‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਲਕਾ ਮਿੱਤਲ ਨੂੰ ਆਇਲ ਐਂਡ ਨੈਚਰਲ ਗੈਸ ਕਾਰਪੋਰੇਸ਼ਨ (ONGC) ਦਾ ਅੰਤਰਿਮ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਭਾਰਤ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਉਤਪਾਦਕ ਕੰਪਨੀ ਦੀ ਉਹ ਪਹਿਲੀ ਮੁਖੀ ਹੈ। ਉਨ੍ਹਾਂ ਨੇ 31 ਦਸੰਬਰ ਨੂੰ ਸੁਭਾਸ਼ ਕੁਮਾਰ ਦੇ ਰਿਟਾਇਰ ਹੋਣ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਹੈ।
ਭਾਰਤ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਨੇ ਪੈਟਰੋਲੀਅਮ ਮੰਤਰਾਲੇ ਦੇ ਉਸ ਪ੍ਰਸਤਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਅਲਕਾ ਮਿੱਤਲ ਨੂੰ ONGC ਦਾ ਮੁਖੀ ਅਤੇ ਨਿਰਦੇਸ਼ਕ ਨਿਯੁਕਤ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਇਹ ਅੰਤਰਿਮ ਨਿਯੁਕਤੀ ਇੱਕ 2022 ਤੋਂ ਛੇ ਮਹੀਨਿਆਂ ਤੱਕ ਜਾਂ ਰੈਗੂਲਰ ਨਿਯੁਕਤੀ ਤੱਕ ਜਾਰੀ ਰਹੇਗੀ। ਭਾਰਤ ਸਰਕਾਰ ਦਾ ਇਹ ਆਦੇਸ਼ ਸੋਮਵਾਰ ਨੂੰ ਜਾਰੀ ਕੀਤਾ ਗਿਆ ਹੈ।
ਅਲਕਾ ਮਿੱਤਲ ਭਾਰਤ ਵਿੱਚ ਕਿਸੇ ਵੀ ਤੇਲ ਅਤੇ ਗੈਸ ਉਤਪਾਦਕ ਕੰਪਨੀ ਦੀ ਮੁਖੀ ਬਣਨ ਵਾਲੀ ਪਹਿਲੀ ਔਰਤ ਹੈ। ਇਸ ਤੋਂ ਪਹਿਲਾਂ ਸਾਲ 2014 ਵਿੱਚ ਨਿਸ਼ੀ ਵਾਸੂਦੇਵ ਤੇਲ ਰਿਫਾਇਨਰੀ ਅਤੇ ਮਾਰਕਟਿੰਗ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਦੀ ਮੁਖੀ ਬਣੀ ਸੀ।