇ ਫਿਰ ਸਾਲ 2002 ਵਿਚ ਹਰਮੀਤ ਸਿੰਘ ਸੰਧੂ ਨੇ ਅਕਾਲੀ ਦਲ ਵਿਚ ਪਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਦੀ ਆਪਸੀ ਲੜਾਈ ਦਾ ਫਾਇਦਾ ਚੁੱਕਦਿਆਂ ਇੱਥੋਂ ਜਿੱਤ ਦਰਜ ਕੀਤੀ ਤੇ ਫਿਰ ਹਰਮੀਤ ਸਿੰਘ ਸੰਧੂ ਤਰਨ ਤਾਰਨ ਵਿਧਾਨ ਸਭਾ ਹਲਤੇ ਤੋਂ 2007 ਅਤੇ 2012 ਵਿਚ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤੇ ਤੇ ਫਿਰ 2017 ਤੇ 2022 ਵਿਚ ਹਾਰੇ ਵੀ। ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਤੇ ਹਰਮੀਤ ਸਿੰਘ ਸੰਧੂ ਦੇ ਅਕਾਲੀ ਦਲ ਛੱਡਣ ਤੋਂ ਬਾਅਦ ਅਕਾਲੀ ਦਲ ਦੇ ਕਈ ਮੋਹਤਬਰ ਵਿਅਕਤੀਆਂ ਨੇ ਆਜ਼ਾਦ ਗਰੁੱਪ ਬਣਾ ਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਆਪਣਾ ਲੀਡਰ ਚੁਣਿਆ ਤੇ ਫਿਰ ਅਕਾਲੀ ਦਲ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਤਰਨ ਤਾਰਨ ਜ਼ਿਮਨੀ ਚੋਣ ਵਿਚ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਚੋਣ ਲੜ ਰਹੇ ਹਨ।  ਪ੍ਰਿੰਸੀਪਲ ਸੁਖਵਿੰਦਰ ਕੌਰ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਨੇ ਸੁਖਬੀਰ ਸਿੰਘ ਬਾਦਲ ਨੇ ਖੁਦ ਇਸ ਹਲਕੇ ਦੀ ਕਮਾਨ ਸੰਭਾਲੀ ਹੋਈ ਹੈ

ਆਮ ਆਦਮੀ ਪਾਰਟੀ ਦਾ ਜਨਮ 2012 ਵਿਚ ਹੋਇਆ ਸੀ ਉਸ ਨੇ ਪਹਿਲੀ ਵਾਰ ਇਸ ਹਲਕੇ ਤੋਂ ਨਾਮੀ ਪਹਿਲਵਾਨ ਕਰਤਾਰ ਸਿੰਘ ਨੂੰ ਸਾਲ 2107 ਵਿਚ ਆਪਣਾ ਉਮੀਦਵਾਰ ਬਣਾਇਆ ਸੀ ਤੇ 25 ਹਾਜ਼ਾਰ ਦੇ ਕਰੀਬ ਵੋਟਾਂ ਲੈਣ ਵਿਚ ਕਾਮਯਾਬ ਰਹੇ ਸਨ ਪਰ ਜਿੱਤ ਨਹੀਂ ਸਕੇ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਡਾ ਕਸ਼ਮੀਰ ਸਿੰਘ ਸੋਹਲ ਨੂੰ ਟਿੱਕਟ ਦਿੱਤੀ ਤੇ ਉਨ੍ਹਾਂ ਨੇ ਪਹਿਲੀ ਵਾਰ ਚੋਣ ਲੜਦੇ ਹੋਏ ਤਿੰਨ ਵਾਰ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਤੇ ਮੌਜੂਦਾ ਕਾਂਗਰਸੀ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਹਰਾਇਆ ਸੀ। ਜੂਨ ਮਹੀਨੇ ਵਿਚ ਲੰਬੀ ਬਿਮਾਰੀ ਤੋਂ ਬਾਅਦ ਡਾ. ਸੋਹਲ ਦੇ ਦਿਹਾਂਤ ਕਾਰਨ ਇਹ ਸੀਟ ਖਾਲੀ ਹੋ ਗਈ ਤੇ ਫਿਰ ਹਰਮੀਤ ਸਿੰਘ ਸੰਧੂ ਦੀ ਆਮ ਆਦਮੀ ਪਾਰਟੀ ਵਿਚ ਐਂਟਰੀ ਹੁੰਦੀ ਹੈ। ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਪੂਰੀ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਵੱਲ਼ੋਂ ਉਮੀਦਵਾਰ ਵੀ ਉਹੀ ਹੋਣਗੇ। ਕਿਉਂਕਿ ਉਹ ਲਗਾਤਾਰ ਹਲਕੇ ਵਿਚ ਵਿਚਰ ਰਹੇ ਹਨ ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਇਹ ਕਹਿ ਵੀ ਚੁੱਕੇ ਨੇ ਕੀ ਜਿਸ ਨੂੰ ਹਲਕਾ ਇੰਚਾਰਜ ਲਗਾਇਆ ਹੈ, ਟਿਕਟ ਵੀ ਉਸ ਨੂੰ ਹੀ ਮਿਲੇਗੀ।

ਕਾਂਗਰਸ ਪਾਰਟੀ ਨੇ ਕੇਵਲ ਇਸ ਹਲਕੇ ਤੋਂ ਇਕ ਵਾਰ ਜਿੱਤ ਦਰਜ ਕੀਤੀ ਹੈ ਉਹ ਸਿਰਫ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ। ਕਾਂਗਰਸ ਨੂੰ 1984 ਦੀ ਸਾਰੀ ਕਾਰਵਾਈ ਕਾਰਨ ਇੱਥੋਂ ਦੇ ਲੋਕਾਂ ਦਾ ਗੁੱਸਾ ਝੱਲਣਾ ਪੈਂਦਾ ਰਿਹਾ ਹੈ ਪਰ ਸਾਲ 2017 ਵਿਚ ਇੱਥੋਂ ਦੇ ਲੋਕਾਂ ਨੇ ਸਿੱਖਾਂ ਦੇ ਗੜ ਵਾਲੀ ਇਕ ਪੰਥਕ ਸੀਟ ਤੋਂ ਇਕ ਹਿੰਦੂ ਉਮੀਦਵਾਰ ਡਾ. ਧਰਮਬੀਰ ਅਗਨੀਹੋਤਰੀ ਨੂੰ ਚੁਣ ਕੇ ਸਭ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਸੀ। ਪਰ ਡਾ. ਧਰਮਬੀਰ ਅਗਨੀਹੋਤਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਨਾਲ ਨਕਾਰੇ ਗਏ। ਹੁਣ ਹੋ ਰਹੀ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰਾਂ ਦੀ ਸਥਿਤੀ ਇਕ ਅਨਾਰ ਸੌ ਬਿਮਾਰ ਵਰਗੀ। ਇੱਥੋਂ ਕਈ ਉਮੀਦਵਾਰ ਟਿਕਟ  ਲੈਣ ਦੇ ਚਾਹਵਾਨ ਹਨ। ਇੱਥੋਂ ਦਵਿੰਦਰ ਸਿੰਘ ਲਾਲੀ ਢਾਲਾ, ਰਾਣਾ ਗੰਡੀਵਿੰਡ, ਕਰਨਬੀਰ ਸਿੰਘ ਬੁਰਜ, ਰਾਜਬੀਰ ਸਿੰਘ ਭੁੱਲਰ ਅਤੇ ਹੋਰ ਵਿਅਕਤੀ ਹਨ ਜੋ ਟਿਕਟ ਲੈਣ ਦੇ ਚਾਹਵਾਨ ਨੇ। ਵੈਸੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਹੋ ਕੇ ਇੱਥੋੋਂ ਉਮੀਦਵਾਰ ਹੋ ਸਕਦੇ। ਪਰ ਦੇਖਣ ਵਾਲੀ ਗੱਲ਼ ਹੋਵੇਗੀ ਟਿਕਟ ਕਿਸ ਨੂੰ ਮਿਲਦੀ ਹੈ ।

ਭਾਰਤੀ ਜਨਤਾ ਪਾਰਟੀ ਦਾ ਅਕਾਲੀ ਦਲ ਦੇ ਨਾਲ ਗਠਜੋੜ ਹੋਣ ਕਰਕੇ ਇਹ ਸੀਟ ਹਮੇਸ਼ਾ ਅਕਾਲੀ ਦਲ ਕੋਲ ਰਹੀ ਹੈ ਪਰ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਦੇ ਨਵਰੀਤ ਸਿੰਘ ਸਫੀਪੁਰ ਨੇ ਤਰਨ ਤਾਰਨ ਹਲਕੇ ਤੋਂ ਪਹਿਲੀ ਵਾਰ ਸਾਲ 2022 ਵਿਚ ਚੋਣ ਲੜੀ ਸੀ ਪਰ ਉਹ ਜ਼ਮਾਨਤ ਬਚਾਉਣ ਵਿਚ ਵੀ ਸਫਲ ਨਹੀਂ ਰਹੇ ਸਨ। ਇਸ ਵਾਰ ਭਾਜਪਾ ਨੇ ਆਪਣੇ ਜ਼ਿਲ੍ਹਾਂ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਹੈ।

ਤਰਨ ਤਾਰਨ ਹਲਕੇ ਤੋਂ ਇਕ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਿਹਾ ਹੈ ਜਿਨ੍ਹਾਂ ਦਾ ਨਾਮ ਹਰਬਿੰਦਰ ਕੌਰ ਉਸਮਾਂ ਹੈ। ਇਹ ਉਹੀ ਹਰਬਿੰਦਰ ਕੌਰ ਉਸਮਾਂ ਹਨ ਜੋ ਇਕ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜਛਾੜ ਤੇ ਕੁੱਟਮਾਰ ਦੇ ਮਾਮਲੇ ਵਿਚ ਅਦਾਲਤ ਤੋਂ ਚਾਰ ਸਾਲ ਦੀ ਸਜ਼ਾ ਦਿਵਾਈ ਹੈ।

ਤਰਨ ਤਾਰਨ ਜ਼ਿਮਨੀ ਚੋਣ ਦਾ ਐਲਾਨ ਅਗਲੇ ਹਫਤੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਚੋਣ ਵੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਹੀ ਹੋਵੇਗੀ ਤੇ ਬਿਹਾਰ ਵਿਚ ਵੋਟਰ ਸੁਧਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਅੰਤਿਮ ਸੂਚੀ ਨੂੰ ਅੰਤਿਮ ਰੂਪ ਦੇ ਕੇ ਪੇਸ਼ ਕੀਤਾ ਜਾ ਚੁੱਕਾ ਹੈ। ਸੰਭਾਵਨਾ ਹੈ ਕਿ ਤਰਨ ਤਾਰਨ ਜ਼ਿਮਨੀ ਚੋਣ ਅਕਤੂਬਰ ਦੇ ਅੰਤ ਤੱਕ ਜਾਂ ਫਿਰ ਨਵੰਬਰ ਦੀ ਸ਼ੁਰੂਆਤ ਵਿਚ ਹੋ ਸਕਦੀ ਹੈ।