The Khalas Tv Blog Punjab ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਦਾ ਅਲਰਟ: ਇਸ ਦਿਨ ਤੱਕ ਨਹੀਂ ਨਿਕਲੇਗੀ ਧੁੱਪ
Punjab

ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਦਾ ਅਲਰਟ: ਇਸ ਦਿਨ ਤੱਕ ਨਹੀਂ ਨਿਕਲੇਗੀ ਧੁੱਪ

ਚੰਡੀਗੜ੍ਹ ਮੌਸਮ ਵਿਭਾਗ ਨੇ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਧੂੰਏਂ ਨੂੰ ਲੈ ਕੇ ਆਰੇਜ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਪੂਰਬੀ ਅਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਵਿੱਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸੰਗਰੂਰ, ਪਟਿਆਲਾ, ਮੁਹਾਲੀ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫ਼ਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਅੱਧੀ ਰਾਤ ਤੋਂ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਅੱਜ ਵੀ ਪੂਰੇ ਪੰਜਾਬ ਵਿੱਚ ਸੂਰਜ ਚੜ੍ਹਨ ਦੀਆਂ ਸੰਭਾਵਨਾਵਾਂ ਨਾਮੁਮਕਨ ਹਨ। ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ‘ਚ ਜ਼ਿਆਦਾ ਫ਼ਰਕ ਨਹੀਂ ਹੋਵੇਗਾ।

ਮੌਸਮ ਵਿਭਾਗ ਨੇ 6 ਜਨਵਰੀ ਨੂੰ ਧੁੰਦ ਦਾ ਅਲਰਟ ਐਲਾਨਿਆ ਹੈ, 7 ਜਨਵਰੀ ਤੋਂ ਬਾਅਦ ਬੱਦਲਵਾਈ ਅਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਮਾਹਿਰਾਂ ਨੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਫ਼ਰਕ ਦਾ ਕਾਰਨ ਮੀਂਹ ਦੀ ਕਮੀ ਨੂੰ ਦੱਸਿਆ ਹੈ। ਪੰਜਾਬ ਵਿੱਚ ਦਸੰਬਰ ਮਹੀਨੇ ਵਿੱਚ ਔਸਤਨ 10.7 ਐੱਮ ਐੱਮ ਮੀਂਹ ਪੈਂਦਾ ਹੈ, ਜਦੋਂ ਕਿ ਦਸੰਬਰ 2023 ਵਿੱਚ 70 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ। ਦਸੰਬਰ 2023 ਵਿੱਚ ਸਿਰਫ਼ 3.3mm ਬਾਰਸ਼ ਦਰਜ ਕੀਤੀ ਗਈ ਹੈ।

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਡਾਇਰੈਕਟਰ ਪਵਨੀਤ ਕੌਰ ਅਨੁਸਾਰ ਦਸੰਬਰ ਦੇ ਮਹੀਨੇ ਪੰਜਾਬ ਵਿੱਚ ਮੀਂਹ ਪੈਂਦਾ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਇਆ। ਖ਼ੁਸ਼ਕ ਮੌਸਮ ਕਾਰਨ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖ਼ੁਸ਼ਕ ਮੌਸਮ ਕਾਰਨ ਰਾਤ ਦਾ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ ਹੈ, ਜਦੋਂ ਕਿ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਅਤੇ ਦਿਨ ਠੰਢੇ ਪੈ ਰਹੇ ਹਨ।

ਪੰਜਾਬ ਵਿੱਚ ਦਿਨ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਾ ਕਾਰਨ ਹਰਿਆਣਾ ਅਤੇ ਹਿਮਾਚਲ ਵਿੱਚ ਵੀ ਘੱਟ ਹੋਈ ਬਾਰਸ਼ ਹੈ। ਹਿਮਾਚਲ ‘ਚ ਦਸੰਬਰ ਮਹੀਨੇ ‘ਚ 85 ਫ਼ੀਸਦੀ ਘੱਟ ਬਾਰਸ਼ ਹੋਈ ਹੈ। ਇੱਥੇ ਔਸਤਨ 38.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਪਿਛਲੇ ਦਸੰਬਰ ਮਹੀਨੇ ਵਿੱਚ ਸਿਰਫ਼ 5.8 ਮਿਲੀਮੀਟਰ ਮੀਂਹ ਪਿਆ ਸੀ। ਜਦੋਂ ਕਿ ਹਰਿਆਣਾ ਵਿੱਚ 54 ਫ਼ੀਸਦੀ ਘੱਟ ਬਾਰਸ਼ ਹੋਈ ਹੈ।

ਪਹਾੜਾਂ ਤੋਂ ਆ ਰਹੀਆਂ ਖ਼ੁਸ਼ਕ ਠੰਢੀਆਂ ਹਵਾਵਾਂ ਕਾਰਨ ਪੰਜਾਬ ‘ਚ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਜੇਕਰ 9 ਜਨਵਰੀ ਨੂੰ ਚੰਗੀ ਬਾਰਸ਼ ਹੁੰਦੀ ਹੈ ਤਾਂ ਇਸ ਤੋਂ ਬਾਅਦ ਧੁੱਪ ਨਿਕਲੇਗੀ ਅਤੇ ਜਨਵਰੀ ਮੁਤਾਬਕ ਮੌਸਮ ਆਮ ਵਾਂਗ ਰਹੇਗਾ।

ਸੀਤ ਲਹਿਰ ਦਾ ਅਸਰ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ ਵਿੱਚ ਮੀਂਹ ਨਾ ਪੈਣ ਕਾਰਨ ਜਨਵਰੀ ਦੀ ਸ਼ੁਰੂਆਤ ਵੀ ਧੁੰਦ ਨਾਲ ਹੋ ਗਈ ਹੈ।

Exit mobile version