ਚੰਡੀਗੜ੍ਹ : ਕੱਲ੍ਹ ਯਾਨੀ 28 ਜੁਲਾਈ ਨੂੰ ਪੰਜਾਬ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਹੋਇਆ ਹੈ। ਇਸ ਦੇ ਨਾਲ ਹੀ ਅਗਲੇ ਤਿੰਨ ਦਿਨ ਵੀ ਗਰਜ ਚਮਕ ਨਾਲ ਮੀਂਹ ਪੈਣ ਦਾ ਯੈਲੋ ਅਲਰਟ ਹੈ।
ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ 28 ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਵਿਖੇ ਗਰਜ ਚਮਕ ਨਾਲ ਭਾਰੀ ਮੀਂਹ ਪਵੇਗਾ। ਜਦਕਿ ਪੱਛਮੀ ਮਾਲਵਾ ਵਿਖੇ ਗਰਜ ਚਮਕ ਨਾਲ ਮੀਂਹ ਰਹੇਗਾ। 29 ਜੁਲਾਈ ਨੂੰ ਪੂਰੇ ਸੂਬੇ ਵਿੱਚ ਹੀ ਗਰਜ ਚਮਕ ਨਾਲ ਮੀਂਹ ਪੈਣ ਦਾ ਯੈਲੋ ਅਲਰਟ ਹੈ। ਇਸਦੇ ਨਾਲ ਹੀ 30 ਅਤੇ 31 ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਵਿਖੇ ਗਰਜ ਚਮਕ ਨਾਲ ਮੀਂਹ ਅਤੇ ਇਨ੍ਹਾਂ ਦੋ ਦਿਨਾਂ ਦੌਰਾਨ ਪੱਛਮੀ ਮਾਲਵਾ ਵਿਖੇ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਕੱਲ੍ਹ ਸਭ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿਖੇ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਅੰਮ੍ਰਿਤਸਰ ਵਿਖੇ ਸਭ ਤੋਂ ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸੂਬੇ ਵਿੱਚ ਅਗਲੇ 05 ਦਿਨਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਹਨੇਰੀ ਅਤੇ ਅਸਮਾਨ ਵਿੱਚ ਬਿਜਲੀ ਕੜਕਣ ਦਾ ਮੌਸਮ ਬਣਿਆ ਰਹੇਗਾ। ਅਗਲੇ 07 ਦਿਨਾਂ ਦੌਰਾਨ ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।