‘ਦ ਖ਼ਾਲਸ ਬਿਊਰੋ ( ਗੁਰਪ੍ਰੀਤ ਕੌਰ ): ਚੀਨ ਨੇ ਆਪਣੇ ਨਜ਼ਰਬੰਦ ਕੈਂਪਾਂ ਵਿੱਚ ਸ਼ਿਨਜਿਆਂਗ ਪ੍ਰਾਂਤ ਦੇ 80 ਲੱਖ ਵੀਘਰ (ਉਈਗਰ) ਮੁਸਲਮਾਨਾਂ ਨੂੰ ਕੈਦ ਕੀਤਾ ਹੋਇਆ ਹੈ ਤੇ ਉਨ੍ਹਾਂ ’ਤੇ ਚੀਨੀ ਭਾਸ਼ਾ ਤੇ ਸੱਭਿਆਚਾਰ ਸਿੱਖਣ ਲਈ ਦਬਾਅ ਬਣਾਇਆ ਜਾ ਰਿਹ ਹੈ। ਇਸ ਤੋਂ ਇਲਾਵਾ ਵੀਘਰਾਂ ਕੋਲੋਂ ਬਹੁਤ ਘੱਟ ਜਾਂ ਨਾ-ਮਾਤਰ ਮਜ਼ਦੂਰੀ ’ਤੇ ਕੰਮ ਕਰਵਾਇਆ ਜਾਂਦਾ ਹੈ। ਪਿਛਲੇ ਮਹੀਨੇ ਇਸ ਕੈਂਪ ਤੋਂ ਇੱਕ ਨੌਜਵਾਨ ਦੀ ਵੀਡੀਓ ਸਾਹਮਣੇ ਆਉਣ ਨਾਲ ਇਹ ਮਾਮਲਾ ਫਿਰ ਸੁਰਖ਼ੀਆਂ ਵਿੱਚ ਆ ਗਿਆ ਹੈ। ਨੌਜਵਾਨ ਨੂੰ ਹਥਕੜੀਆਂ ਨਾਲ ਬੰਨ੍ਹਿਆ ਹੋਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਕੈਂਪ ਵਿੱਚ ਮੁਸਲਮਾਨਾਂ ਨੂੰ ਦਰਦਨਾਕ ਤਸੀਹੇ ਦਿੱਤੇ ਜਾਂਦੇ ਹਨ।
ਬੀਜਿੰਗ ਦੇ ਇੱਕ ਖ਼ੁਫੀਆ ਦਸਤਾਵੇਜ਼ ਵਿੱਚ ਖ਼ੁਲਾਸਾ ਕੀਤਾ ਗਿਆ ਹੈ ਕਿ ਚੀਨੀ ਸਰਕਾਰ ਆਪਣੀ ਸਰਗਰਮ ਕਿਰਤ ਅਤੇ ਰੁਜ਼ਗਾਰ ਨੀਤੀਆਂ ਰਾਹੀਂ ਸ਼ਿਨਜਿਆਂਗ ਦੇ ਲੋਕਾਂ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਵਿੱਚ ਸੁਧਾਰ ਕਰ ਰਹੀ ਹੈ। ਇਸ ਦਸਤਾਵੇਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲਗਭਗ 8 ਮਿਲੀਅਨ (80 ਲੱਖ) ਮੁਸਲਮਾਨਾਂ ਨੂੰ ਵੱਖ-ਵੱਖ ਨਜ਼ਰਬੰਦੀ (ਡਿਟੈਂਸ਼ਨ) ਕੈਂਪਾਂ ਵਿੱਚ ਰੱਖਿਆ ਗਿਆ ਹੈ।
ਹਾਲਾਂਕਿ ਚੀਨ ਇਸ ਗੱਲ ਤੋਂ ਲਗਾਤਾਰ ਇਨਕਾਰ ਕਰਦਾ ਆਇਆ ਹੈ ਕਿ ਉਸ ਨੇ ਬਿਨ੍ਹਾ ਮੁਕੱਦਮਾ ਚਲਾਏ ਮੁਸਲਮਾਨਾਂ ਨੂੰ ਕੈਦ ਕੀਤਾ ਹੋਇਆ ਹੈ। ਉਹ ਇਨ੍ਹਾਂ ਨਜ਼ਰਬੰਦੀ ਕੈਂਪਾਂ ਨੂੰ ਕਿੱਤਾਮੁਖੀ ਸਿਖਲਾਈ ਕੇਂਦਰ ਕਰਾਰ ਦਿੰਦਾ ਹਨ। ਪਹਿਲਾਂ ਕੈਂਪਾਂ ਨੂੰ ਰੀ ਐਜੂਕੇਸ਼ਨ ਸੈਂਟਰ ਕਿਹਾ ਜਾਂਦਾ ਸੀ, ਪਰ ਚੀਨ ਨੇ ਚਲਾਕੀ ਨਾਲ ਰੀ ਐਜੂਕੇਸ਼ਨ ਸੈਂਟਰ ਦਾ ਨਾਮ ਬਦਲ ਕੇ ‘ਵੋਕੇਸ਼ਨਲ ਟ੍ਰੇਨਿੰਗ ਸੈਂਟਰ’ ਰੱਖ ਦਿੱਤਾ ਹੈ ਤਾਂ ਜੋ ਉਹ ਵਿਸ਼ਵਵਿਆਪੀ ਆਲੋਚਨਾ ਦਾ ਸ਼ਿਕਾਰ ਨਾ ਹੋ ਸਕੇ।
ਕੈਂਪਾਂ ਤੋਂ ਭੱਜ ਨਿਕਲੇ ਲੋਕਾਂ ਨੇ ਕੀਤਾ ਖ਼ੁਲਾਸਾ
ਸ਼ਿਨਜਿਆਂਗ ਦੀ ਰਹਿਣ ਵਾਲੀ 29 ਸਾਲਾ ਮਹਿਲਾ ਮਿਹਰਗੁਲ ਤੁਰਸੁਨ ਨੇ ਅਮਰੀਕੀ ਸਿਆਸਤਦਾਨਾਂ ਨੂੰ ਦੱਸਿਆ ਕਿ ਉਹ ਸਾਲ 2018 ਵਿੱਚ ਚੀਨ ਦੇ ਇਸ ਕੈਂਪ ਤੋਂ ਬਚ ਗਈ ਸੀ। ਉਸ ਨੇ ਸਿਆਸਤਦਾਨਾਂ ਨੂੰ ਦੱਸਿਆ ਸੀ ਕਿ ਇਸ ਕੈਂਪ ਵਿੱਚ ਚੀਨੀ ਅਧਿਕਾਰੀ ਉਸ ਉੱਤੇ ਇੰਨੇ ਤਸ਼ੱਦਦ ਕਰਦੇ ਸਨ ਕਿ ਉਸ ਦਾ ਜੀਅ ਕਰਦਾ ਸੀ ਜਾਂ ਤਾਂ ਉਹ ਆਪ ਮਰ ਜਾਏ ਜਾਂ ਉਨ੍ਹਾਂ ਕੋਲੋਂ ਮੌਤ ਦੀ ਭੀਖ ਮੰਗੇ।
ਕੈਂਪ ਤੋਂ ਬਚ ਨਿਕਲੇ ਇੱਕ ਹੋਰ ਸ਼ਖ਼ਸ ਕਾਇਰਾਤ ਸਮਰਕੰਦ ਨੇ ਦੱਸਿਆ ਕਿ ਤਸੀਹੇ ਦੇਣ ਲਈ ਉਨ੍ਹਾਂ ਨੂੰ ਧਾਤ ਦਾ ਬਣਿਆ ਬਖ਼ਤਰਬੰਦ ਵਸਤਰ ਪਹਿਨਿਆ ਜਾਂਦਾ ਸੀ। ਉਹ ਉਸ ਨੂੰ ਇਸ ਨੂੰ ਪਹਿਨਣ ਲਈ ਮਜਬੂਰ ਕਰਦੇ ਸਨ। ਚੀਨੀ ਸੈਨਿਕ ਉਸ ਨੂੰ ‘ਮੈਟਲ ਸੂਟ’ (ਧਾਤ ਦਾ ਸੂਟ) ਕਹਿੰਦੇ ਸਨ ਜਿਸ ਦਾ ਵਜ਼ਨ 50 ਕਿੱਲੋ ਹੁੰਦਾ ਸੀ। ਕਾਇਰਾਤ ਨੇ ਦੱਸਿਆ ਕਿ ਇਸ ਸੂਟ ਨੂੰ ਪਹਿਨਣ ਤੋਂ ਬਾਅਦ ਉਸ ਦੇ ਹੱਥ ਅਤੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਸਨ ਤੇ ਉਸ ਦੀ ਪਿੱਠ ਵਿੱਚ ਬਹੁਤ ਦਰਦ ਹੁੰਦਾ ਸੀ।
ਮੁਸਲਮਾਨਾਂ ’ਤੇ ਤਸ਼ੱਦਦ, ਔਰਤਾਂ ਨਾਲ ਬਦਸਲੂਕੀ
‘ਦ ਸਨ’ ਦੁਆਰਾ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਚੀਨੀ ਕਮਿਊਨਿਸਟ ਪਾਰਟੀ ਵੱਡੇ ਪੱਧਰ ‘ਤੇ ਸ਼ਿਨਜਿਆਂਗ ਵਿੱਚ ਵੀਘਰ ਅਤੇ ਹੋਰ ਤਬਕਿਆਂ ਲਈ ਨਜ਼ਰਬੰਦੀ ਕੈਂਪ ਚਲਾ ਰਹੀ ਹੈ। ਇਨ੍ਹਾਂ ਕੈਂਪਾਂ ਵਿੱਚ, ਚੀਨ ਰਾਜਨੀਤਿਕ ਅਸੰਤੁਸ਼ਟੀ ਨੂੰ ਦਬਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਵੀਘਰ ਮੁਸਲਮਾਨਾਂ ਨੂੰ ਤਸੀਹੇ ਵੀ ਦਿੱਤੇ ਜਾ ਰਹੇ ਹਨ। ਖ਼ਬਰਾਂ ਸਨ ਕਿ ਮੁਸਲਮਾਨਾਂ ਨੂੰ ਦਾੜ੍ਹੀ ਰੱਖਣ ਤੇ ਕੁਰਾਨ ਪੜ੍ਹਨ ਦੀ ਵੀ ਮਨਾਹੀ ਹੈ। ਸ਼ਿਨਜਿਆਂਗ ਇਲਾਕੇ ਦੇ ਵੀਘਰ ਮੁਸਲਮਾਨਾਂ ਨੂੰ ਰਮਜ਼ਾਨ ‘ਚ ਰੋਜਾ ਨਾ ਰੱਖਣ ਲਈ ਵੀ ਕਿਹਾ ਗਿਆ ਹੈ। ਇੱਥੋਂ ਤਕ ਕਿ ਕੈਂਪਾਂ ਵਿੱਚ ਲਿਜਾਣ ਤੋਂ ਪਹਿਲਾਂ ਮੁਸਲਮਾਨਾਂ ਦੀ ਸ਼ੇਵ ਵੀ ਕੀਤੀ ਜਾਂਦੀ ਹੈ। ਪਰ ਚੀਨੀ ਸਰਕਾਰ ਇਨ੍ਹਾਂ ਕੈਂਪਾਂ ਨੂੰ ਕਿੱਤਾਮੁਖੀ ਸਿਖਲਾਈ ਕੇਂਦਰ ਦਾ ਨਾਂ ਦੇ ਰਹੀ ਹੈ।
ਕੁਝ ਸਮੇਂ ਪਹਿਲਾਂ ਮੀਡੀਆ ਵਿੱਚ ਇਹ ਖ਼ਬਰਾਂ ਵੀ ਆਈਆਂ ਸੀ ਕਿ ਮੁਸਲਮਾਨਾਂ ਨੂੰ ਕੈਦ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਘਰਾਂ ਵਿੱਚ ਬੱਚੇ ਤੇ ਮਹਿਲਾਵਾਂ ਰਹਿੰਦੀਆਂ ਹਨ। ਚੀਨ ਨੇ ਆਪਣੇ ਕੁਝ ਅਧਿਕਾਰੀਆਂ ਨੂੰ ਜ਼ਿੰਮਾ ਦਿੱਤਾ ਹੋਇਆ ਸੀ ਕਿ ਉਹ ਇਨ੍ਹਾਂ ਵੀਘਰ ਮੁਸਲਮਾਨਾਂ ਦੇ ਘਰ ਜਾਣ ਅਤੇ ਉਨ੍ਹਾਂ ਦੇ ਘਰਾਂ ਵਿੱਚ ਰਹਿਣ ਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਇੱਕੋ ਬਿਸਤਰ ’ਤੇ ਸੌਣ। ਖ਼ਬਰਾਂ ਇਹ ਵੀ ਆਈਆਂ ਸਨ ਕਿ ਮੁਸਲਮਾਨਾਂ ਦੀਆਂ ਔਰਤਾਂ ਦੀ ਜ਼ਬਰਨ ਨਸਬੰਦੀ ਕਰਵਾਈ ਜਾਂਦੀ ਸੀ।
ਦਰਅਸਲ ਚੀਨ ਨੇ ‘ਪੇਅਰਅੱਪ ਐਂਡ ਬਿਕੱਮ ਫੈਮਿਲੀ’ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਸੀ, ਜਿਸ ਦਾ ਕਾਫੀ ਵਿਰੋਧ ਹੋਇਆ ਸੀ। ਚੀਨ ਦੀ ਕਮਿਊਨਿਸਟ ਪਾਰਟੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਘੱਟੋ-ਘੱਟ ਇੱਕ ਲੱਖ ਅਧਿਕਾਰੀਆਂ ਨੂੰ ਇਹ ਜ਼ਿੰਮਾ ਦਿੱਤਾ ਗਿਆ ਸੀ। ਉਨ੍ਹਾਂ ਦਾ ਮਕਸਦ ਮੁਸਲਮਾਨਾਂ ਦੇ ਪਰਿਵਾਰਾਂ ਨੂੰ ਚੀਨੀ ਭਾਸ਼ਾ ਸਿੱਖਣ ਤੇ ਚੀਨੀ ਸੱਭਿਆਚਾਰ ਅਪਨਾਉਣ ਲਈ ਉਤਸ਼ਾਹਿਤ ਕਰਨਾ ਸੀ। ਚੀਨ ਨੇ ਇਸ ਮੁੱਦੇ ’ਤੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਸ ਦੇ ਅਧਿਕਾਰੀ ਇੱਕ ਰਿਸ਼ਤੇਦਾਰ ਬਣ ਕੇ ਮੁਸਲਮਾਨਾਂ ਦੇ ਘਰ ਜਾਂਦੇ ਹਨ ਤੇ ਕੋਈ ਬਦਸਲੂਕੀ ਨਹੀਂ ਕਰਦੇ, ਉਨ੍ਹਾਂ ਨੂੰ ਮਹਿਲਾਵਾਂ ਨਾਲ ਇੱਕੋ ਬਿਸਤਰ ’ਤੇ ਸੌਣ ਦੀ ਹਦਾਇਤ ਹੈ, ਪਰ ਨਾਲ ਹੀ ਮਹਿਲਾਵਾਂ ਤੋਂ ਫਾਸਲਾ ਰੱਖਣ ਲਈ ਵੀ ਕਿਹਾ ਗਿਆ ਹੈ।
ਵੀਘਰ ਮੁਸਲਮਾਨਾਂ ਦੇ ਮਾਮਲੇ ’ਤੇ ਕੀ ਬੋਲਿਆ ਚੀਨ
ਚੀਨ ਦੇ ਸਟੇਟ ਕੌਂਸਲ ਦੇ ਸੂਚਨਾ ਦਫ਼ਤਰ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਵ੍ਹਾਈਟਪੇਪਰ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਸੰਕੇਤ ਦਿੱਤੇ ਹਨ ਕਿ ਵੀਘਰ ਤਬਕੇ ਦੇ ਲੋਕਾਂ ਨਾਲ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ, ਇਸ ਲਈ ਉਹ ਖ਼ੁਦ ਜ਼ਿੰਮੇਵਾਰ ਹਨ। ਇਸ ਰਿਪੋਰਟ ਦੇ ਅਨੁਸਾਰ, ਚੀਨ ਨੇ ਵੀਘਰ ਆਬਾਦੀ ਵਾਲੇ ਸ਼ਿਨਜਿਆਂਗ ਪ੍ਰਾਂਤ ਵਿੱਚ 2014 ਤੋਂ 2019 ਦੇ ਵਿਚਕਾਰ ਤਕਰੀਬਨ 10.29 ਲੱਖ ਲੋਕਾਂ ਨੂੰ ਰੀ ਐਜੂਕੇਸ਼ਨ ਕੈਂਪ ਵਿੱਚ ਕੈਦ ਕੀਤਾ ਸੀ।
ਇਸ ਵ੍ਹਾਈਟਪੇਪਰ ਦਾ ਸਿਰਲੇਖ ਹੈ ‘ਸ਼ਿਨਜਿਆਂਗ ਵਿੱਚ ਰੁਜ਼ਗਾਰ ਤੇ ਮਜ਼ਦੂਰ ਅਧਿਕਾਰ’ (Employment and Labour Rights in Xinjiang)। ਵ੍ਹਾਈਟਪੇਪਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੀਘਰ ਅੱਤਵਾਦੀ ਹਨ ਅਤੇ ਪੁਨਰ ਜਨਮ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਆਪਣੀ ਧਾਰਮਿਕ ਕੱਟੜਤਾ ਕਾਰਨ ਆਧੁਨਿਕ ਵਿਗਿਆਨ ਵਿੱਚ ਬਿਲਕੁਲ ਵਿਸ਼ਵਾਸ਼ ਨਹੀਂ ਰੱਖਦੇ। ਇਸਲਾਮੀ ਕੱਟੜਵਾਦ ਦੇ ਮੱਦੇਨਜ਼ਰ, ਚੀਨੀ ਸਰਕਾਰ ਨੇ ਕਿਹਾ ਹੈ ਕਿ ਖਾੜਕੂ, ਵੱਖਵਾਦੀ ਅਤੇ ਧਾਰਮਿਕ ਤੌਰ ’ਤੇ ਕੱਟੜਪੰਥੀ ਵਰਗ ਮੰਨਦਾ ਹੈ ਕਿ ਪੁਨਰ ਜਨਮ ਨਿਯਤ ਹੈ ਅਤੇ ਉਨ੍ਹਾਂ ਦੀ ਧਾਰਮਿਕ ਸਿੱਖਿਆ ਰਾਜ ਦੇ ਕਾਨੂੰਨ ਨਾਲੋਂ ਵੱਡੀ ਹੈ।
ਇਸ ਦੇ ਇਲਾਵਾ ਵੀਘਰ ਚੀਨੀ ਭਾਸ਼ਾ ਵੀ ਸਿੱਖਣ ਲਈ ਤਿਆਰ ਨਹੀਂ ਹਨ। ਆਧੁਨਿਕ ਵਿਗਿਆਨ ਨੂੰ ਵੀ ਖਾਰਜ ਕਰਦੇ ਹਨ। ਸਿਰਫ ਇਹੀ ਹੀ ਨਹੀਂ, ਉਹ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨ ’ਤੇ ਵੀ ਕੰਮ ਕਰਨਾ ਨਹੀਂ ਚਾਹੁੰਦੇ ਅਤੇ ਨਾ ਹੀ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨ ਦੀ ਇੱਛਾ ਰੱਖਦੇ ਹਨ।
ਚੀਨ ਨੇ ਕਿਹਾ ਹੈ ਕਿ ਆਪਣੀ ਮਾਨਸਿਕਤਾ ਦੇ ਕਾਰਨ ਵੀਘਰ ਕਮਿਊਨਿਟੀ ਦੇ ਲੋਕ ਚੰਗੀ ਸਿੱਖਿਆ ਅਤੇ ਰੁਜ਼ਗਾਰ ਤੋਂ ਵਾਂਝੇ ਹਨ। ਸਿੱਟੇ ਵਜੋਂ, ਮੁੱਖ ਧਾਰਾ ਨਾਲ ਜੁੜਨ ਲਈ ਕਿੱਤਾਮੁਖੀ ਹੁਨਰਾਂ ਦੀ ਸਿਖਲਾਈ ਜ਼ਰੂਰੀ ਸੀ। ਸਿਖਲਾਈ ਦੇ ਕਾਰਨ, ਸ਼ਿਨਜਿਆਂਗ ਪ੍ਰਾਂਤ ਵਿੱਚ ਕੁਸ਼ਲ, ਗਿਆਨਵਾਨ ਅਤੇ ਸਿਰਜਣਾਤਮਕ ਮਨੁੱਖੀ ਸਰੋਤ ਤਿਆਰ ਕੀਤੇ ਗਏ ਹਨ, ਤਾਂ ਜੋ ਆਉਣ ਵਾਲੇ ਸਮੇਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ। ਹਰ ਸਾਲ 2014 ਅਤੇ 2019 ਦੇ ਵਿਚਕਾਰ ਲਗਭਗ 10.29 ਲੱਖ ਪੇਂਡੂ ਅਤੇ ਸ਼ਹਿਰੀ ਮਜ਼ਦੂਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ, ਜਿਨ੍ਹਾਂ ਵਿੱਚੋਂ ਲਗਭਗ 4,51,400 ਲੋਕ ਸ਼ਿਨਜਿਆਂਗ ਦੇ ਦੱਖਣੀ ਹਿੱਸੇ ਤੋਂ ਆਉਂਦੇ ਸਨ।
ਮੁਸਲਮਾਨਾਂ ’ਤੇ ਸਖ਼ਤ ਕਿਉਂ ਹੈ ਚੀਨ
ਸਾਲ 2017 ਵਿੱਚ ਸ਼ਿਨਜਿਆਂਗ ਦੇ ਇੰਸਟੀਚਿਊਟ ਆਫ਼ ਸੋਸ਼ਲਿਓਲੋਜੀ ਐਟ ਸ਼ਿਨਜਿਆਂਗ ਅਕੈਡਮੀ ਆਫ਼ ਸੋਸ਼ਲ ਸਾਇੰਸਿਜ਼ ਦੁਆਰਾ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਮੁਤਾਬਕ ਵੀਘਰ ਦੀ ਵੱਧ ਰਹੀ ਅਬਾਦੀ ਦੇ ਕਾਰਨ, ਚੀਨ ਵਿੱਚ ਰਾਜਨੀਤਿਕ ਅਸਥਿਰਤਾ, ਗਰੀਬੀ ਅਤੇ ਕੱਟੜਵਾਦ ਦਾ ਪਸਾਰਾ ਹੋ ਰਿਹਾ ਸੀ। ਉਨ੍ਹਾਂ ਦੀ ਆਬਾਦੀ ਦਾ ਇਕ ਵੱਡਾ ਕਾਰਨ ਇਹ ਸੀ ਕਿ ਇਸਲਾਮ ਦੇ ਅਨੁਸਾਰ, ਬੱਚੇ ਪੈਦਾ ਕਰਨਾ ‘ਅੱਲ੍ਹਾ ਦੀ ਦਾਤ’ ਹੈ। ਇਸ ਲਈ ਮੁਸਲਮਾਨ ਜ਼ਿਆਦਾ ਬੱਚੇ ਪੈਦਾ ਕਰਦੇ ਹਨ, ਜਿਸ ਨਾਲ ਚੀਨ ਦੀ ਅਬਾਦੀ ਵਧ ਰਹੀ ਹੈ।
ਇਸ ਤੋਂ ਬਾਅਦ, ਮਾਹਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ, ਚੀਨ ਦੀ ਕਮਿਊਨਿਸਟ ਪਾਰਟੀ ਨੇ ਵੀਘਰ ਤਬਕੇ ਦੇ ਲੋਕਾਂ ਨੂੰ ਉਨ੍ਹਾਂ ਦੀ ਅਸਲ ਧਾਰਮਿਕ ਪਹਿਚਾਣ ਹਟਾ ਕੇ ਹਾਨ ਕਮਿਊਨਿਟੀ (ਚੀਨੀ ਭਾਈਚਾਰਾ) ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਈ। ਇਸ ਸਮੇਂ ਦੌਰਾਨ ਵੀਘਰ ਬੱਚਿਆਂ ਨੂੰ ਅਨਾਥ ਆਸ਼ਰਮਾਂ ਵਿੱਚ ਰੱਖਿਆ ਜਾਂਦਾ ਹੈ। 2017 ਤੋਂ, ਚੀਨ ਵਿੱਚ ਵੀਘਰ ਭਾਈਚਾਰੇ ਦੇ ਲੋਕਾਂ ਵਿਰੁੱਧ ਕਾਰਵਾਈ ਜਾਰੀ ਹੈ। ਉਨ੍ਹਾਂ ਨੂੰ ਧਾਰਮਿਕ ਗਤੀਵਿਧੀਆਂ, ਬਾਹਰ ਯਾਤਰਾ ਕਰਨ ਅਤੇ ਸੋਸ਼ਲ ਮੀਡੀਆ ਵਰਤਣ ਕਰਕੇ ਜੇਲ੍ਹ ਭੇਜਿਆ ਜਾਂਦਾ ਹੈ। ਜੇਂਜ਼ ਨਾਂ ਦੇ ਇੱਕ ਖੋਜਕਰਤਾ ਦੇ ਅਨੁਸਾਰ, ਅਧਿਕਾਰੀਆਂ ਨੇ ਸਿੱਧੇ ਆਦੇਸ਼ ਦਿੱਤੇ ਹਨ ਕਿ ਵੀਘਰਾਂ ਦੀ ਜਣਨ (ਫਰਟਿਲਿਟੀ) ਦਰ ਨੂੰ ਘਟਾ ਦਿੱਤਾ ਜਾਵੇ। ਹਾਲਾਂਕਿ ਚੀਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੀਨ ਵਿੱਚ ਜਨਮ ਦਰ ਘਟੀ ਹੈ ਪਰ ਔਰਤਾਂ ਦੀ ਨਸਬੰਦੀ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਵੀਘਰ ਮਾਮਲੇ ਉੱਤੇ ਅਮਰੀਕਾ ਦੀ ਸਖ਼ਤ ਕਾਰਵਾਈ
9 ਜੁਲਾਈ ਨੂੰ ਅਮਰੀਕਾ ਨੇ ਉਈਗੁਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਚੀਨੀ ਚੀਨੀ ਕਮਿਊਨਿਸਟ ਪਾਰਟੀ ਦੇ ਤਿੰਨ ਸੀਨੀਅਰ ਅਧਿਕਾਰੀਆਂ ’ਤੇ ਪਾਬੰਦੀ ਲਾ ਦਿੱਤੀ ਸੀ। ਅਮਰੀਕਾ ਨੇ ਪਹਿਲਾਂ ਹੀ ਚੀਨ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਕਈ ਹੋਰ ਚੀਨੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਅਮਰੀਕਾ ਨੇ ਚੀਨੀ ਮੋਬਾਈਲ ਐਪ ਟਿਕਟੌਕ ਤੋਂ ਬੈਨ ਲਾਉਣ ਦਾ ਫੈਸਲਾ ਵਾਪਿਸ ਲੈ ਲਿਆ ਹੈ।
ਇਸ ਤੋਂ ਇਲਾਵਾ 14 ਸਤੰਬਰ ਨੂੰ ਸਯੁੰਕਤ ਰਾਜ ਨੇ ਉੱਤਰ-ਪੱਛਮੀ ਚੀਨ ਵਿੱਚ ਚਾਰ ਕੰਪਨੀਆਂ ਦੀ ਦਰਾਮਦ ਅਤੇ ਨਿਰਮਾਣ ਦੀ ਸਹੂਲਤ ’ਤੇ ਵੀ ਰੋਕ ਲਗਾ ਦਿੱਤੀ। ਇਨ੍ਹਾਂ ਕੰਪਨੀਆਂ ’ਤੇ ਘੱਟ ਗਿਣਤੀ ਵੀਘਰ ਮੁਸਲਮਾਨਾਂ ਕੋਲੋਂ ਜਬਰੀ ਮਜ਼ਦੂਰੀ ਕਰਾਉਣ ਦੇ ਇਲਜ਼ਾਮ ਲੱਗੇ ਸਨ।
ਮੁਸਲਮਾਨ ਦੇਸ਼ਾਂ ਦਾ ਰੁਖ਼
ਚੀਨ ਵਿੱਚ ਵੀਘਰ ਮੁਸਲਮਾਨਾਂ ’ਤੇ ਹੋ ਰਹੇ ਅੱਤਿਆਚਾਰਾਂ ਲਈ ਅਜੇ ਤੱਕ ਕਿਸੇ ਵੀ ਮੁਸਲਮਾਨ ਦੇਸ਼ ਨੇ ਖੁੱਲ੍ਹ ਕੇ ਚੀਨ ਦਾ ਵਿਰੋਧ ਨਹੀਂ ਕੀਤਾ, ਖ਼ਾਸ ਕਰਕੇ ਜੋ ਦੇਸ਼ ਮੁਸਲਮਾਨਾਂ ਦੇ ਝੰਡਾਬਰਦਾਰ ਬਣਦੇ ਹਨ। ਦੁਨੀਆ ਭਰ ਦੇ ਮੁਸਲਮਾਨਾਂ ਦੇ ਮਸੀਹਾ ਕਹੇ ਜਾਣ ਵਾਲੇ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਨੇ ਵੀਘਰਾਂ ਬਾਰੇ ਹਾਲੇ ਤਕ ਕੋਈ ਖ਼ਾਸ ਪ੍ਰਤੀਕਿਰਿਆ ਨਹੀਂ ਦਿੱਤੀ।
ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਦੇਸ਼ ਇਸ ਮਾਮਲੇ ਵਿੱਚ ਪੈ ਕੇ ਚੀਨ ਨਾਲ ਦੁਸ਼ਮਣੀ ਮੁੱਲ ਨਹੀਂ ਲੈਣਾ ਚਾਹੁੰਦੇ, ਜਦਕਿ ਇਹ ਸਾਰੇ ਦੇਸ਼ ਮਿਆਂਮਾਰ ਵਿੱਚ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਅੱਤਿਆਚਾਰ ਦੀ ਨਿੰਦਾ ਕਰਨ ਵਿੱਚ ਮੋਹਰੀ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਦੇਸ਼ ਚੀਨ ਦੀ ਆਰਥਕ ਸ਼ਕਤੀ ਤੇ ਪਲ਼ਟਵਾਰ ਕਾਰਵਾਈ ਤੋਂ ਡਰਦੇ ਹਨ। ਹਾਲਾਂਕਿ ਪੱਛਮੀ ਹਿੱਸੇ ਅਤੇ ਵਿਸ਼ਵ ਦੇ ਬਾਕੀ ਦੇਸ਼ਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਚੀਨ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ।
ਮੁਸਲਮਾਨ ਹਿਤੈਸ਼ੀ ਪਾਕਿਸਤਾਨ ਆਖ਼ਰ ਇਸ ਮੁੱਦੇ ’ਤੇ ਚੁੱਪ ਕਿਉਂ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਨਰਾਨ ਖ਼ਾਨ ਇੱਕ ਪਾਸੇ ਮਿਆਂਮਾਰ ਵਿੱਚ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਅੱਤਿਆਚਾਰ ਦੀ ਨਿੰਦਾ ਕਰ ਚੁੱਕੇ ਹਨ ਪਰ ਚੀਨ ਵਿੱਚ ਵੀਘਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਪ੍ਰਤੀ ਉਨ੍ਹਾਂ ਦਾ ਰਵੱਈਆ ਏਨਾ ਸਖ਼ਤ ਨਹੀਂ। ਦਰਅਸਲ ਪਾਕਿਸਤਾਨ ਤੇ ਚੀਨ ਦੀ ਦੋਸਤੀ ਜੱਗ ਜ਼ਾਹਰ ਹੈ। ਚੀਨ ਪਾਕਿਸਤਾਨ ਵਿੱਚ ਚਾਈਨਾ-ਇਕਨਾਮਿਕ ਕੌਰੀਡੌਰ ਤੇ ਹੋਰ ਕੰਮਾਂ ਦੇ ਤਹਿਤ ਅਰਬਾਂ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਚੀਨ ਦੇ ਅਰਬਾਂ ਡਾਲਰ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ।
ਤੀਜੀ ਗੱਲ ਇਹ ਹੈ ਕਿ ਪਾਕਿਸਤਾਨ ਕਸ਼ਮੀਰ ਮੁੱਦੇ ’ਤੇ ਚੀਨ ਨੂੰ ਭਾਰਤ ਦੇ ਖ਼ਿਲਾਫ਼ ਇੱਕ ਮਜ਼ਬੂਤ ਸਹਿਯੋਗੀ ਵਜੋਂ ਵੇਖਦਾ ਹੈ। ਅਜਿਹੇ ਵਿੱਚ ਪਾਕਿਸਤਾਨ ਚੀਨ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੁੰਦਾ ਤੇ ਵੀਘਰ ਮੁਸਲਮਾਨਾਂ ਦੇ ਮਾਮਲੇ ਵਿੱਚ ਚੁੱਪ ਰਹਿਣਾ ਹੀ ਠੀਕ ਸਮਝਦਾ ਹੈ।
ਕੌਣ ਹਨ ਵੀਘਰ ਮੁਸਲਮਾਨ
ਇਸਲਾਮ ਧਰਮ ਮੰਨਣ ਵਾਲੇ ਵੀਘਰ ਮੱਧ ਏਸ਼ੀਆ ਵਿੱਚ ਰਹਿਣ ਵਾਲੇ ਤੁਰਕੀ ਭਾਈਚਾਰੇ ਦੇ ਲੋਕ ਹਨ ਜਿਨ੍ਹਾਂ ਦੀ ਭਾਸ਼ਾ ਵੀਘਰ ਵੀ ਤੁਰਕ ਭਾਸ਼ਾ ਨਾਲ ਕਾਫੀ ਮਿਲਦੀ-ਜੁਲਦੀ ਹੈ। ਵੀਘਰ ਤਾਰਿਮ, ਜੰਗਾਰ ਅਤੇ ਤਰਪਾਨ ਬੇਸਿਨ ਦੇ ਕੁਝ ਹਿੱਸੇ ਵਿੱਚ ਆਬਾਦ ਹਨ। ਇਹ ਚੀਨ ਦੇ ਸਭ ਤੋਂ ਵੱਡੇ ਅਤੇ ਪੱਛਮੀ ਖੇਤਰ ਸ਼ਿਨਜਿਆਂਗ ਪ੍ਰਾਂਤ ਵਿੱਚ ਰਹਿੰਦੇ ਹਨ। ਤੁਰਕ ਮੂਲ ਦੇ ਵੀਘਰ ਮੁਸਲਮਾਨਾਂ ਦੀ ਅਬਾਦੀ ਇਸ ਖੇਤਰ ਵਿੱਚ ਇਕ ਕਰੋੜ ਤੋਂ ਉੱਪਰ ਹੈ। ਇਸ ਖੇਤਰ ਵਿੱਚ ਉਨ੍ਹਾਂ ਦੀ ਬਹੁਗਿਣਤੀ ਆਬਾਦੀ ਸੀ। ਪਰ ਜਦੋਂ ਤੋਂ ਚੀਨੀ ਭਾਈਚਾਰੇ ਹਾਨ ਦੀ ਗਿਣਤੀ ਇਸ ਖੇਤਰ ਵਿੱਚ ਵਧੀ ਅਤੇ ਫੌਜ ਤਾਇਨਾਤ ਕੀਤੀ ਗਈ, ਉਦੋਂ ਤੋਂ ਵੀਘਰਾਂ ਦੀ ਸਥਿਤੀ ਬਦਲ ਗਈ ਹੈ।
ਵੀਘਰ ਖੁਦ ਇਨ੍ਹਾਂ ਸਾਰੇ ਖੇਤਰਾਂ ਨੂੰ ਉਰਗਿਸਤਾਨ, ਪੂਰਬੀ ਤੁਰਕਿਸਤਾਨ ਅਤੇ ਕਈ ਵਾਰ ਚੀਨੀ ਤੁਰਕਿਸਤਾਨ ਦੇ ਨਾਵਾਂ ਨਾਲ ਪੁਕਾਰਦੇ ਹਨ। ਇਨ੍ਹਾਂ ਖੇਤਰਾਂ ਦੀ ਹੱਦ ਮੰਗੋਲੀਆ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਿਸਤਾਨ, ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਨਾਲ-ਨਾਲ ਚੀਨ ਦੇ ਗਾਂਸੂ ਅਤੇ ਚਿੰਗਾਈ ਪ੍ਰਾਂਤ ਅਤੇ ਤਿੱਬਤ ਖ਼ੁਦਮੁਖਤਿਆਰੀ ਖੇਤਰ ਨਾਲ ਲੱਗਦੇ ਹਨ। ਚੀਨ ਵਿੱਚ ਇਸ ਨੂੰ ਸ਼ਿਨਜਿਆਂਗ ਵੀਘਰ ਆਟੋਨੋਮਸ ਖੇਤਰ (ਐਕਸ.ਯੂ.ਏ.ਆਰ) ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਖੇਤਰ ਚੀਨ ਦੇ ਖੇਤਰਫਲ ਦਾ ਲਗਭਗ ਛੇਵਾਂ ਹਿੱਸਾ ਹੈ।
ਵੀਘਰ ਦਾ ਇਤਿਹਾਸ
ਕਰੀਬ ਦੋ ਹਜ਼ਾਰ ਸਾਲਾਂ ਤਕ ਅੱਜ ਦੇ ਸ਼ਿਨਜਿਆਂਗ ਉਈਅਰ ਆਟੋਨੋਮਸ ਖਿੱਤੇ ਵਿੱਚ ਇੱਕ ਖਾਨਾਬਦੋਸ਼ ਤੁਰਕ ਸਾਮਰਾਜ ਨੇ ਸ਼ਾਸਨ ਕੀਤਾ। ਉਨ੍ਹਾਂ ਵਿਚੋਂ ਵੀਘਰ ਖਗਨਤ ਮੁੱਖ ਹੈ, ਜਿਸ ਨੇ ਅੱਠਵੀਂ ਅਤੇ ਨੌਵੀਂ ਸਦੀ ਵਿੱਚ ਸ਼ਾਸਨ ਕੀਤਾ। ਵੀਘਰਾਂ ਨੇ ਆਪਣਾ ਵੱਖਰਾ ਸਾਮਰਾਜ ਸਥਾਪਤ ਕੀਤਾ। ਮੱਧਯੁਗੀ ਵੀਘਰ ਖਰੜੇ ਵਿੱਚ ਵੀਘਰ ਅਲੀ ਦਾ ਜ਼ਿਕਰ ਹੈ ਜਿਸ ਦਾ ਅਰਥ ਹੈ ਵੀਘਰਾਂ ਦਾ ਦੇਸ਼।
ਵੀਘਰ ਦਾ ਚੀਨੀ ਇਤਿਹਾਸ 1884 ਵਿੱਚ ਸ਼ੁਰੂ ਹੁੰਦਾ ਹੈ। ਚਿੰਗ ਰਾਜਵੰਸ਼ ਦੇ ਸਮੇਂ, ਚੀਨ ਦੀ ਮਾਂਚੂ ਸਰਕਾਰ ਦੁਆਰਾ ਇਸ ਖੇਤਰ ਉੱਤੇ ਹਮਲਾ ਕੀਤਾ ਗਿਆ ਅਤੇ ਇਸ ਦੇ ਖੇਤਰ ’ਤੇ ਆਪਣੇ ਰਾਜ ਦਾ ਦਾਅਵਾ ਕੀਤਾ। ਫਿਰ ਇਸ ਖੇਤਰ ਦਾ ਨਾਂ ਸ਼ਿਨਜਿਆਂਗ ਰੱਖਿਆ ਗਿਆ ਜਿਸ ਦਾ ਮੈਂਡਰਿਨ ਵਿੱਚ ਮਤਲਬ ਹੈ ‘ਨਵੀਂ ਸਰਹੱਦ’ ਜਾਂ ‘ਨਵਾਂ ਖੇਤਰ’। ਵੀਘਰ ਵੱਖਵਾਦੀਆਂ ਨੇ 1933 ਅਤੇ 1944 ਵਿਚ ਦੋ ਵਾਰ ਸੁਤੰਤਰ ਪੂਰਬੀ ਤੁਰਕਿਸਤਾਨ ਗਣਰਾਜ ਦਾ ਐਲਾਨ ਕੀਤਾ। ਪਰ 1949 ਵਿੱਚ ਚੀਨ ਨੇ ਇਸ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ 1955 ਵਿੱਚ ਇਸ ਦਾ ਨਾਂ ਬਦਲ ਕੇ ਸ਼ਿਨਜਿਆਂਗ ਵੀਘਰ ਖ਼ੁਦਮੁਖਤਿਆਰੀ ਖੇਤਰ ਰੱਖ ਦਿੱਤਾ।